ਆਪ ‘ਚ ਬਗਾਵਤ ਦਾ ਝੱਖੜ

Storm, Rebellion, AAP

ਦਿੱਲੀ ਤੋਂ ਬਾਦ ਸਿਰਫ਼ ਪੰਜਾਬ ਅੰਦਰ ਹੀ ਆਪਣੀ ਜ਼ਮੀਨ ਬਣਾਉਣ ਵਾਲੀ ਆਮ ਆਦਮੀ ਪਾਰਟੀ ਇਸ ਸੂਬੇ ‘ਚ ਵੀ ਬੁਰੀ ਤਰ੍ਹਾਂ ਖਿੰਡ ਗਈ ਹੈ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਇੱਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਵੀਂ ਪਾਰਟੀ ਬਣਾ ਲਈ ਹੈ ਕੁਝ ਹੋਰ ਵਿਧਾਇਕ ਪਾਰਟੀ ਤੋਂ ਬਗਾਵਤ ਕਰ ਚੁੱਕੇ ਹਨ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਤਾਂ 100 ਸਾਲ ਪੁਰਾਣੀਆਂ ਪਾਰਟੀਆਂ ਦੇ ਆਗੂ ਵੀ ਬਦਲ ਵੀ ਜਾਂਦੇ ਹਨ ਤੇ 5-10 ਪੁਰਾਣੀ ਪਾਰਟੀ ਲਈ ਤਾਂ ਹਾਲਾਤ ਹੋਰ ਵੀ ਔਖੀ ਹੋਣੀ ਸੁਭਾਵਿਕ ਹੈ ਪਰ ਇੱਥੇ ਗਲਤੀਆਂ ਸਿਰਫ਼ ਬਾਗੀ ਆਗੂਆਂ ਦੀ ਹੀ ਨਹੀਂ ਸਗੋਂ ਪਾਰਟੀ ਦੇ ਸੀਨੀਅਰ ਲੀਡਰ ਵੀ ਬਰਾਬਰ ਜਿੰਮੇਵਾਰ ਹਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਰਾਜਨੀਤੀ ‘ਚ ਨਵੇਂ ਹਨ ਤੇ ਉਹ ਸਿਆਸੀ ਸੱਭਿਆਚਾਰ ਨੂੰ ਅਜੇ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਤੇ ਨਾ ਹੀ ਵਿਚਾਰਧਾਰਾ ‘ਚ ਪਾਕਿਆਈ ਲਿਆ ਸਕੇ ਲੋਕਤੰਤਰ ਪਾਰਟੀ ਦੇ ਬਾਹਰ ਤੇ ਅੰਦਰ ਦੋਵੇਂ ਥਾਈਂ ਹੋਣਾ ਜ਼ਰੂਰੀ ਹੈ ।

ਵੱਡੇ ਆਗੂਆਂ ਨੇ ਪਾਰਟੀ ‘ਚ ਲੋਕਤੰਤਰ ਦਾ ਕਲਚਰ  ਕਮਜੋਰ ਕਰਕੇ ਵਿਧਾਇਕਾਂ ਨਾਲ ਨਰਾਜ਼ਗੀ ਵਧਾ ਲਈ ਦੂਜੇ ਪਾਸੇ  ਨਸ਼ਾ ਤਸਕਰੀ ਮਾਮਲੇ ‘ਚ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣੀ ਵੀ ਪੰਜਾਬ ਦੇ ਆਪ ਆਗੂਆਂ ਨੂੰ ਹਜ਼ਮ ਨਹੀਂ ਹੋਈ ਪਾਰਟੀ ਪੰਜਾਬ ਲਈ ਕੋਈ ਨਵਾਂ ਤੇ ਕਲਿਆਣਕਾਰੀ ਸਿਆਸੀ ਮਾਡਲ ਪੇਸ਼ ਕਰਨ ‘ਚ ਕਾਮਯਾਬ ਨਹੀਂ ਹੋ ਸਕੀ ਕੇਜਰੀਵਾਲ ਸਮੇਤ ਆਪ ਦੇ ਹੋਰ ਆਗੂ ਸਿਰਫ਼ ਅਕਾਲੀਆਂ ਤੇ ਕਾਂਗਰਸੀਆਂ ਨੂੰ ਸਬਕ ਸਿਖਾਊ ਸ਼ਬਦਾਂਵਲੀ ਵਰਤਣ ‘ਤੇ ਜ਼ੋਰ ਦੇ ਦੁਸ਼ਣਬਾਜ਼ੀ ‘ਚ ਉਲਝੇ ਰਹੇ ਆਪ ਨੇ ਪੰਜਾਬ ਦੇ ਮਸਲਿਆਂ ਨੂੰ ਉਠਾਇਆ ਜ਼ਰੂਰ ਹੈ ਪਰ ਨਿਭਾਇਆ ਨਹੀਂ ਹੈ ਬਹੁਤੇ ਮਾਮਲਿਆਂ ‘ਚ ਪਾਰਟੀ ਜਨਤਕ ਮਸਲਿਆਂ ਨੂੰ ਉਠਾ ਕੇ ਮੀਡੀਆ ‘ਚ ਚਰਚਾ ਤਾਂ ਹਾਸਲ ਕਰਦੀ ਰਹੀ ਪਰ ਜਨਹਿਤ ‘ਚ ਮਸਲੇ ਨੂੰ ਸਿਰੇ ਲਾਉਣ ਜਾਂ ਲੰਮੇ ਸਮੇਂ ਲਈ ਲੜਨ ਦੀ ਹਿੰਮਤ ਨਹੀਂ ਕਰ ਸਕੀ ਮੁਲਾਜ਼ਮ, ਕਿਸਾਨ-ਮਜ਼ਦੂਰ ਜਥੇਬੰਦੀਆਂ ਆਪਣੇ ਹੱਕਾਂ ਦੀ ਲੜਾਈ ਆਪ ਲੜ ਰਹੀਆਂ ਹਨ ਕਈ ਧਰਨਿਆਂ ‘ਚ ਆਪ ਆਗੂਆਂ ਨੇ ਸਬੰਧਤ ਸੰਗਠਨਾਂ ਦੀ ਹਮਾਇਤ ਪਰ ਧਰਨੇ ‘ਚ ਉਹਨਾਂ ਨੂੰ ਬੋਲਣ ਲਈ ਮਾਈਕ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਸੰਘਰਸ਼ਸ਼ੀਲ ਧਿਰਾਂ ਲਈ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਂਗ ਹੀ ਉੱਭਰੀ ਹੈ।

ਦਰਅਸਲ ਕੇਜਰੀਵਾਲ ਸੁਧਾਰ ਦੇ ਜਿਹੜੇ ਆਦਰਸ਼ ਲੈ ਕੇ ਰਾਜਨੀਤੀ ‘ਚ ਉੱਤਰੇ ਹਨ ਉਹ ਦਿੱਲੀ ‘ਚ ਸਰਕਾਰ ਬਣਨ ਤੋਂ ਬਾਦ ਨਜ਼ਰ ਨਹੀਂ ਆਏ ਆਪਣੇ ਮੁੱਖ ਮੰਤਰੀ ਦੇ ਪਹਿਲੇ ਕਾਰਜਕਾਲ ‘ਚ ਕੇਜਰੀਵਾਲ ਨੇ ਸਰਕਾਰੀ ਗੱਡੀ ਤੇ ਸਰਕਾਰੀ ਬੰਗਲਾ ਲੈਣ ਤੋਂ ਨਾਂਹ ਕਰਕੇ ਖਜ਼ਾਨੇ ਨੂੰ ਬਚਾਉਣ ਦਾ ਦਾਅਵਾ ਕੀਤਾ ਪਰ ਮਗਰੋਂ ਮੰਤਰੀ ਬਣਨ ਤੋਂ ਰਹਿ ਗਏ ਸਾਰੇ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਬਣਾ ਕੇ ਖਜ਼ਾਨੇ ‘ਤੇ ਭਾਰੀ ਬੋਝ ਪਾ ਦਿੱਤਾ ਇਸੇ ਤਰ੍ਹਾਂ ਕੁਝ ਵੱਖਵਾਦੀਆਂ ਦੀ ਹਮਾਇਤ ਲੈਣ ਦੇ ਦੋਸ਼ਾਂ ਨਾਲ ਵੀ ਪਾਰਟੀ ਦੀ ਸਾਖ ਨੂੰ ਧੱਕਾ ਲੱਗਾ  ਜੇਕਰ ਕੇਜਰੀਵਾਲ ਪਾਰਟੀ ਦਾ ਖੁੱਸਿਆ, ਆਧਾਰ ਮੁੜ ਹਾਸਲ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪਾਰਟੀ ਨੂੰ ਲੋਕਤੰਤਰੀ ਰਵਾਇਤਾਂ ‘ਚ ਢਾਲਣਾ ਪਵੇਗਾ ਪਾਰਟੀ ‘ਤੇ ਕਿਸੇ ਇੱਕ ਦੋ ਆਗੂਆਂ ਨੂੰ ਮਰਜੀ ਥੋਪਣ ਦੀ ਬਜਾਇ ਬਹੁਸੰਮਤੀ ਦੀ ਰਾਏ ਨੂੰ ਵੀ ਲਾਗੂ ਕਰਨ ਦੀ ਪਰੰਪਰਾ ਸਥਾਪਤ ਕਰਨ ਦੀ ਜ਼ਰੂਰਤ ਹੈ ਸੀਨੀਅਰ ਆਗੂਆਂ ਵੱਲੋਂ ਪੰਜਾਬ ਵਿਚਲੀ ਬਗਾਵਤ ਲਈ ਕਾਂਗਰਸ ਜਾਂ ਅਕਾਲੀ ਭਾਜਪਾ ‘ਤੇ ਕੋਈ ਦੋਸ਼ ਨਾ ਲਾਉਣੇ ਆਪਣੇ ਆਪ ‘ਚ ਇਸ ਗੱਲ ਦਾ ਸਬੂਤ ਹੈ ਕਿ ਬਗਾਵਤ ਪਾਰਟੀ ਅੰਦਰੂਨੀ ਕਮੀਆਂ ਦਾ ਨਤੀਜਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here