ਮੁਫਤ ’ਚ ਦਿੱਤੀਆਂ ਸਹੂਲਤਾਂ ਦੀ ਤਰਕ ਅਧਾਰਿਤ ਹੋਵੇ ਸਮੀਖਿਆ

Features Based free Reviews

ਮੁਫਤ ’ਚ ਦਿੱਤੀਆਂ ਸਹੂਲਤਾਂ ਦੀ ਤਰਕ ਅਧਾਰਿਤ ਹੋਵੇ ਸਮੀਖਿਆ

ਪੰਜਾਬ ਦੀ ਸੱਤਾ ‘ਤੇ ਬਿਰਾਜਮਾਨੀ ਲਈ ਲਲਚਾਈਆਂ ਰਾਜਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਮੁਫਤ (Features Based free Reviews) ਸਹੂਲਤਾਂ ਪ੍ਰਦਾਨ ਕਰਨ ਦੀ ਪਿਰਤ ਸਭ ਹੱਦਾਂ ਬੰਨੇ ਪਾਰ ਕਰਦੀ ਜਾ ਰਹੀ ਹੈ।ਲੋਕਾਂ ਦੀ ਬਦਲੀ ਮਾਨਸਿਕਤਾ ਅਨੁਸਾਰ ਮੁਫਤ ਸਹੂਲਤਾਂ ਦਾ ਵਾਅਦਾ ਸੱਤਾ ਸੁੱਖ ਤੱਕ ਪਹੁੰਚਣ ਲਈ ਰਾਜਸੀ ਪਾਰਟੀਆਂ ਲਈ ਰਾਮਬਾਣ ਸਿੱਧ ਹੋ ਰਿਹਾ ਹੈ।ਚੋਣਾਂ ਦੌਰਾਨ ਰਾਜਸੀ ਪਾਰਟੀਆਂ ਇੱਕ ਦੂਜੇ ਤੋਂ ਵਧ ਕੇ ਤਰਕਹੀਣ ਮੁਫਤ ਸਹੂਲਤਾਂ ਦੇਣ ਦੇੇ ਵਾਅਦੇ ਕਰਦੀਆਂ ਹਨ। ਅਸਲ ਵਿੱਚ ਹੁਣ ਰਾਜਸੀ ਪਾਰਟੀਆਂ ਚੋਣ ਮਨੋਰਥ ਪੱਤਰ ਨਹੀਂ ਜਾਰੀ ਕਰਦੀਆਂ ਸਗੋਂ ਵੋਟਰਾਂ ਨੂੰ ਭਰਮਾਉਣ ਲਈ ਲਾਲਚਾ ਪੱਤਰ ਹੀ ਜਾਰੀ ਕਰਦੀਆਂ ਹਨ।ਇਹ ਲਾਲਚਾ ਪੱਤਰ ਜਾਰੀ ਕਰਨ ਦੇ ਮਾਮਲੇ ‘ਚ ਸਾਰੀਆਂ ਹੀ ਰਾਜਸੀ ਪਾਰਟੀਆਂ ਬਰਾਬਰ ਦੀਆਂ ਭਾਗੀਦਾਰ ਹਨ।ਜਿਹੜੀਆਂ ਰਾਜਸੀ ਪਾਰਟੀਆਂ ਇਸ ਦੌੜ ਵਿੱਚ ਪਛੜ ਜਾਂਦੀਆਂ ਹਨ ਉਹ ਸੱਤਾ ਸਿੰਘਾਸਣ ਪ੍ਰਾਪਤੀ ਦੀ ਦੌੜ ‘ਚ ਵੀ ਬਹੁਤ ਜਿਆਦਾ ਪਛੜ ਜਾਂਦੀਆਂ ਹਨ।

ਮੁਫਤ ਸਹੂਲਤਾਂ ਪ੍ਰਦਾਨ ਕਰਨ ਦਾ ਆਪਣਾ ਇੱਕ ਇਤਿਹਾਸ ਬਣਦਾ ਜਾ ਰਿਹਾ ਹੈ।ਰਾਜਸੀ ਪਾਰਟੀਆਂ ਵੱਲੋਂ ਬਾਰੀਕੀ ਨਾਲ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਵੋਟਾਂ ਬਾਰੇ ਬਾਰੀਕੀ ਨਾਲ ਛਾਣਬੀਣ ਕਰਦਿਆਂ ਤਮਾਮ ਵਰਗਾਂ ਦੇ ਵੋਟਰਾਂ ਨੂੰ ਤਮਾਮ ਤਰ੍ਹਾਂ ਦੀਆਂ ਮੁਫਤ ਸਹੂਲਤਾਂ ਨਾਲ ਭਰਮਾਉਣ ਲਈ ਉਪਰਾਲੇ ਸ਼ੁਰੂ ਕੀਤੇ ਜਾਂਦੇ ਹਨ।ਕੋਈ ਨੌਜਵਾਨਾਂ ਨੂੰ ਮੁਫਤ ਮੋਬਾਈਲ਼ ਦੇਣ ਦੀ ਗੱਲ ਕਹਿੰਦਾ ਹੈ।ਇੱਕ ਮੁਫਤ ਕਣਕ ਦੇਣ ਦੀ ਗੱਲ ਕਰਦਾ ਹੈ ਤਾਂ ਦੂਜਾ ਮੁਫਤ ਘਿਉ,ਦਾਲਾਂ ਅਤੇ ਆਟਾ ਦੇਣ ਦਾ ਦਮਗੱਜਾ ਮਾਰਦਾ ਹੈ।ਸੱਤਾ ਦੇ ਲਾਲਚ ਦੀ ਹੱਦ ਵੇਖੋ ਘਾਟੇ ਨਾਲ ਜੂਝਦੀ ਪੰਜਾਬ ਰੋਡਵੇਜ਼ ਨੂੰ ਔਰਤ ਸਵਾਰੀਆਂ ਨੂੰ ਮੁਫਤ ਸਫਰ ਕਰਵਾਉਣ ਦਾ ਫੁਰਮਾਨ ਚਾੜ੍ਹ ਦਿੱਤਾ।ਖੇਤੀ ਟਿਊਬਵੈੱਲਾਂ ਲਈ ਮੁਫਤ ਬਿਜਲੀ ਪ੍ਰਦਾਨ ਤੋਂ ਬਾਅਦ ਰਾਜਸੀ ਪਾਰਟੀਆਂ ਵੱਲੋਂ ਅਨੁਸੂਚਿਤ ਜਾਤੀ ਅਤੇ ਹੋਰ ਕਈ ਵਰਗਾਂ ਲਈ ਘਰੇਲੂ ਬਿਜਲੀ ਦੇ ਯੁਨਿਟ ਮੁਆਫ ਕਰਨ ਵੱਲ ਕਦਮ ਵਧਾਏ ਗਏ ਉਪਰੰਤ ਮੌਜ਼ੂਦਾ ਸਰਕਾਰ ਦੇ ਸਮੇਂ ਸਭ ਵਰਗਾਂ ਦੇ ਘਰੇਲੂ ਖਪਤਕਾਰਾਂ ਨੂੰ ਛੇ ਸੌ ਯੁਨਿਟ ਬਿਜਲੀ ਮੁਆਫੀ ਦੀ ਗੱਲ ਸਾਹਮਣੇ ਆਈ ਹੈ।

ਮੁਫਤ ਸਹੂਲਤਾਂ ਦੀ ਕਹਾਣੀ ਇੱਥੇ ਹੀ ਖਤਮ ਹੋਣ ਵਾਲੀ ਨਹੀਂ।ਜਾਂਦਿਆਂ ਜਾਂਦਿਆਂ ਸਰਕਾਰ ਨੇ ਸ਼ਹਿਰੀ ਵੋਟਰਾਂ ‘ਤੇ ਡੋਰੇ ਪਾਉਣ ਦੀ ਮਨਸ਼ਾ ਨਾਲ ਪਾਣੀ ਅਤੇ ਸੀਵਰੇਜ ਦੇ ਬਕਾਇਆ ਬਿੱਲਾਂ ‘ਤੇ ਹਰਾ ਪੈੱਨ ਚਲਾਉਣ ਦੇ ਨਾਲ ਨਾਲ ਨਿਗੁਣੇ ਨਵੇਂ ਰੇਟ ਨਿਰਧਾਰਤ ਕਰ ਮਾਰੇ।ਕਈ ਰਾਜਸੀ ਪਾਰਟੀਆਂ ਨੇ ਕੱਛ ‘ਚੋਂ ਹੋਰ ਈ ਮੂੰਗਲਾ ਕੱਢ ਮਾਰਿਆ ਕਹਿੰਦੇ ਅਠਾਰਾਂ ਵਰ੍ਹਿਆਂ ਤੋਂ ਉੱਪਰ ਦੀਆਂ ਸਭ ਔਰਤਾਂ ਨੂੰ ਬਿਨਾਂ ਕੁੱਝ ਕੀਤੇ ਹਜ਼ਾਰ ਹਜ਼ਾਰ ਰੁਪਇਆ ਖਾਤੇ ‘ਚ ਪਾਇਆ ਜਾਵੇਗਾ।

ਕੰਮ ਕਰਨ ਦੀ ਤਾਂ ਜਿਵੇਂ ਪੰਜਾਬੀਆਂ ਨੂੰ ਜਰੂਰਤ ਹੀ ਕੋਈ ਨਾ ਰਹੀ ਹੋਵੇ।ਬੱਸ ਰਾਜਸੀ ਪਾਰਟੀਆਂ ਦੇ ਸਿਰ ‘ਤੇ ਰਾਜ਼ ਕਰੋ।ਖਾਣ ਪੀਣ ਲਈ ਕਣਕ,ਆਟਾ ਅਤੇ ਦਾਲਾਂ ਮੁਫਤ ।ਘਰ ਰੁੁਸ਼ਨਾਉਣ ਅਤੇ ਖੇਤ ਸਿੰਜਣ ਲਈ ਬਿਜਲੀ ਮੁਫਤ।ਸਫਰ ਕਰਨ ਲਈ ਸਰਕਾਰੀ ਬੱਸਾਂ ਦੀ ਸਵਾਰੀ ਮੁਫਤ।ਮਾੜੇ ਮੋਟੇ ਖਰਚਿਆਂ ਲਈ ਹਜ਼ਾਰ ਹਜ਼ਾਰ ਰੁਪਈਆ ਬਾਲਗ ਔਰਤਾਂ ਦੇ ਖਾਤਿਆਂ ‘ਚ।ਸਰਕਾਰਾਂ ਜਿਵੇਂ ਮੁਫਤ ਸਹੂਲਤਾਂ ਦੇ ਕੇ ਲੋਕਾਂ ਨੂੰ ਵਿਹਲੜ ਅਤੇ ਨਿਕੰਮੇ ਬਣਾਉਣ ਦਾ ਵਿਸ਼ਵ ਰਿਕਾਰਡ ਸਿਰਜ ਰਹੀਆਂ ਹੋਣ।

ਸਾਡੇ ਲੋਕਾਂ ਦਾ ਆਲਮ ਵੇਖੋ ਇਹਨਾਂ ਮੁਫਤ ਸਹੂਲਤਾਂ ਦੀ ਪ੍ਰਾਪਤੀ ਲਈ ਜਿੱਥੇ ਤਰਲੋਮੱਛੀ ਹੋ ਰਹੇ ਹਨ ਉੱਥੇ ਹੀ ਮੁਫਤ ਸਹੂਲਤਾਂ ਪ੍ਰਦਾਨ ਕਰਨ ਵਾਲਿਆਂ ਦਾ ਗੁਣਗਾਨ ਵੀ ਕਰ ਰਹੇ ਹਨ।ਜਿਵੇਂ ਸਭ ਦਾ ਹੀ ਹਾਲ ਖਾਧਾ ਪੀਤੇ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਵਾਲਾ ਹੋ ਗਿਆ ਹੋਵੇ।ਮੁਫਤ ਸਹੂਲਤਾਂ ਪ੍ਰਦਾਨ ਕਰਕੇ ਰਾਜਸੀ ਪਾਰਟੀਆਂ ਸੱਤਾ ‘ਤੇ ਬਿਰਾਜਮਾਨ ਹੋ ਕੇ ਖੁਸ਼ ਹਨ ਅਤੇ ਲੋਕ ਮੁਫਤ ਦਾ ਖਾ ਕੇ ਖੁਸ਼ ਹੋ ਰਹੇ ਹਨ।ਪੰਜਾਬ ਦੀ ਆਰਥਿਕ ਸਥਿਤੀ ਬਾਰੇ ਸੋਚਣ ਦਾ ਕਿਸੇ ਕੋਲ ਸਮਾਂ ਕਿੱਥੇ? ਮੁਫਤ ਸਹੂਲਤਾਂ ਪ੍ਰਦਾਨ ਕਰਨ ਪਿੱਛੇ ਕੋਈ ਤਰਕ ਦਿੰਦਾ ਨਹੀਂ ਅਤੇ ਕੋਈ ਤਰਕ ਮੰਗਦਾ ਨਹੀਂ।ਬੱਸ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋਈ ਪਈ ਆ।

ਕਿਸੇ ਨੂੰ ਮੁਫਤ ਸਹੂਲਤਾਂ ਦੇ ਅਰਥ ਨਹੀਂ ਪਤਾ ਕਿਸੇ ਨੂੰ ਇਹਨਾਂ ਦੇ ਨਿਕਲਣ ਵਾਲੇ ਨਤੀਜਿਆਂ ਦੀ ਫਿਕਰ ਨਹੀਂ।ਸੂਬਾ ਆਰਥਿਕ ਪੱਖੋਂ ਕੱਲ ਨੂੰ ਮਰਦਾ ਹੈ ਤਾਂ ਅੱਜ ਮਰ ਜਾਵੇ।ਇੱਕ ਨੂੰ ਸੱਤਾ ਚਾਹੀਦੀ ਆ ਦੂਜੇ ਨੂੰ ਮੁਫਤ ਖਾਣ ਪੀਣ।ਮੁਫਤ ਸਹੂਲਤਾਂ ਕਰਨ ਵਾਲੇ ਸਰਕਾਰੀ ਅਦਾਰਿਆਂ ਦੀਆਂ ਨਿੱਕਲ ਰਹੀਆਂ ਚੀਕਾਂ ਤਾਂ ਜਿਵੇਂ ਕਿਸ ਨੂੰ ਸੁਣ ਹੀ ਨਾ ਰਹੀਆਂ ਹੋਣ। ਮੁਫਤ ਬਿਜਲੀ ਪ੍ਰਦਾਨ ਕਰਦਾ ਕਰਦਾ ਬਿਜਲੀ ਅਦਾਰਾ ਮੁੱਲ ਦੀ ਬਿਜਲੀ ਦੇਣ ਤੋਂ ਵੀ ਅਸਮਰਥ ਹੋਣ ਵਰਗਾ ਹੋ ਗਿਆ ਹੈ।ਔਰਤਾਂ ਨੂੰ ਮੁਫਤ ਝੂਟੇ ਦਿੰਦਿਆਂ ਸਰਕਾਰੀ ਲਾਰੀਆਂ ਲਈ ਡੀਜ਼ਲ ਦੀ ਦਿੱਕਤ ਬੂਹਾ ਖੜਕਾਉਣ ਨੂੰ ਤਿਆਰ ਹੈ।ਪਾਣੀ ਅਤੇ ਸੀਵਰੇਜ ਸਮੇਤ ਮੁਫਤ ਸਹੂਲਤਾਂ ਪ੍ਰਦਾਨ ਕਰਦੇ ਤਮਾਮ ਹੋਰ ਅਦਾਰੇ ਚੀਕਾਂ ਪਏ ਮਾਰਦੇ ਹਨ।ਪਰ ਕੋਈ ਸੁਣੇ ਵੀ ਤਾਂ ਸਹੀ। ਗੀਤ ਕਦੇ ਕੱਲੀ ਬਹਿ ਕੇ ਸੋਚੀਂ ਨੀ ਵਾਂਗ ਕਦੇ ਕੱਲੇ ਬਹਿਕੇ ਸੋਚਿਓ ਕਿ ਕੀ ਸਾਡੇ ਸਰਕਾਰੀ ਅਦਾਰੇ ਸੱਚਮੁੱਚ ਹੀ ਮੁਫਤ ਸਹੂਲਤਾਂ ਦੇਣ ਦੇ ਸਮਰੱਥ ਹਨ ਵੀ ਜਾਂ ਨਹੀਂ।

ਜਾਂ ਫਿਰ ਸੱਤਾ ਲਈ ਲਲਚਾਈਆਂ ਰਾਜਸੀ ਪਾਰਟੀਆਂ ਵੱਲੋਂ ਦਬਕੇ ਮਾਰ ਕੇ ਅਧਿਕਾਰੀਆਂ ਤੋਂ ਮੁਫਤ ਸਹੂਲਤਾਂ ਦੀਆਂ ਫਾਈਲਾਂ ਪਾਸ ਕਰਵਾ ਲਈਆਂ ਜਾਂਦੀਆਂ ਹਨ।ਪਹਿਲਾਂ ਤੋਂ ਹੀ ਘਾਟੇ ਨਾਲ ਜੂਝਦੇ ਅਦਾਰਿਆਂ ਵੱਲੋਂ ਮੁਫਤ ਸਹੂਲਤਾਂ ਪ੍ਰਦਾਨ ਕਰਨ ਦੀ ਹਕੀਕਤ ਨੂੰ ਸਮਝਣ ਦੀ ਸਮਰੱਥਾ ਰਾਜਸੀ ਆਗੂ ਤਾਂ ਕੀ ਸਾਡੇ ਆਮ ਲੋਕ ਵੀ ਰਖਦੇ ਹਨ।ਪਰ ਸਭ ਦਾ ਮਚਲਾਪਣ ਅਜਿਹੀ ਹਕੀਕਤ ਨੂੰ ਸਮਝਣ ਤੋਂ ਅਸਮਰਥ ਬਣਾ ਰਿਹਾ ਹੈ।ਕਿਸੇ ਸਰਕਾਰੀ ਅਦਾਰੇ ਵੱਲੋਂ ਮੁਫਤ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਅਦਾਰੇ ਦੇ ਮੁਨਾਫੇ ਵਿਚ ਜਾਣ ਤੋਂ ਬਾਅਦ ਹੀ ਤਰਕ ਯੁਕਤ ਹੋ ਸਕਦੀ ਹੈ।ਅਦਾਰਾ ਮੁਨਾਫੇ ਵਿੱਚੋਂ ਖਪਤਕਾਰਾਂ ਨੂੰ ਰਾਹਤ ਦੇਵੇ ਤਾਂ ਗੱਲ ਸਮਝ ਆਉਂਦੀ ਹੈ ਪਰ ਪਹਿਲਾਂ ਹੀ ਕਰਜ਼ਈ ਅਦਾਰਾ ਖਪਤਕਾਰਾਂ ਨੂੰ ਮੁਫਤ ਸਹੂਲਤ ਪ੍ਰਦਾਨ ਕਰੇ ਤਾਂ ਗੱਲ ਹਾਸੋਹੀਣੀ ਹੈ।

ਆਰਥਿਕ ਕਮਜੋਰੀ ਨਾਲ ਜੂਝਦੇ ਸਰਕਾਰੀ ਅਦਾਰਿਆਂ ਤੋਂ ਮੁਫਤ ਸਹੂਲਤਾਂ ਲੈਣ ਦੀ ਖੁਸ਼ੀ ਸਾਡੇ ਲਈ ਥੋੜੇ ਸਮੇਂ ਦੀ ਖੁਸ਼ੀ ਦੇਣ ਵਾਲੀ ਹੀ ਹੈ।ਆਰਥਿਕ ਕਮਜੋਰੀ ਨਾਲ ਜੂਝਦੇ ਮੁਫਤ ਸਹੂਲਤਾਂ ਪ੍ਰਦਾਨ ਕਰਦੇ ਸਰਕਾਰੀ ਅਦਾਰੇ ਇੱਕ ਦਿਨ ਮੁੱਲ ਦੀਆਂ ਸਹੂਲਤਾਂ ਦੇਣ ਦੇ ਵੀ ਸਮਰੱਥ ਨਹੀਂ ਰਹਿਣਗੇ ਦੀ ਹਕੀਕਤ ਸਾਨੂੰ ਸਭ ਨੂੰ ਸਮਾਂ ਰਹਿੰਦੇ ਸਮਝਣ ਦੀ ਜਰੂਰਤ ਹੈ।ਰਾਜਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਸੱਤਾ ਪ੍ਰਾਪਤੀ ਲਈ ਸੂਬੇ ਦੀ ਆਰਥਿਕਤਾ ਲਈ ਮਾਰੂ ਵਾਅਦੇ ਨਾ ਕੀਤੇ ਜਾਣ।ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਸਾਰਾ ਕੁੱਝ ਜਾਣਦਿਆਂ ਵੀ ਅਣਜਾਣ ਨਾ ਬਣਿਆ ਜਾਵੇ।ਰਾਜਸੀ ਪਾਰਟੀਆਂ ਵੱਲੋਂ ਮੁਫਤ ਸਹੂਲਤਾਂ ਦੇਣ ਤੋਂ ਅਸਮਰਥ ਅਦਾਰਿਆਂ ਤੋਂ ਮੁਫਤ ਸਹੂਲਤਾਂ ਦੇਣ ਦੇ ਵਾਅਦੇ ਦਾ ਤਰਕ ਵੀ ਜਰੂਰ ਮੰਗਿਆ ਜਾਵੇ।ਮੁਫਤ ਸਹੂਲਤਾਂ ਪ੍ਰਦਾਨ ਕਰਨ ਨੂੰ ਰਾਜਸੀ ਪਾਰਟੀਆਂ ਦੀ ਪਰਖ ਦਾ ਆਧਾਰ ਨਾ ਬਣਾ ਕੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਗੰਭੀਰਤਾ ਭਰਪੂਰ ਸੋਚ ਨੂੰ ਰਾਜਸੀ ਪਾਰਟੀਆਂ ਦੀ ਪਰਖ ਦਾ ਆਧਾਰ ਬਣਾਉਂਦਿਆਂ ਪਹਿਲਾਂ ਸੂਬੇ ਦੀ ਆਰਥਿਕਤਾ ਨੂੰ ਮੁਫਤ ਸਹੂਲਤਾਂ ਪ੍ਰਦਾਨ ਕਰਨ ਦੇ ਸਮਰੱਥ ਬਣਾਉਣ ਵੱਲ੍ਹ ਵਧਣਾ ਸਮੇਂ ਦੀ ਮੁੱਖ ਜਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ