ਵਿਅਕਤੀ ਵੱਲੋਂ ਗੋਲੀ ਮਾਰ ਕੇ ਗਊ ਮਾਤਾ ਦਾ ਕਤਲ

Cow

 ਪੁਲਿਸ ਨੇ ਮੁਲਜ਼ਮ ਕੀਤਾ ਰਾਊਂਡ ਅੱਪ, ਮਾਮਲੇ ਦੀ ਜਾਂਚ ਜਾਰੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਵਿਖੇ ਬਖਸ਼ੀਵਾਲਾ ਥਾਣੇ ਅਧੀਨ ਆਉਂਦੇ ਭਾਦਸੋਂ ਰੋਡ ਵਿਖੇ ਇੱਕ ਵਿਅਕਤੀ ਵੱਲੋਂ ਗਊ (Cow) ਦੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਕਿ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੂੰ ਗਊ ਵੱਲੋਂ ਟੱਕਰ ਮਾਰ ਦਿੱਤੀ ਗਈ ਸੀ। ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਪੁਲਿਸ ਪੁੱਜ ਗਈ ਅਤੇ ਇਸ ਘਟਨਾ ਦਾ ਹਿੰਦੂ ਜਥੇਬੰਦੀਆਂ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।

ਇਕੱਤਰ ਹੋਏ ਵੇਰਵਿਆਂ ਮੁਤਾਬਿਕ ਬਿਕਰਮ ਸਿੰਘ ਵਾਸੀ ਗਗਨ ਬਿਹਾਰ ਵੱਲੋਂ ਲਗਭਗ ਸਵੇਰੇ 11 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵੱਲੋਂ ਆਪਣੀ 12 ਬੋਰ ਨਾਲ ਬੇਸਹਾਰਾ ਗਊ (Cow) ਦੇ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਉਹ ਉੱਥੇ ਹੀ ਮਰ ਗਈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਬਖਸੀਵਾਲਾ ਦੇ ਇੰਚਾਰਜ਼ ਸੁਖਦੇਵ ਸਿੰਘ ਅਤੇ ਡੀਐੱਸਪੀ ਗੁਰਦੀਪ ਸਿੰਘ ਟਿਵਾਣਾ ਆਪਣੀ ਟੀਮ ਸਮੇਤ ਪੁੱਜੇ। ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਨੂੰ ਰਾਊਂਡ ਅੱਪ ਕਰ ਲਿਆ ਗਿਆ ਹੈ ਅਤੇ ਉਸ ਦੇ ਕਹਿਣ ਅਨੁਸਾਰ ਗਾਂ ਵੱਲੋਂ ਉਸਦੀ ਘਰ ਵਾਲੀ ਨੂੰ ਟੱਕਰ ਮਾਰੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਬਖਸੀਵਾਲਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਐਨੀਮਲ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਜਾਰੀ ਹੈ।

ਘਟਨਾ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ

ਇੱਧਰ ਘਟਨਾ ਦਾ ਪਤਾ ਲੱਗਦਿਆਂ ਹੀ ਹਿੰਦੂ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਅਤੇ ਉਹ ਘਟਨਾ ਸਥਾਨ ’ਤੇ ਪੁੱਜ ਗਈਆਂ। ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਇਨਸਾਨ ਕਿੱਥੋਂ ਤੱਕ ਗਿਰ ਗਿਆ ਹੈ ਕਿ ਇੱਕ ਬੇਜੁਬਾਨ ਜੀਵ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਧਰਮਾਂ ਵਿੱਚ ਤਾਂ ਗਊ ਹੱਤਿਆ ਨੂੰ ਮਹਾਂਪਾਪ ਮੰਨਿਆ ਗਿਆ ਹੈ। ਉਨ੍ਹਾਂ ਹਿੰਦੂ ਜਥੇਬੰਦੀਆਂ ਵੱਲੋਂ ਮੰਗ ਕੀਤੀ ਕਿ ਉਕਤ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਹਥਿਆਰ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ। ਪਵਨ ਗੁਪਤਾ ਨੇ ਕਿਹਾ ਕਿ ਜੇਕਰ ਉਸ ਦੀ ਪਤਨੀ ਨੂੰ ਹਿੱਟ ਕੀਤਾ ਸੀ ਤਾਂ ਉਹ ਹੋਰ ਤਰੀਕੇ ਨਾਲ ਆਪਣਾ ਗੁੱਸਾ ਕੱਢ ਲੈਂਦਾ ਅਤੇ ਗੋਲੀ ਨਾਲ ਮੌਤ ਦੇ ਘਾਟ ਉਤਾਰਨਾ ਕਿੱਥੋਂ ਦੀ ਇਨਸਾਨੀਅਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ