ਪੰਜਾਬ ਦੇ ਕੁਝ ਖੇਤਰਾਂ ਵਿੱਚ ਮੁੜ ਤੋਂ ਲਗ ਸਕਦਾ ਐ ਲੌਕਡਾਊਨ

ਕੋਵਿਡ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ, ਮੁੱਖ ਮੰਤਰੀ ਨੇ ਦਿੱਤੇ ਸਖ਼ਤੀ ਦੇ ਸੰਕੇਤ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਲਾਕਡਾਊਨ ਲਗ ਸਕਦਾ ਹੈ। ਇਸ ਵਾਰ ਲਾਕਡਾਊਨ ਪੰਜਾਬ ਭਰ ਵਿੱਚ ਲਾਉਣ ਦੀ ਥਾਂ ‘ਤੇ ਉਨਾਂ ਥਾਂਵਾ ਜਾਂ ਫਿਰ ਸ਼ਹਿਰ ਵਿੱਚ ਲਾਇਆ ਜਾ ਸਕਦਾ ਹੈ, ਜਿਥੋਂ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਖ਼ਤੀ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।

ਸੂਬੇ ਵਿੱਚ ਕੋਵਿਡ ਦੇ ਵਧਦੇ ਕੇਸਾਂ ਅਤੇ ਪ੍ਰਤੀ ਮਿਲੀਅਨ ਪਿੱਛੇ ਮੌਤਾਂ ਦੀ ਗਿਣਤੀ ਵਧਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਉਹ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ। ਆਪਣੇ ਵਜ਼ਾਰਤੀ ਸਾਥੀਆਂ ਨਾਲ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਦੌਰਾਨ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮਾਹਿਰਾਂ ਦੀ ਸਿਹਤ ਸਲਾਹਕਾਰੀ ਕਮੇਟੀ ਦੇ ਚੇਅਰਮੈਨ ਡਾ ਕੇ.ਕੇ. ਤਲਵਾੜ ਵੱਲੋਂ ਦਿੱਤੇ ਸੁਝਾਵਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿਜੇ ਲੋੜ ਪਈ ਤਾਂ ਸੂਬਾ ਸਰਕਾਰ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਖਤ ਤਰੀਕੇ ਵਰਤਣ ‘ਤੇ ਵਿਚਾਰ ਕਰੇਗੀ।

ਭਾਵੇਂ ਉਨਾਂ ਲੌਕਡਾਊਨ ਤੋ ਇਨਕਾਰ ਨਹੀਂ ਕੀਤਾ, ਖਾਸ ਕਰਕੇ ਵੱਧ ਕੇਸਾਂ ਵਾਲੇ ਇਲਾਕਿਆਂ ਵਿੱਚ ਪਰ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਮੌਟੇਂਕ ਸਿੰਘ ਆਹਲੂਵਾਲੀਆ ਜੋ ਸੂਬੇ ਦੀ ਅਰਥ ਵਿਵਸਥਾ ਦੀ ਮੁੜ ਸੁਰਜੀਤੀ ਲਈ ਬਣਾਏ ਗਏ ਮਾਹਿਰਾਂ ਦੇ ਗਰੁੱਪ ਦੇ ਮੁਖੀ ਹਨ, ਨੇ ਵੀ ਕਿਹਾ ਕਿ ਕੋਵਿਡ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ।

ਡਾ. ਤਲਵਾੜ ਨੇ ਖੋਜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਗਲੇ  ਚਾਰ ਹਫਤਿਆਂ ਲਈ ਮਾਸਕ ਪਹਿਨਣ ਨੂੰ ਸਖਤੀ ਨਾਲ ਅਮਲ ਵਿੱਚ ਲਿਆਂਦੇ ਜਾਣ ਨਾਲ  ਮਹਾਂਮਾਰੀ ਨੂੰ ਕਾਬੂ ਹੇਠ ਲਿਆਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਅਤੇ ਪੁਲਿਸ ਅਧਿਕਾਰੀਆਂ ਨੂੰ ਮਾਸਕ ਪਹਿਨਣ ਅਤੇ ਹੋਰ ਕੋਵਿਡ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ  ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.