ਆਤਮ ਸਨਮਾਨ ਨਾਲ ਭਰਿਆ ਜੀਵਨ ਹੀ ਉੱਤਮ ਜੀਵਨ ਹੁੰਦਾ ਹੈ

Self Respect ਨਾਲ ਭਰਿਆ ਜੀਵਨ ਹੀ ਉੱਤਮ ਜੀਵਨ ਹੁੰਦਾ ਹੈ

Self Respect | ਆਤਮ ਸਨਮਾਨ ਜੀਵਨ ਦੀਆਂ ਮੂਲ ਪ੍ਰਵਿਰਤੀਆਂ ਵਿੱਚੋਂ ਇੱਕ ਹੈ। ਆਤਮ ਸਨਮਾਨ ਜੀਵਨ ਦੀ ਮੌਲਿਕ ਜਰੂਰਤ ਹੈ।ਜਿਸ ਤਰ੍ਹਾਂ ਸਰੀਰ ਲਈ ਭੋਜਨ ਜਰੂਰੀ ਹੁੰਦਾ ਹੈ, ਉਸੇ ਤਰ੍ਹਾਂ ਸਰੀਰ ਨੂੰ ਜੀਵਿਤ ਰੱਖਣ ਵਾਲੀ ਆਤਮਾ ਲਈ ਆਤਮ ਸਨਮਾਨ ਬਹੁਤ ਜਰੂਰੀ ਹੁੰਦਾ ਹੈ। ਮਨੋਵਿਗਆਨ ਅਨੁਸਾਰ  ਸੰਸਾਰ ਵਿੱਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ, ਇੱਕ ਤਾਂ ਉਹ ਜਿਹਨਾਂ ਵਿੱਚ ਆਤਮ ਸਨਮਾਨ ਦੀ ਭਾਵਨਾ ਭਰੀ ਹੁੰਦੀ ਹੈ ਅਤੇ ਦੂਸਰੇ ਉਹ ਜਿਹਨਾਂ ਵਿੱਚ ਆਤਮ ਸਨਮਾਨ ਘੱਟ ਜਾਂ ਫਿਰ ਨਾ ਮਾਤਰ ਹੀ ਹੁੰਦਾ ਹੈ। ਜਿਸ ਵਿਅਕਤੀ ਵਿੱਚ ਆਤਮ ਸਨਮਾਨ ਦੀ ਭਾਵਨਾ ਪ੍ਰਬਲ ਹੁੰਦੀ ਹੈ, ਉਹ ਕਦੇ ਵੀ ਆਪਣੇ ਆਪ ਤੋਂ ਨਿਰਾਸ਼ ਨਹੀਂ ਹੁੰਦਾ।  ਉਹ ਆਪਣੇ ਆਪ ਨਾਲ ਪਿਆਰ ਕਰਦਾ ਹੈ ਅਤੇ ਸਭ ਨਾਲ ਪਿਆਰ ਅਤੇ ਸਤਿਕਾਰ ਨਾਲ ਹੀ ਵਿਹਾਰ ਕਰਦਾ ਹੈ। ਆਤਮ ਸਨਮਾਨ ਨਾਲ ਭਰਪੂਰ ਵਿਅਕਤੀ ਕਦੇ ਵੀ ਆਪਣੇ ਕਰਮ ਖੇਤਰ ਤੋਂ ਦੂਰ ਨਹੀਂ ਭੱਜਦਾ।

ਉਹ ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੁਸ਼ਕਿਲ ਤੋਂ ਮੁਸ਼ਕਿਲ ਹਲਾਤਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ। ਉਸਦਾ ਆਪਣੇ ਅਤੇ ਹੋਰਾਂ ਪ੍ਰਤੀ ਸੋਚਣ ਦਾ ਨਜ਼ਰੀਆ ਬਹੁਤ ਸਕਾਰਾਤਮਕ ਹੁੰਦਾ ਹੈ । ਉਸ ਵਿੱਚ ਆਤਮ ਵਿਸ਼ਵਾਸ ਭਰਪੂਰ ਹੁੰਦਾ ਹੈ ਅਤੇ ਉਹ ਕਦੇ ਵੀ ਅਜਿਹੇ ਕਰਮ ਨਹੀਂ ਕਰਦਾ ਜਿਸ ਨਾਲ ਆਪਣੀਆਂ ਹੀ ਨਜ਼ਰਾਂ ਵਿੱਚ ਗਿਰ ਜਾਵੇ। ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹੋਏ, ਉਹਨਾਂ ਨੂੰ ਸੁਧਾਰਨ ਦਾ ਯਤਨ ਕਰਦਾ ਹੈ । ਪ੍ਰਬਲ ਆਤਮ ਸਨਮਾਨ ਵਾਲਾ ਵਿਅਕਤੀ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਰੂ-ਬ-ਰੂ ਹੁੰਦਾ ਹੋਇਆ ਆਪਣੀਆਂ ਖੁਸ਼ੀਆਂ ਦੀ ਖੋਜ ਵਿੱਚ ਦਿਲਚਸਪੀ ਰੱਖਦਾ ਹੈ।

ਦੂਸਰੇ ਲੋਕ ਉਸ ਬਾਰੇ ਕੀ ਸੋਚਦੇ ਹਨ,  ਉਹ ਇਸ ਬਾਰੇ ਕੋਈ ਚਿੰਤਾ ਨਹੀਂ ਕਰਦਾ ਸਗੋਂ ਦੂਸਰੇ ਲੋਕਾਂ  ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਇੱਜਤ-ਮਾਣ ਦਿੰਦਾ ਹੈ। ਉਹ ਹਰ ਉਸ ਚੀਜ਼ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਿਸ ਨਾਲ ਉਸਦੇ ਆਤਮ ਸਨਮਾਨ ਨੂੰ ਕੋਈ ਫ਼ਰਕ ਪੈਂਦਾ ਹੋਵੇ।  ਇਸਦੇ  ਉਲਟ  ਘੱਟ ਆਤਮ ਸਨਮਾਨ ਵਾਲੇ  ਵਿਅਕਤੀ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਹ ਕਿਸੇ ਵੀ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ। ਅਜਿਹਾ ਵਿਅਕਤੀ  ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਦੂਸਰਿਆਂ ਸਾਹਮਣੇ ਆਪਣੇ ਮਨ ਦੇ ਭਾਵ ਉਜਾਗਰ ਕਰਨ ਤੋਂ ਵੀ ਝਿਜਕਦਾ ਰਹਿੰਦਾ ਹੈ।

ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਵੀ ਡਰਦਾ ਹੈ ਅਤੇ ਆਪਣੀਆਂ ਗਲਤੀਆਂ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ ਕਰਦਾ ਹੈ।  ਆਤਮ ਸਨਮਾਨ ਤੋਂ ਖਾਲੀ ਮਨੁੱਖ ਆਪਣੀਆਂ ਪ੍ਰਾਪਤੀਆਂ ਦੇ ਬਾਵਜ਼ੂਦ ਆਪਣੇ ਆਪ ਨੂੰ ਅੰਦਰੋਂ ਖੋਖਲਾ ਅਤੇ ਅਸ਼ਾਂਤ ਮਹਿਸੂਸ ਕਰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਬੁਰੇ ਕਰਮਾਂ ਦੀ ਵਜ੍ਹਾ ਨਾਲ  ਜਾਂ ਆਪਣੇ ਬੁਰੇ ਖਿਆਲਾਂ ਕਾਰਣ ਆਪਣੀਆਂ ਹੀ ਨਜਰਾਂ ਵਿੱਚ ਗਿਰ ਜਾਂਦਾ ਹੈ ਤਾਂ ਉਸ ਦੀ ਆਤਮਾ ਉਸਨੂੰ ਹਮੇਸ਼ਾਂ ਅੰਦਰੋ ਝੰਜੋੜਦੀ ਰਹਿੰਦੀ ਹੈ,

ਲਾਹਨਤਾਂ ਪਾਉਂਦੀ ਰਹਿੰਦੀ ਹੈ। ਅਜਿਹੀ ਹਾਲਤ ਵਿੱਚ ਹੌਲੀ ਹੌਲੀ ਵਿਅਕਤੀ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਜਾਂਦੀ ਹੈ ਅਤੇ ਉਹ ਆਪਣਾ ਆਤਮ ਸਨਮਾਨ ਗੁਆ ਬੈਠਦਾ ਹੈ। ਹੋ ਸਕਦਾ ਹੈ ਕਿ  ਲੋਕ ਸਾਡਾ ਇੱਜਤ ਮਾਣ ਕਰਦੇ ਹੋਣ ਪਰ ਜਦ ਸਾਡੀ ਅੰਤਰ ਆਤਮਾ ਉਸ ਇੱਜਤ ਮਾਣ ਨੂੰ ਸਵੀਕਾਰ ਨਹੀਂ ਕਰਦੀ ਤਾਂ ਸਮਝ ਲਓ ਕਿ ਇਹ ਖੋਖਲਾ ਸਨਮਾਨ ਹੈ ਜੋ ਲੋਕ ਸਾਨੂੰ ਸ਼ਾਇਦ ਸਾਡੀ ਰਾਜਸੀ ਪਦਵੀ ਜਾਂ ਪਹੁੰਚ ਕਾਰਨ, ਜਾਂ ਫਿਰ ਕਿਸੇ ਮਤਲਬ ਕਰਕੇ ਜਾਂ ਸਾਡੀ ਅਮੀਰੀ ਆਦਿ ਕਾਰਨ ਦਿੰਦੇ ਹਨ ਨਾ ਕਿ ਦਿਲੋਂ ਸਾਡਾ ਸਤਿਕਾਰ ਕਰਦੇ ਹਨ।

ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਆਤਮ ਸਨਮਾਨ ਦੀ ਪ੍ਰਾਪਤੀ ਕਿਵੇਂ  ਅਤੇ ਕਿੱਥੋਂ ਕੀਤੀ ਜਾਵੇ? ਤਾਂ ਇਸਦਾ ਬੜਾ ਸਰਲ  ਜਿਹਾ ਉੱਤਰ ਇਹ ਹੈ ਕਿ ਆਤਮ ਸਨਮਾਨ ਦੀ ਪ੍ਰਾਪਤੀ ਅਸੀਂ ਆਪਣੇ ਅੰਦਰੋਂ ਹੀ ਕਰ ਸਕਦੇ ਹਾਂ। ਆਤਮ ਸਨਮਾਨ ਕੋਈ ਭੌਤਿਕ ਪਦਾਰਥ ਨਹੀਂ ਜਿਸਨੂੰ ਬਾਹਰੋਂ ਕਿਤਿਓਂ ਹਾਸਿਲ ਕੀਤਾ ਜਾ ਸਕੇ।  ਇਹ ਤਾਂ ਇੱਕ ਭਾਵ ਹੈ, ਇੱਕ ਅਹਿਸਾਸ ਹੈ , ਜਿਹੜਾ ਸਾਨੂੰ ਆਪਣੀ ਆਤਮਾ ਦੇ ਮਹਿਸੂਸ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਆਪਣੇ ਬਾਰੇ ਚੰਗਾ ਸੋਚਦੇ ਹਾਂ, ਸਕਾਰਾਤਮਕ ਸੋਚ ਰੱਖਦੇ ਹਾਂ ਅਤੇ ਹਮੇਸ਼ਾ ਆਤਮਾ ਦੀ ਆਵਾਜ਼ ਸੁਣ ਕੇ  ਨੇਕ ਭਲੇ ਕਰਮ ਕਰਦੇ ਹਾਂ ਤਾਂ ਇਸ ਨਾਲ ਸਾਡੇ ਅੰਦਰ ਆਤਮ ਸੰਤੁਸ਼ਟੀ ਅਤੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਖੁਦ ਲਈ ਸਤਿਕਾਰ ਪੈਦਾ ਹੁੰਦਾ ਹੈ। ਅਜਿਹੀ ਹਾਲਤ ਨੂੰ ਆਤਮ ਸਨਮਾਨ ਕਿਹਾ ਜਾਂਦਾ ਹੈ। ਆਪਣੇ ਆਪ ਬਾਰੇ ਉੱਤਮ ਅਤੇ ਚੰਗੀ ਸੋਚ ਰੱਖਣ ਨਾਲ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ।

ਆਪਣੇ ਆਪ ਨਾਲ ਪਿਆਰ ਕਰਨ ਨਾਲ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ।  ਆਪਣੇ ਔਗੁਣਾਂ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਸੁਧਾਰਨ ਦਾ ਯਤਨ ਕਰਨ ਨਾਲ ਵੀ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਹਮੇਸ਼ਾਂ ਸਕਾਰਾਤਮਕ ਸੋਚ ਰੱਖਦੇ ਹੋਏ ਮਨ, ਵਚਨਾਂ ਅਤੇ ਕਰਮਾਂ ਵਿੱਚ ਚੰਗਿਆਈ ਅਤੇ ਸ਼ੁੱਧਤਾ ਰੱਖਣ ਨਾਲ ਵੀ ਆਤਮ ਸਨਮਾਨ ਦੀ ਭਾਵਨਾ ਪੈਦਾ ਹੁੰਦੀ ਹੈ। ਬੁਰਿਆਈ ਹਮੇਸ਼ਾ ਅਪਮਾਨ ਦਿਵਾਉਂਦੀ ਹੈ ਅਤੇ ਚੰਗਿਆਈ ਹਮੇਸ਼ਾਂ ਸਨਮਾਨ। ਇਸੇ ਲਈ  ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਹਮੇਸ਼ਾ ਮਾਨਵ ਹਿਤੈਸ਼ੀ ਕੰਮ ਕਰਨ ਨਾਲ ਹੀ  ਆਤਮ ਸਨਮਾਨ ਪੈਦਾ ਹੁੰਦਾ ਹੈ।  ਆਤਮ ਸਨਮਾਨ ਦੀ ਪ੍ਰਾਪਤੀ ਲਈ ਸਾਨੂੰ ਗਿਆਨਯੋਗੀ ਅਤੇ ਕਰਮਯੋਗੀ ਬਣਨਾ ਪੈਂਦਾ ਹੈ। ਸੱਚ- ਝੂਠ ਦਾ ਗਿਆਨ ਹੋਣਾ ਬੜਾ ਲਾਜਮੀ ਹੈ ਕਿਉਂ ਕਿ ਅਜਿਹੇ  ਗਿਆਨ ਦੀ ਘਾਟ ਕਾਰਨ ਅਸੀਂ ਕਦੇ ਵੀ  ਸੱਚਾਈ ਤੇ ਆਧਾਰਿਤ ਕਰਮ ਨਹੀਂ ਕਰ ਸਕਦੇ।  ਡਾਕਟਰ ਏ .ਪੀ. ਜੇ. ਅਬਦੁਲ ਕਲਾਮ ਜੀ ਕਿਹਾ ਕਰਦੇ ਸਨ ਕਿ ‘ਆਤਮ ਸਨਮਾਨ ਦੀ ਪ੍ਰਾਪਤੀ ਹਮੇਸ਼ਾਂ ਆਤਮ ਨਿਰਭਰਤਾ ਨਾਲ ਹੁੰਦੀ ਹੈ’ ।

Self Respect | ਇਹ ਸੌ ਫ਼ੀਸਦੀ ਸੱਚ ਹੈ ਕਿ ਜੇਕਰ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਜਰੂਰਤਾਂ ਲਈ ਵੀ ਦੂਸਰਿਆਂ ਤੇ ਨਿਰਭਰ ਰਹਿੰਦੇ ਹਾਂ ਅਤੇ ਹੋਰਾਂ ਤੇ ਹੀ ਆਸ ਰੱਖਦੇ ਹਾਂ ਤਾਂ ਕਦੇ ਵੀ ਆਤਮ ਸਨਮਾਨ ਹਾਸਿਲ ਨਹੀਂ ਕਰ ਸਕਦੇ। ਖੁਦ ਨੂੰ ਆਤਮ ਨਿਰਭਰ ਬਣਾਉਣ ਨਾਲ ਹੀ ਅਸੀਂ ਆਪਣੇ ਲਈ ਹੋਰਾਂ ਦੇ ਦਿਲਾਂ ਵਿੱਚ ਸਤਿਕਾਰ ਪੈਦਾ ਕਰ ਸਕਦੇ ਹਾਂ। ਮਿਹਨਤ ਦੀ ਕਮਾਈ ਕਰਕੇ ਆਪਣੀਆਂ ਲੋੜਾਂ ਆਪ ਪੂਰੀਆਂ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਛੋਟੇ ਮੋਟੇ ਕੰਮ ਲਈ ਦੂਸਰਿਆਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਦੂਸਰਿਆਂ ਸਾਹਮਣੇ ਹੱਥ ਫੈਲਾਉਣ ਵਾਲੇ ਕਦੇ ਵੀ ਸਤਿਕਾਰੇ ਨਹੀਂ ਜਾਂਦੇ।

ਕਿਸੇ ਮਹਾਤਮਾ ਦਾ ਕਥਨ ਹੈ ਕਿ ਮੰਗਣ ਨਾਲੋਂ ਆਤਮ ਸਨਮਾਨ ਬਰਕਰਾਰ ਰੱਖਣ ਲਈ ਮਰਨਾ ਚੰਗਾ ਹੁੰਦਾ ਹੈ । ਜੋ ਆਪਣੀ ਮਦਦ ਆਪ ਕਰਦੇ ਹਨ, ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ।  ਉਰਦੂ ਦੀ ਇੱਕ ਤੁਕ ਹੈ ਕਿ  ‘ ਹਿੰਮਤੇ ਮਰਦਾਂ ਮਦਦੇ ਖੁਦਾ ‘ ।   ਹਰ  ਪਲ ਦੂਸਰਿਆਂ ਦੀ ਮਦਦ ਤੇ ਨਿਰਭਰ ਰਹਿਣ ਵਾਲੇ ਜ਼ਿੰਦਗੀ ਬਤੀਤ ਤਾਂ ਭਾਵੇਂ ਕਰ ਲੈਣ, ਪਰ ਜ਼ਿੰਦਗੀ ਦੇ ਹਰ ਪਲ ਦਾ ਲੁਤਫ਼ ਨਹੀਂ ਮਾਣ ਸਕਦੇ। ਇਸ ਲਈ ਇਹ ਯਾਦ ਰੱਖਣਾ ਚਾਹੀਦਾ ਕਿ  ਜਿੰਦਾਦਿਲੀ ਨਾਲ਼ ਉੱਦਮ ਕਰੀਏ ਅਤੇ ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਦੇ ਬਲਬੂਤੇ ਆਤਮ ਸਨਮਾਨ ਨੂੰ ਕਾਇਮ ਰੱਖੀਏ । ਆਤਮ ਸਨਮਾਨ ਨਾਲ ਹੀ ਮਨੁੱਖ ਨੂੰ ਉੱਤਮ  ਜੀਵਨ ਦੀ ਪ੍ਰਾਪਤੀ ਹੋ ਸਕਦੀ ਹੈ।
ਸ਼੍ਰੀ ਮੁਕਤਸਰ ਸਾਹਿਬ। 90413-47351
ਯਸ਼ਪਾਲ ਮਾਹਵਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.