ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਤਿਉਹਾਰਾਂ ਦੇ ਮ...

    ਤਿਉਹਾਰਾਂ ਦੇ ਮੌਸਮ ’ਚ ਮਿਲਾਵਟ ਦੀ ਖੇਡ

    Festive Season

    ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋਆਪਣੇ ਪੱਧਰ ’ਤੇ ਤਿਉਹਾਰ ਮਨਾਉਣ ਦੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ ’ਤੇ ਹਰ ਕੋਈ ਆਪੋਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਤੇ ਫਲ-ਫਰੂਟ ਖਰੀਦਦਾ ਹੈ। ਭਾਰਤ ਵਿਚ ਹਾਸੇ-ਠੱਠੇ ਅਤੇ ਖੁਸ਼ੀ ਨਾਲ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਅਕਤੂਬਰ ਮਹੀਨੇ ’ਚ ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਲਗਭਗ ਇੱਕ ਦਰਜ਼ਨ ਛੋਟੇ ਅਤੇ ਵੱਡੇ ਤਿਉਹਾਰ ਆਉਂਦੇ ਹਨ। ਸਾਰੇ ਤਿਉਹਾਰ ਸਾਡੀ ਲੋਕ ਸੰਸਕਿ੍ਰਤੀ ’ਚ ਰਚੇ-ਵੱਸੇ ਹਨ। ਅਸੀਂ ਸ਼ੁਰੂ ਤੋਂ ਹੀ ਗੀਤ-ਸੰਗੀਤ, ਨੱਚਣ-ਗਾਉਣ ਅਤੇ ਖਾਣ-ਪੀਣ ਨਾਲ ਆਪਣੇ ਤਿਉਹਾਰ ਮਨਾਉਂਦੇ ਆ ਰਹੇ ਹਾਂ। (Festive Season)

    ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੋਨੇ ਤੋਂ ਲੈ ਕੇ ਰਸੋਈ ਤੱਕ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਹਰ ਚੀਜ਼ ਵਿਚ ਮਿਲਾਵਟ ਜਿਵੇਂ ਆਮ ਗੱਲ ਹੋ ਗਈ ਹੈ। ਮਿਠਾਈ ਤੋਂ ਬਿਨਾਂ ਤਿਉਹਾਰ ਅਧੂਰਾ ਹੈ। ਤਿਉਹਾਰ ਆਵੇ ਅਤੇ ਅਸੀਂ ਮਿਠਾਈ ਨਾ ਖਾਈਏ ਇਹ ਹੋ ਨਹੀਂ ਸਕਦਾ। ਮਿਠਾਈ ਤਿਉਹਾਰਾਂ ਦੀ ਖੁਸ਼ੀ ਨੂੰ ਦੱੁਗਣਾ ਕਰ ਦਿੰਦੀ ਹੈ। ਮਿਲਾਵਟਖੋਰ ਵੀ ਇਸੇ ਇੰਤਜ਼ਾਰ ’ਚ ਰਹਿੰਦੇ ਹਨ। ਉਨ੍ਹਾਂ ਦੀਆਂ ਦੁਕਾਨਾਂ ਰੰਗ-ਬਿਰੰਗੀਆਂ ਮਿਠਾਈਆਂ ਨਾਲ ਸੱਜ ਜਾਂਦੀਆਂ ਹਨ ਤੇ ਅਸੀਂ ਉਨ੍ਹਾਂ ਮਿਠਾਈਆਂ ਨੂੰ ਬਿਨਾਂ ਜਾਂਚੇ-ਪਰਖੇ ਖਰੀਦ ਕੇ ਲੈ ਆਉਂਦੇ ਹਾਂ। ਮਿਲਾਵਟਖੋਰ ਜ਼ਿਆਦਾ ਮੁਨਾਫ਼ੇ ਦੇ ਚੱਕਰ ’ਚ ਧੜੱਲੇ ਨਾਲ ਆਪਣਾ ਮਿਲਾਵਟੀ ਸਾਮਾਨ ਵੇਚਦੇ ਦੇਰ ਨਹੀਂ ਲਾਉਂਦੇ। ਮਿਲਾਵਟਖੋਰਾਂ ਨੂੰ ਨਿਯਮ-ਕਾਨੂੰਨ ਦਾ ਵੀ ਡਰ ਨਹੀਂ ਰਿਹਾ ਹੈ। (Festive Season)

     ਬਜ਼ਾਰ ਨੇ ਸਾਡੀ ਬੁਨਿਆਦ ਹੀ ਹਿਲਾ ਕੇ ਰੱਖ ਦਿੱਤੀ | Festive Season

    ਖਾਸਕਰ ਖਾਣ-ਪੀਣ ਦੀਆਂ ਵਸਤਾਂ ਵਿਚ ਅਸ਼ੁੱਧ, ਸਸਤੀਆਂ ਤੇ ਬੇਲੋੜੀਆਂ ਚੀਜ਼ਾਂ ਦੇ ਮਿਲਾਉਣ ਨੂੰ ਮਿਲਾਵਟ ਕਿਹਾ ਜਾਂਦਾ ਹੈ। ਅੱਜ ਸਮਾਜ ਵਿਚ ਹਰ ਪਾਸੇ ਮਿਲਾਵਟ ਹੀ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਪਾਣੀ ਤੋਂ ਸੋਨੇ ਤੱਕ ਮਿਲਾਵਟ ਦੇ ਬਜ਼ਾਰ ਨੇ ਸਾਡੀ ਬੁਨਿਆਦ ਹੀ ਹਿਲਾ ਕੇ ਰੱਖ ਦਿੱਤੀ ਹੈ, ਪਹਿਲਾਂ ਸਿਰਫ ਦੁੱਧ ’ਚ ਪਾਣੀ ਤੇ ਦੇਸੀ ਘਿਓ ’ਚ ਵਨਸਪਤੀ (ਡਾਲਡਾ) ਦੀ ਮਿਲਾਵਟ ਦੀ ਗੱਲ ਸੁਣੀ ਜਾਂਦੀ ਸੀ, ਪਰ ਅੱਜ ਘਰ-ਘਰ ਵਿਚ ਲਗਭਗ ਹਰੇਕ ਚੀਜ਼ ’ਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਮਿਲਾਵਟ ਦਾ ਮਤਲਬ ਕੁਦਰਤੀ ਤੱਤਾਂ ਜਾਂ ਪਦਾਰਥਾਂ ’ਚ ਬਾਹਰੀ, ਬਨਾਵਟੀ ਜਾਂ ਹੋਰ ਮਾੜੀਆਂ ਚੀਜਾਂ ਦੇ ਮਿਸ਼ਰਣ ਤੋਂ ਹੈ।

    ਮੁਨਾਫ਼ਾਖੋਰੀ ਕਰਨ ਵਾਲੇ ਲੋਕ ਰਾਤੋ-ਰਾਤ ਅਮੀਰ ਬਣਨ ਦੇ ਸੁਫ਼ਨੇ ਦੇਖਦੇ ਹਨ। ਆਪਣੇ ਇਹੋ-ਜਿਹੇ ਸੁਫ਼ਨੇ ਸੱਚ ਕਰਨ ਕਰਨ ਲਈ ਉਹ ਬਿਨਾਂ ਸੋਚੇ-ਸਮਝੇ ਮਿਲਾਵਟ ਦਾ ਸਹਾਰਾ ਲੈਂਦੇ ਹਨ। ਸਸਤੀਆਂ ਅਤੇ ਘਟੀਆ ਚੀਜਾਂ ਨਾਲ ਅਸਲ ਅਤੇ ਸ਼ੁੱਧ ਸਾਮਾਨ ’ਚ ਮਿਲਾਵਟ ਕਰਕੇ ਮਹਿੰਗੀਆਂ ਕੀਮਤਾਂ ’ਤੇ ਵੇਚ ਕੇ ਲੋਕਾਂ ਨੂੰ ਨਾ ਸਿਰਫ ਧੋਖਾ ਦਿੱਤਾ ਜਾਂਦਾ ਹੈ, ਸਗੋਂ ਸਾਡੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਮਿਲਾਵਟੀ ਪਦਾਰਥਾਂ ਨਾਲ ਹਰੇਕ ਸਾਲ ਹਜ਼ਾਰਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀ ਕੀਮਤੀ ਜਾਨ ਗਵਾ ਬਹਿੰਦੇ ਹਨ।

    ਮਿਲਾਵਟ ਦਾ ਧੰਦਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਦੁੱਧ ਵੇਚਣ ਤੇ ਮਿਲਾਵਟ ਕਰਨ ਵਾਲਿਆਂ ਤੋਂ ਲੈ ਕੇ ਨਾਮੀ ਕੰਪਨੀਆਂ ਤੱਕ ਨੇ ਮਿਲਾਵਟ ਦੇ ਬਜ਼ਾਰ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਸੱਚ ਤਾਂ ਇਹ ਹੈ ਕਿ ਅਸੀਂ ਜੋ ਕੁਝ ਵੀ ਖਾ ਰਹੇ ਹਾਂ, ਉਨ੍ਹਾਂ ਸਾਰੀਆਂ ਚੀਜਾਂ ਵਿਚ ਮਿਲਾਵਟ ਹੋ ਰਹੀ ਹੈ। ਦੁੱਧ, ਸੁੱਕੇ ਮੇਵੇ, ਘਿਓ, ਹਲਦੀ, ਲਾਲ ਮਿਰਚ, ਧਨੀਆ, ਫਲ-ਸਬਜੀਆਂ ਸਭ ਮਿਲਾਵਟ ਦੀ ਚਪੇਟ ਵਿਚ ਆ ਚੁੱਕੇ ਹਨ। ਅੱਜ ਖਾਣ-ਪੀਣ ਸਮੇਤ ਸਾਰੀਆਂ ਚੀਜਾਂ ’ਚ ਧੜੱਲੇ ਨਾਲ ਮਿਲਾਵਟ ਹੋ ਰਹੀ ਹੈ। ਖਾਣ ਵਾਲੀ ਅਜਿਹੀ ਕੋਈ ਚੀਜ਼ ਨਹੀਂ ਹੈ, ਜੋ ਜ਼ਹਿਰੀਲੇ ਕੀਟਨਾਸ਼ਕਾਂ ਤੇ ਮਿਲਾਵਟ ਤੋਂ ਮੁਕਤ ਹੋਵੇ।

    ਈਡੀ ਦੇ ਪੇਸ਼ ਨਹੀਂ ਹੋਏ ਕੇਜਰੀਵਾਲ, ਲੈਟਰ ਭੇਜ ਕੇ ਪੁੱਛਿਆ ਕੀ ਮੈਂ ਸ਼ੱਕੀ ਹਾਂ ਜਾਂ ਗਵਾਹ

    ਬਜਾਰ ’ਚ ਪਪੀਤਾ, ਅੰਬ, ਕੇਲਾ, ਸੇਬ ਅਤੇ ਅਨਾਰ ਜਿਹੇ ਫਲਾਂ ਨੂੰ ਕੈਲਸ਼ੀਅਮ ਕਾਰਬਾਈਡ ਦੀ ਮੱਦਦ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ। ਡਾਕਟਰਾਂ ਤੇ ਸਿਹਤ ਮਾਹਿਰਾਂ ਮੁਤਾਬਕ ਅਜਿਹੇ ਫਲ ਸਿਹਤ ਲਈ ਬਹੁਤ ਹਾਨੀਕਾਰਕ ਹਨ। ਫਲਾਂ ਨੂੰ ਸੁਨਹਿਰਾ ਬਣਾਉਣ ਲਈ ਪੈਰਾਫੀਨ ਵੈਕਸ (ਮੋਮ) ਵੀ ਲਾਈ ਜਾ ਰਹੀ ਹੈ। ਇਨ੍ਹਾਂ ਫਲਾਂ ਨੂੰ ਖਾਣ ਨਾਲ ਕੈਂਸਰ ਅਤੇ ਡਾਇਰੀਏ ਜਿਹੀਆਂ ਬਿਮਾਰੀਆਂ ਹੁੰਦੀਆਂ ਹਨ। ਡੇਅਰੀ ਅਤੇ ਖੇਤੀ ਉਤਪਾਦਾਂ ਖਾਸਕਰ ਕੱਚੀਆਂ ਸਬਜ਼ੀਆਂ ’ਚ ਆਕਸੀਟੋਸਿਨ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ।

    ਸਾਡੇ ਦੇਸ਼ ’ਚ ਮਿਲਾਵਟ ਕਰਨ ਨੂੰ ਇੱਕ ਗੰਭੀਰ ਜ਼ੁਰਮ ਮੰਨਿਆ ਗਿਆ ਹੈ। ਮਿਲਾਵਟ ਸਾਬਤ ਹੋਣ ’ਤੇ ਭਾਰਤੀ ਕਾਨੂੰਨ ਦੀ ਧਾਰਾ 272 ਦੇ ਤਹਿਤ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਜ਼ਿਕਰ ਹੈ। ਪਰ ਬਹੁਤ ਘੱਟ ਮਾਮਲਿਆਂ ’ਚ ਸਜ਼ਾ ਅਤੇ ਜ਼ੁਰਮਾਨਾ ਹੁੰਦਾ ਹੈ। ਮਿਲਵਾਟੀ ਪਦਾਰਥਾਂ ਦੇ ਸੇਵਨ ਨਾਲ ਮਨੁੱਖ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੀਆਂ ਗੰਭੀਰ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਦੇ ਰੋਗ ਵੀ ਲੱਗ ਜਾਂਦੇ ਹਨ। ਅੱਖਾਂ ਦੀ ਨਜ਼ਰ ਚਲੇ ਜਾਣਾ ਅਤੇ ਅਪਾਹਜ਼ਤਾ ਨੂੰ ਵੀ ਝੱਲਣਾ ਪੈਂਦਾ ਹੈ। ਮਿਲਾਵਟ ਸਿੱਧ ਹੋਣ ’ਤੇ ਕਈ ਵਾਰ ਛੋਟੇ-ਮੋਟੋ ਮਿਲਾਵਟਖੋਰਾਂ ਦੀ ਧਰ-ਪਕੜ ਦੀਆਂ ਖਬਰਾਂ ਜ਼ਰੂਰ ਪੜ੍ਹਨ ਅਤੇ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਮਿਲਾਵਟ ਦਾ ਥੋਕ ਵਪਾਰ ਕਰਨ ਵਾਲੇ ਲੋਕ ਅਕਸਰ ਕਾਨੁੰੂਨ ਦੀ ਪਹੁੰਚ ਤੋਂ ਦੂਰ ਰਹਿ ਜਾਂਦੇ ਹਨ।

    ਹਰਪ੍ਰੀਤ ਸਿੰਘ ਬਰਾੜ
    ਮੇਨ ਏਅਰ ਫੋਰਸ ਰੋਡ, ਬਠਿੰਡਾ

    LEAVE A REPLY

    Please enter your comment!
    Please enter your name here