ਸੀਐਮ ਦੀ ਰਿਹਾਇਸ ਵੱਲ ਕੱਢ ਰਹੇ ਸਨ ਰੋਸ ਮਾਰਚ | Sangrur News
(ਨਰੇਸ਼ ਕੁਮਾਰ) ਸੰਗਰੂਰ। Sangrur News: ਅੱਜ ਈਟੀਟੀ ਬੇਰੁਜ਼ਗਾਰ 2994 ਬੈਕਲਾਗ ਯੂਨੀਅਨ ਵੱਲੋਂ ਸੀਐਮ ਦੀ ਰਿਹਾਇਸ਼ ਸੰਗਰੂਰ ਵਿਖੇ ਅੱਜ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਪੁਲਿਸ ’ਤੇ ਈਟੀਟੀ ਬੇਰੁਜ਼ਗਾਰਾਂ ਵਿਚਕਾਰ ਜ਼ਬਰਦਸਤ ਧੱਕਾ-ਮੁੱਕੀ ਹੋਈ ਤੇ ਕਾਫੀ ਅਧਿਆਪਕਾਂ ਦੀਆਂ ਪੱਗਾਂ ਤੇ ਕੂੜੀਆਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਕਈ ਅਧਿਆਪਕਾਂ ਦੇ ਸੱਟਾਂ ਵੀ ਲੱਗੀਆਂ।
ਇਸ ਮੌਕੇ ਅਧਿਆਪਕ ਆਗੂ ਨੇ ਦੱਸਿਆ ਕਿ ਭਰਤੀ ਦੀ ਪਹਿਲੀ ਲਿਸਟ 2468 ਜਾਰੀ ਕੀਤੀ ਗਈ ਹੈ ਤੇ ਉਹਨਾਂ ਨੂੰ ਵੀ ਹਾਲੇ ਤੱਕ ਜੁਆਇੰਨ ਨਹੀਂ ਕਰਵਾਇਆ ਗਿਆ। ਸਰਕਾਰ ਵੱਲੋਂ 2994 ਬੈਕਲਾਗ ਦੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ, ਜਿਸ ਤੋਂ ਬਿਨਾਂ ਭਰਤੀ 5994 ਨਹੀਂ ਬਣਦੀ । ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ 2994 ਬੈਕਲਾਗ ਦੀਆਂ ਲਿਸਟਾਂ ਜਾਰੀ ਕਰਕੇ ਪੂਰੀ 5994 ਭਰਤੀ ਪੂਰੀ ਕੀਤੀ ਜਾਵੇ।
ਇਹ ਵੀ ਪੜ੍ਹੋ: Crime News: ਫਰੀਦਕੋਟ ਪੁਲਿਸ ਨੇ ਚਾਰ ਬਦਮਾਸ਼ ਹਥਿਆਰਾਂ ਸਮੇਤ ਕੀਤੇ ਕਾਬੂ
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਖ-ਵੱਖ ਯੂਨੀਅਨਾਂ ਦੇ ਧਰਨਿਆਂ ਵਿੱਚ ਜਾ ਕੇ ਇਹ ਕਹਿੰਦੇ ਨਹੀ ਸਨ ਥੱਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਅਤੇ ਨੌਜਵਾਨਾਂ ਨੂੰ ਘਰ-ਘਰ ਜਾ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਦਾਅਵੇ ਹਵਾ ਹਵਾਈ ਸਿੱਧ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਅੱਜ ਆਮ ਆਦਮੀ ਦੀ ਸਰਕਾਰ ਵਿੱਚ ਵੀ ਪੜ੍ਹੇ-ਲਿਖੇ ਤਬਕੇ ਨੂੰ ਵੀ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਸ ਦੌਰਾਨ ਸੂਬਾ ਕਮੇਟੀ ਮੈਂਬਰਾਂ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਉਨ੍ਹਾਂ ਨੂੰ ਮਜ਼ਬੂਰਨ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਯੂਨੀਅਨ ਮੈਂਬਰ ਸੁਰਿੰਦਰਪਾਲ ਗੁਰਦਾਸਪੁਰ, ਮਨਦੀਪ ਫਾਜ਼ਿਲਕਾ, ਰਾਜਕੁਮਾਰ ਅਬੋਹਰ, ਬਲਿਹਾਰ ਬੱਲੀ, ਸੁਖਵਿੰਦਰ ਸੁੱਖੀ, ਕੁਲਵਿੰਦਰ ਸਾਮਾ, ਸਰਬਜੀਤ, ਗੁਰਪ੍ਰੀਤ ਬਾਜਵਾ,ਕਰਨ ਕੰਬੋਜ, ਰਿਤੇਸ , ਦੀਪਕ ਅਬੋਹਰ, ਸੁਰਿੰਦਰ ਅਬੋਹਰ,ਜਗਪਾਲ ਸਿੰਘ, ਅਜੀਤ ਮਾਨਸਾ, ਆਦਰਸ ਅਬੋਹਰ, ਲਵਪ੍ਰੀਤ, ਅਤੇ ਹੋਰ ਸਾਥੀ ਮੌਜੂਦ ਸਨ।