ਨਵੀਂ ਟ੍ਰਾਈਸਾਇਕਲ, ਪੱਖਾ ਤੇ ਮਹੀਨੇ ਭਰ ਦਾ ਦਿੱਤਾ ਗਿਆ ਰਾਸ਼ਨ
- ਕੁਝ ਦਿਨ ਪਹਿਲਾਂ ਅਤਿ ਲੋੜਵੰਦ ਗੁਰਚਰਨ ਸਿੰਘ ਨੇ ਮੱਦਦ ਲਈ ਸੋਸ਼ਲ ਮੀਡੀਆ ’ਤੇ ਪਾਈ ਸੀ ਵੀਡੀਓ
(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਸੰਗਰੂਰ ਪਿੰਡ ਢਢੋਗਲ ਦੇ ਅਤਿ ਲੋੜਵੰਦ ਸੌ ਫੀਸਦੀ ਅਪੰਗ ਗ੍ਰੰਥੀ ਗੁਰਚਰਨ ਸਿੰਘ ਲਈ ਡੇਰਾ ਸੱਚਾ ਸੌਦਾ ਦੇ ਡੇਰਾ ਸ਼ਰਧਾਲੂ ਸਹਾਰਾ ਬਣ ਬਹੁੜੇ ਹਨ ਵਿੱਤੀ ਮੁਸ਼ਕਲਾਂ ਨਾਲ ਘਿਰਿਆ ਗੁਰਚਰਨ ਸਿੰਘ ਮੱਦਦ ਮੰਗ ਰਿਹਾ ਸੀ ਅਤੇ ਕੋਈ ਵੀ ਉਸ ਦੀ ਮੱਦਦ ਲਈ ਅੱਗੇ ਨਹੀਂ ਸੀ ਰਿਹਾ ਪਰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਇਨਸਾਨੀਅਤ ਦਿਖਾਉਂਦਿਆਂ ਮੱਦਦ ਕਰਕੇ ਉਸ ਦੇ ਦੁੱਖਾਂ ਨੂੰ ਕੁਝ ਹੌਲ੍ਹਾ ਕਰਨ ਦਾ ਯਤਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਿੰਦਰ ਸਿੰਘ ਇੰਸਾਂ ਮੰਗਵਾਲ ਨੇ ਦੱਸਿਆ ਕਿ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਕੋਲ ਇੱਕ ਵਾਇਰਲ ਵੀਡੀਓ ਪੁੱਜੀ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਢਢੋਗਲ ਦਾ ਇੱਕ ਅਪੰਗ ਵਿਅਕਤੀ ਗੁਰਚਰਨ ਸਿੰਘ ਜਿਸ ਦੀ ਉਮਰ ਮਹਿਜ 35 ਕੁ ਸਾਲ ਹੈ, ਮੱਦਦ ਲਈ ਬੇਨਤੀ ਕਰ ਰਿਹਾ ਸੀ ਉਸ ਨੇ ਵੀਡੀਓ ਵਿੱਚ ਕਿਹਾ ਸੀ ਕਿ ਉਹ ਸੌ ਫੀਸਦੀ ਦਿਵਿਆਂਗ ਹਨ, ਉਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ, ਇੱਕ ਬਾਂਹ ਤੇ ਇੱਕ ਅੱਖ ਨਕਾਰਾ ਹੈ।
ਮੰਗਵਾਲ ਨੇ ਦੱਸਿਆ ਕਿ ਵੀਡੀਓ ਰਾਹੀਂ ਵੀ ਉਸ ਨੇ ਦੱਸਿਆ ਕਿ ਉਹ ਕੋਈ ਕੰਮ ਕਰਨ ਤੋਂ ਆਹਰੀ ਹੋਣ ਕਾਰਨ ਉਸ ਦੇ ਖਰਚੇ ਉਸ ’ਤੇ ਭਾਰੂ ਪੈ ਰਹੇ ਹਨ, ਬਿਜਲੀ ਦਾ ਬਿੱਲ ਇਕੱਠਾ ਹੋਈ ਜਾਂਦਾ ਹੈ, ਉਸ ਦੇ ਦਿਨ ਕਟੀ ਲਈ ਪਿੰਡ ਵਿੱਚ ਬਣਾਇਆ ਗਿਆ ਇੱਕ ਕਮਰਾ ਵੀ ਖ਼ਸਤਾ ਹੋ ਚੁੱਕਿਆ ਸੀ, ਉਸ ਦੀ ਟ੍ਰਾਈਸਾਇਕਲ ਵੀ ਟੁੱਟ ਚੁੱਕੀ ਹੈ ਅਤੇ ਉਸ ਕੋਲ ਖਾਣ ਲਈ ਰਾਸ਼ਨ ਵੀ ਨਹੀਂ ਹੈ ।
ਉਨ੍ਹਾਂ ਦੱਸਿਆ ਕਿ ਵੀਡੀਓ ਵੇਖ ਡੇਰਾ ਪ੍ਰੇਮੀਆਂ ਨੇ ਇਸ ਸਖ਼ਸ਼ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਤੇ ਅਗਲੇ ਹੀ ਦਿਨ ਗੁਰਚਰਨ ਸਿੰਘ ਦੇ ਲਈ ਨਵੀਂ ਟ੍ਰਾਈਸਾਇਕਲ, ਇੱਕ ਮਹੀਨੇ ਦਾ ਰਾਸ਼ਨ, ਨਵਾਂ ਪੱਖਾ, ਕੱਪੜੇ ਲੀੜੇ ਦਿਵਾਉਣ ਤੋਂ ਇਲਾਵਾ ਉਸ ਨੂੰ ਭਰੋਸਾ ਵੀ ਦਿੱਤਾ ਕਿ ਉਸ ਦੇ ਕਮਰੇ ਦੀ ਛੱਤ ਵੀ ਡੇਰਾ ਪ੍ਰੇਮੀ ਕੁਝ ਦਿਨਾਂ ਵਿੱਚ ਬਦਲ ਕੇ ਨਵੀਂ ਤਿਆਰ ਕਰਕੇ ਦੇਣਗੇ ਮੰਗਵਾਲ ਨੇ ਦੱਸਿਆ ਕਿ ਗੁਰਚਰਨ ਸਿੰਘ ਦੀ ਡੇਰਾ ਪ੍ਰੇਮੀਆਂ ਵੱਲੋਂ ਹਰ ਪੱਖੋਂ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਨੇ ਅੱਖਾਂ ਭਰਦਿਆਂ ਦੱਸਿਆ ਕਿ ਮੈਂ ਆਪਣੀ ਮੱਦਦ ਲਈ ਇੱਕ ਵੀਡੀਓ ਪਾਈ ਸੀ ਅਤੇ ਸੋਚਿਆ ਸੀ ਕਿ ਜਿਸ ਸਖ਼ਸ਼ ਵਿੱਚ ਸੱਚੀ ਇਨਸਾਨੀਅਤ ਮੌਜ਼ੂਦ ਹੋਵੇਗੀ ਤਾਂ ਜ਼ਰੂਰ ਉਸ ਦੀ ਮੱਦਦ ਲਈ ਜ਼ਰੂਰ ਬਹੁੜੇਗਾ ਅੱਜ ਸਵੇਰ ਜਦੋਂ ਮੇਰੇ ਕਮਰੇ ਦਾ ਕੁੰਡਾ ਖੜਕਿਆ ਤਾਂ ਵੇਖਿਆ ਕੁਝ ਸਮਾਜ ਸੇਵੀ ਸੰਸਥਾ ਦੇ ਵਰਦੀਧਾਰੀ ਵਿਅਕਤੀ ਉਸ ਕੋਲ ਪੁੱਜੇ ਤਾਂ ਪਤਾ ਕਰਨ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਨ ਗੁਰਚਰਨ ਸਿੰਘ ਨੇ ਦੱਸਿਆ ਕਿ ਪ੍ਰੇਮੀ ਆਪਣੇ ਨਾਲ ਨਵੀਂ ਟ੍ਰਾਈਸਾਈਕਲ ਲੈ ਕੇ ਆਏ ਸਨ, ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਨੇ ਉਸ ਦਾ ਖਰਾਬ ਪੱਖਾ ਬਦਲ ਕੇ ਨਵਾਂ ਪੱਖਾ ਲਾ ਦਿੱਤਾ, ਉਸ ਨੂੰ ਮਹੀਨੇ ਭਰ ਦਾ ਖਾਣ ਲਈ ਰਾਸ਼ਨ ਦੇ ਦਿੱਤਾ।
ਉਸ ਲਈ ਨਵੇਂ ਵਸਤਰ ਤੇ ਹੋਰ ਸਮਾਨ ਵੀ ਦਿੱਤਾ ਗੁਰਚਰਨ ਸਿੰਘ ਨੇ ਦੱਸਿਆ ਡੇਰਾ ਪ੍ਰੇਮੀਆਂ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਸ ਦੇ ਕਮਰੇ ਦੀ ਖਸਤਾ ਹਾਲਤ ਛੱਤ ਨੂੰ ਨਵੀਂ ਛੱਤ ਵਜੋਂ ਬਦਲ ਦੇਣਗੇ ਉਨ੍ਹਾਂ ਡੇਰਾ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਯਕੀਨ ਹੋ ਗਿਆ ਹੈ ਕਿ ਅੱਜ ਵੀ ਡੇਰਾ ਪ੍ਰੇਮੀਆਂ ਵਿੱਚ ਸੱਚੀ ਇਨਸਾਨੀਅਤ ਮੌਜ਼ੂਦ ਹੈ ਅਤੇ ਉਹ ਕਿਸੇ ਹੋਰ ਦੇ ਦਰਦ ਨੂੰ ਮਹਿਸੂਸਦੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲੇਫਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਅਸੀਂ ਗੁਰਚਰਨ ਸਿੰਘ ਦੀ ਮੱਦਦ ਕੀਤੀ ਹੈ ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਗੁਰਚਰਨ ਸਿੰਘ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇਗੀ ਤਾਂ ਉਸ ਲਈ ਮੱਦਦ ਲਈ ਹਰ ਸਮੇਂ ਤਿਆਰ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ