ਪੰਜਾਬ ਅਤੇ ਦਿੱਲੀ ਬਰਬਾਦ ਕਰ ਰਿਹਾ ਐ ਕੋਰੋਨਾ ਵੈਕਸੀਨ, ਹਰਿਆਣਾ 11ਵੀਂ ਡੋਜ਼ ਲਗਾ ਵਾਧੂ ਲਗਾਈ ਵੈਕਸੀਨ

Corona Vaccine Sachkahoon

ਰੋਜ਼ਾਨਾ ਪੰਜਾਬ ਨੇ ਬਰਬਾਦ ਕੀਤੀ 184 ਵੈਕਸੀਨ ਤਾਂ ਹਰਿਆਣਾ ਨੇ ਲਗਾਈ 1575 ਵਾਧੂ ਵੈਕਸੀਨ

  • ਹਰਿਆਣਾ ਦੇ ਮੁਕਾਬਲੇ ਪੰਜਾਬ ਅਤੇ ਦਿੱਲੀ ਵੈਕਸੀਨ ਨੂੰ ਬਚਾਉਣ ਦੀ ਥਾਂ ਕਰ ਰਹੇ ਹਨ ਬਰਬਾਦ
  • ਪੰਜਾਬ ਵਲੋਂ ਪਿਛਲੇ 74 ਦਿਨਾਂ ਵਿੱਚ 13613 ਅਤੇ ਦਿੱਲੀ ਵਲੋਂ 19989 ਕੀਤੀ ਗਈ ਵੈਕਸੀਨ ਖ਼ਰਾਬ
  • ਹਰਿਆਣਾ ਨੇ ਇਨ੍ਹਾਂ 74 ਦਿਨਾਂ ਵਿੱਚ 1 ਲੱਖ 27 ਹਜ਼ਾਰ 521 ਲਗਾਈ ਵਾਧੂ ਵੈਕਸੀਨ ਡੋਜ਼

(ਅਸ਼ਵਨੀ ਚਾਵਲਾ) ਚੰਡੀਗੜ੍ਹ। ਵੈਕਸੀਨ ਦੀ ਘਾਟ ਨੂੰ ਲੈ ਕੇ ਹਮੇਸ਼ਾ ਹੀ ਹੰਗਾਮਾ ਕਰਨ ਵਾਲੀ ਪੰਜਾਬ ਅਤੇ ਦਿੱਲੀ ਸਰਕਾਰ ਰੋਜ਼ਾਨਾ ਹੀ ਮੌਜੂਦਾ ਵੈਕਸੀਨ ਦੀ ਠੀਕ ਵਰਤੋਂ ਕਰਨ ਦੀ ਥਾਂ ’ਤੇ ਬਰਬਾਦ ਕਰਨ ਵਿੱਚ ਲਗੀ ਹੋਈ ਹੈ। ਪੰਜਾਬ ਅਤੇ ਦਿੱਲੀ ਸਰਕਾਰ ਵਲੋਂ ਪਿਛਲੇ 74 ਦਿਨਾਂ ਵਿੱਚ ਵੱਡੇ ਪੱਧਰ ’ਤੇ ਵੈਕਸੀਨ ਨੂੰ ਬਰਬਾਦ ਕਰ ਦਿੱਤਾ ਗਿਆ ਹੈ ਤਾਂ ਦੂਜੇ ਪਾਸ ਹਰਿਆਣਾ ਨੇ ਵੈਕਸੀਨ ਦੀ ਵਾਈਟਲ ਵਿੱਚੋਂ 11ਵੀਂ ਡੋਜ਼ ਦੀ ਵਰਤੋਂ ਕਰਦੇ ਹੋਏ 1 ਲੱਖ 27 ਹਜ਼ਾਰ 521 ਲੋਕਾਂ ਨੂੰ ਵਾਧੂ ਵੈਕਸੀਨ ਲਗਾਉਂਦੇ ਹੋਏ ਰਿਕਾਰਡ ਬਣਾ ਦਿੱਤਾ ਹੈ।

ਕੇਂਦਰ ਸਰਕਾਰ ਵਲੋਂ ਭੇਜੀ ਜਾਣ ਵਾਲੀ ਕੋਰੋਨਾ ਦੀ ਹਰ ਵਾਈਟਲ ਵਿੱਚ 11-12 ਡੋਜ਼ ਹੁੰਦੀਆਂ ਹਨ ਪਰ ਉਨ੍ਹਾਂ ਨੂੰ 10 ਮੰਨ ਕੇ ਭੇਜਿਆ ਜਾਂਦਾ ਹੈ ਤਾਂ ਕਿ ਜੇਕਰ 11 ਅਤੇ 12ਵੀਂ ਡੋਜ਼ ਖਰਾਬ ਵੀ ਹੋ ਜਾਏ ਤਾਂ ਉਹ ਨੂੰ ਰਿਕਾਰਡ ਵਿੱਚ ਨਹੀਂ ਲਿਆ ਜਾਂਦਾ ਹੈ। ਪੰਜਾਬ ਅਤੇ ਦਿੱਲੀ ਸਰਕਾਰ ਨੇ 11-12ਵੀਂ ਡੋਜ਼ ਦੀ ਵਾਧੂ ਵਰਤੋਂ ਤਾਂ ਕੀ ਕਰਨੀ ਸੀ, ਸਗੋਂ 10 ਡੋਜ਼ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਵੈਕਸੀਨ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਹਰ ਦਿਨ 184 ਦੇ ਕਰੀਬ ਵੈਕਸੀਨ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਵਿਖੇ 270 ਡੋਜ਼ ਨੂੰ ਹਰ ਦਿਨ ਬਰਬਾਦ ਕਰ ਦਿੱਤਾ ਜਾਂਦਾ ਹੈ। ਇਥੇ ਹੀ ਹਰਿਆਣਾ ਸਰਕਾਰ ਵਲੋਂ 11 ਅਤੇ 12ਵੀਂ ਡੋਜ਼ ਦੀ ਵਰਤੋਂ ਕਰਦੇ ਹੋਏ ਹਰ ਦਿਨ 1723 ਵਾਧੂ ਡੋਜ਼ ਲਗਾਈ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿੱਚ ਮੁਫ਼ਤ ਵਿੱਚ ਵੈਕਸੀਨ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਸੂਬੇ ਦੀ ਜਨ-ਸੰਖਿਆ ਅਤੇ ਕਈ ਹੋਰ ਮਾਪ-ਦੰਡ ਅਨੁਸਾਰ ਵੈਕਸੀਨ ਦਾ ਬਟਵਾਰਾ ਕਰਦੇ ਹੋਏ ਸੂਬਿਆ ਵਿੱਚ ਭੇਜਿਆ ਜਾ ਰਿਹਾ ਹੈ। ਹਰ ਵੈਕਸੀਨ ਦੀ ਵਾਈਟਲ ਵਿੱਚ 11-12 ਲੋਕਾਂ ਲਈ ਵੈਕਸੀਨ ਉਪਲਬਧ ਹੁੰਦੀ ਹੈ ਪਰ ਨਿਯਮਾਂ ਅਨੁਸਾਰ ਇਸ ਨੂੰ 10 ਲੋਕਾਂ ਲਈ ਹੀ ਮੰਨਿਆ ਜਾਂਦਾ ਹੈ, ਕਿਉਂਕਿ ਕਈ ਵਾਰ ਕੁਝ ਬੂੰਦ ਵੈਕਸੀਨ ਦੀ ਖ਼ਰਾਬ ਹੋਣ ਦੇ ਖ਼ਦਸ਼ੇ ਦੇ ਚਲਦੇ 11 ਅਤੇ 12ਵੀ ਡੋਜ਼ ਨੂੰ ਹਮੇਸ਼ਾ ਹੀ ਵਾਧੂ ਦਿੱਤਾ ਜਾਂਦਾ ਰਿਹਾ ਹੈ।

ਦੇਸ਼ ਦੇ ਕਈ ਸੂਬਿਆਂ ਵਿੱਚ ਵੈਕਸੀਨ ਲਗਾਉਣ ਮੌਕੇ ਵਰਤੀ ਜਾ ਰਹੀ ਸਖ਼ਤੀ ਦੇ ਚਲਦੇ 10 ਡੋਜ਼ ਆਮ ਲੋਕਾਂ ਦੇ ਲਗਾਉਣ ਦੇ ਨਾਲ ਹੀ 11-12ਵੀਂ ਡੋਜ਼ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬਾ ਸਰਕਾਰਾਂ ਆਪਣੇ ਇਲਾਕੇ ਵਿੱਚ ਵਾਧੂ ਲੋਕਾਂ ਨੂੰ ਵੈਕਸੀਨ ਲਗਾਉਣ ਵਿੱਚ ਸਫ਼ਲ ਹੋ ਰਹੀਆਂ ਹਨ ਤਾਂ ਕੁਝ ਸੂਬੇ ਵਿੱਚ ਵੈਕਸੀਨ ਦੀ 11ਵੀ ਅਤੇ 12ਵੀਂ ਵਾਧੂ ਡੋਜ਼ ਦੀ ਵਰਤੋਂ ਕਰਨ ਦੀ ਥਾਂ ’ਤੇ 10 ਡੋਜ਼ ਵਿੱਚੋਂ ਵੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਸੂਬਿਆ ਵਿੱਚ ਪੰਜਾਬ ਅਤੇ ਦਿੱਲੀ ਸ਼ੁਮਾਰ ਹੈ। ਜਦੋਂ ਕਿ ਹਰਿਆਣਾ ਇਸ ਮਾਮਲੇ ਵਿੱਚ ਦਿੱਲੀ ਅਤੇ ਪੰਜਾਬ ਨੂੰ ਪਛਾੜਦੇ ਹੋਏ 10ਵੀਂ ਡੋਜ਼ ਦੀ ਬਰਬਾਦੀ ਨੂੰ ਰੋਕਣ ਦੇ ਨਾਲ ਹੀ 11ਵੀ ਅਤੇ 12ਵੀਂ ਡੋਜ਼ ਦੀ ਵੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ।

1 ਮਈ 2021 ਤੋਂ ਲੈ ਕੇ 13 ਜੁਲਾਈ ਤੱਕ ਪੰਜਾਬ ਵਿੱਚ 13 ਹਜ਼ਾਰ 613 ਡੋਜ਼ ਬਰਬਾਦ

ਕੇਂਦਰ ਸਰਕਾਰ ਦੇ ਅੰਕੜੀਆ ਅਨੁਸਾਰ 1 ਮਈ 2021 ਤੋਂ ਲੈ ਕੇ 13 ਜੁਲਾਈ ਤੱਕ ਪੰਜਾਬ ਵਿੱਚ 13 ਹਜ਼ਾਰ 613 ਡੋਜ਼ ਨੂੰ ਬਰਬਾਦ ਕਰ ਦਿੱਤਾ ਗਿਆ ਹੈ ਤਾਂ ਇਸੇ ਸਮੇਂ ਦੌਰਾਨ ਦਿੱਲੀ ਸਰਕਾਰ ਵਲੋਂ 19 ਹਜ਼ਾਰ 989 ਡੋਜ਼ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਇਥੇ ਹੀ ਹਰਿਆਣਾ ਵਲੋਂ ਇਸੇ ਸਮੇਂ ਦੌਰਾਨ 11ਵੀਂ ਅਤੇ 12ਵੀਂ ਡੋਜ਼ ਦੀ ਵਰਤੋਂ ਕਰਦੇ ਹੋਏ 1 ਲੱਖ 27 ਹਜ਼ਾਰ 521 ਡੋਜ਼ ਵਾਧੂ ਲਗਾਈ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ