ਬਾਘਾਪੁਰਾਣਾ ‘ਚ ਨਾਮਜ਼ਦਗੀ ਭਰ ਰਹੇ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ

Clash, Baghapurana, Municipal Election, SAD, Congress

ਬਾਘਾਪੁਰਾਣਾ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਵਿੱਚ 17 ਦਸੰਬਰ ਨੂੰ ਹੋ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਲਈ ਨਾਮਜ਼ਦਗੀ ਭਰਨ ਆਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਕਾਂਗਰਸ ਦੇ ਕੁਝ ਵਰਕਰਾਂ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਤਕ ਵੀ ਪਾੜ ਦਿੱਤੇ ਗਏ। ਕੁੱਟਮਾਰ ਦੌਰਾਨ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ਦਾ ਮੋਢਾ ਨਿਕਲ ਗਿਆ ਜੋ  ਮੋਗਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ।

ਇਸ ਤੋਂ ਇਲਾਵਾ ਝੜਪ ਦੌਰਾਨ ਕੁਝ ਵਿਅਕਤੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਤਹਿਸੀਲ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦਿਹਾਤੀ ਦੇ ਪ੍ਰਧਾਨ ਤੀਰਥ ਸਿੰਘ ਬਾਹਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ 2 ਦਸੰਬਰ ਨੂੰ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬਾਘਾਪੁਰਾਣਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਜ ਤਕ ਵੀ ਨੋ ਡਿਊਜ਼ ਸਰਟੀਫਿਕੇਟ ਨਹੀਂ ਜਾਰੀ ਕੀਤੇ।

ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਦਬਾਅ ਬਨਾਉਣ ਉਪਰੰਤ ਆਖਿਰਕਾਰ ਕਾਰਜਸਾਧਕ ਅਫਸਰ ਨੇ ਨੋ ਡਿਊਜ਼ ਸਰਟੀਫਿਕੇਟ ਤਾਂ ਜਾਰੀ ਕਰ ਦਿੱਤੇ ਪਰ ਅੱਜ ਜਦੋਂ ਨਾਮਜ਼ਦਗੀਆਂ ਭਰਨ ਦੇ ਅਖੀਰਲੇ ਦਿਨ ਗਠਜੋੜ ਦੇ ਉਮੀਦਵਾਰ ਰਿਟਰਨਿੰਗ ਅਧਿਕਾਰੀ ਕੋਲ ਪਹੁੰਚੇ ਤਾਂ ਜਿੱਥੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਉਥੇ ਹੀ ਪਹਿਲਾਂ ਤੋਂ ਹੀ ਤਾਇਨਾਤ ਕਾਂਗਰਸ ਦੇ ਵਰਕਰਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਅਕਾਲੀ ਉਮੀਦਵਾਰਾਂ ਨਾਲ ਜ਼ਬਰੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਵੀ ਪਾੜ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀਆਂ ਵਲੋਂ ਕੀਤੀ ਕੁੱਟਮਾਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਵਨ ਢੰਡ, ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਬਲਤੇਜ ਸਿੰਘ ਲੰਗਿਆਣਾ ਅਤੇ ਸ਼ਿਵ ਸ਼ਰਮਾ ਸਮੇਤ ਅਨੇਕਾਂ ਵਿਅਕਤੀਆਂ ਦੇ ਸਿਰ ਪਾਟ ਗਏ ਅਤੇ ਗੁੱਝੀਆਂ ਸੱਟਾਂ ਲੱਗੀਆਂ। ਇਸ ਸੰਬੰਧੀ ਉਨ੍ਹਾਂ ਮੌਕੇ ‘ਤੇ ਪਹੁੰਚੇ ਚੋਣ ਕਮਿਸ਼ਨ ਅਬਜ਼ਰਵਰ ਤੇਜਿੰਦਰ ਸਿੰਘ ਧਾਰੀਵਾਲ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।।

ਦੂਜੇ ਪਾਸੇ ਕਾਂਗਰਸ ਦੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਅਕਾਲੀ-ਭਾਜਪਾ ਉਮੀਦਵਾਰਾਂ ਵਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਪਹਿਲਾਂ ਹੀ ਆਪਣਾ ਵਜੂਦ ਵਿਧਾਨ ਸਭਾ ਚੋਣਾਂ ਦੌਰਾਨ ਗੁਆ ਚੁੱਕਾ ਹੈ ਕਿਉਂਕਿ ਉਸ ਸਮੇਂ ਬਾਘਾਪੁਰਾਣਾ ਦੇ ਵੋਟਰਾਂ ਨੇ ਅਕਾਲੀ ਦਲ ਨੂੰ ਤੀਜੇ ਨੰਬਰ ‘ਤੇ ਲਿਆ ਦਿੱਤਾ ਸੀ ਪਰੰਤੂ ਹੁਣ ਅਕਾਲੀ-ਭਜਪਾ ਗਠਜੋੜ ਦੇ ਆਗੂ ਆਪਣੀ ਹਾਰ ਲੁਕਾਉਣ ਲਈ ਕਾਂਗਰਸੀਆਂ ਉਪਰ ਝੂਠੇ ਇਲਜ਼ਾਮ ਲਗਾ ਰਹੇ ਹਨ।