ਡਰਾਈਵਰ ਨੇ ਪੀਤੀ ਹੋਈ ਸੀ ਸ਼ਰਾਬ
ਸੂਰਤ। ਗੁਜਰਾਤ ਦੇ ਸੂਰਤ ਜ਼ਿਲ੍ਹੇ ’ਚ ਕੱਲ੍ਹ ਦੇਰ ਰਾਤ ਇੱਕ ਬੇਕਾਬੂ ਵਾਹਨ ਨੇ ਸੜਕ ਕਿਨਾਰੇ ਸੁੱਤੇ ਪਏ 20 ਵਿਅਕਤੀਆਂ ਨੂੰ ਕੁਚਲ ਦਿੱਤਾ। ਜਿਨ੍ਹਾਂ ’ਚੋਂ 15 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਅੱਜ ਦੱਸਿਆ ਕਿ ਇੱਥੋਂ ਕਰੀਬ 50 ਕਿਮੀ. ਦੂਰ ਕਿਮ-ਮਾਂਡਵੀ ਰੋਡ ’ਤੇ ਕੋਸੰਬਾ ਦੇ ਪਲੋਡਗਾਮ ਦੇ ਨੇੜੇ ਇਹ ਹਾਦਸਾ ਵਾਪਰਿਆ।
ਮ੍ਰਿਤਕ ਮੂਲ ਤੌਰ ’ਤੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਕੁਸ਼ਲਗੜ੍ਹ ਨਿਵਾਸੀ ਮਜ਼ਦੂਰ ਦੱਸੇ ਗਏ ਹਨ। ਮ੍ਰਿਤਕਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਅੱਧੀ ਰਾਤ ਦੇ ਆਸ-ਪਾਸ ਇੱਕ ਤੇਜ਼ ਰਫ਼ਤਾਰ ਡੰਪਰ, ਗੰਨਾ ਲੱਦੇ ਇੱਕ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਅਸੰਤੁਲਿਤ ਹੋ ਕੇ ਇਨ੍ਹਾਂ ਮਜ਼ਦੂਰਾਂ ਉੱਪਰ ਚੜ੍ਹ ਗਿਆ। ਉਨ੍ਹਾਂ ’ਚੋਂ 12 ਦੀ ਮੌਕੇ ’ਤੇ ਹੀ ਮੌਤ ਹੋ ਗਈ। 8 ਜ਼ਖਮੀਆਂ ’ਚੋਂ ਤਿੰਨ ਨੇ ਸੂਰਤ ਦੇ ਰਿਸਮੇਰ ਹਸਪਤਾਲ ’ਚ ਦਮ ਤੋੜ ਦਿੱਤਾ। ਪੁਲਿਸ ਨੇ ਡੰਪਰ ਨੂੰ ਜ਼ਬਤ ਕਰਕੇ ਇਸ ਦੇ ਡਰਾਇਵਰ ਤੇ ਕਲੀਨਰ ਨੂੰ ਫੜ ਲਿਆ ਹੈ। ਦੱਸਿਆ ਜਾਂਦਾ ਹੈ ਕਿ ਡਰਾਈਵਰ ਨੇ ਸ਼ਰਾਬ ਪੀ ਰੱਖੀ ਸੀ। ਮਾਮਲੇ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ। ਇਸ ਦੁੱਖਦਾਈ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.