ਅਧਿਆਪਕਾਂ ਸਾੜਿਆ ਸਿੱਖਿਆ ਸਕੱਤਰ ਦਾ ਪੁੱਤਲਾ

ਝੂਠੇ ਅੰਕੜਿਆਂ ਦੀ ਆੜ ’ਚ ਪੰਜਾਬ ਦੀ ਸਰਕਾਰੀ ਸਿੱਖਿਆ ਤਬਾਹ ਕਰਨ ਦਾ ਲਾਇਆ ਦੋਸ਼

ਨਾਭਾ, (ਤਰੁਣ ਕੁਮਾਰ ਸ਼ਰਮਾ)। ਜਿੱਥੇ ਇੱਕ ਪਾਸੇ ਲੰਮੇ ਸਮੇਂ ਦੇ ਲਾਕ-ਡਾਊਨ ਬਾਦ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਖੁੱਲੇ ਸਕੂਲਾਂ ’ਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਚੁੱਕੀਆ ਹਨ ਉਥੇ ਪੰਜਾਬ ਦਾ ਅਧਿਆਪਕ ਵਰਗ ਹਾਲੇ ਵੀ ਆਨਲਾਇਨ ਸਿੱਖਿਆ ਅਤੇ ਕਾਗਜੀ ਕਾਰਵਾਈਆਂ ਪੂਰੀਆਂ ਕਰਨ ਦੇ ਚੱਕਰਾਂ ਵਿੱਚ ਉਲਝਿਆ ਪਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਆਗੂਆਂ ਹਰਵਿੰਦਰ ਰੱਖੜਾ ਅਤੇ ਰਾਮਸ਼ਰਨ ਅਲੋਹਰਾਂ ਨੇ ਦੋਸ਼ ਲਾਇਆ ਕਿ ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਆਨਲਾਇਨ ਸਿੱਖਿਆ ਨੂੰ ਸਕੂਲੀ ਸਿੱਖਿਆ ਦਾ ਬਦਲ ਬਨਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰੱਖਿਆ ਹੈ।

ਸਿੱਖਿਆ ਅਤੇ ਅਧਿਆਪਕਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਨ ਤੋਂ ਘੇਸਲ ਵੱਟ ਰੱਖੀ ਹੈ। ਸਿੱਖਿਆ ਸਕੱਤਰ ਦੀਆਂ ਆਪਹੁਦਰੀਆਂ ਤੋਂ ਅੱਕੇ ਵੱਡੀ ਗਿਣਤੀ ’ਚ ਅਧਿਆਪਕਾਂ ਨੇ ਡੀ.ਟੀ.ਐਫ. ਪੰਜਾਬ ਦੇ ਸੱਦੇ ’ਤੇ ‘ਸਕੱਤਰ ਹਟਾਓ, ਸਿੱਖਿਆ ਬਚਾਓ’ ਦੇ ਨਾਅਰੇ ਤਹਿਤ ਅੱਜ ਪਟਿਆਲਾ ਗੇਟ ਨਾਭਾ ਵਿਖੇ ਸਕੱਤਰ ਦਾ ਪੁਤਲਾ ਫੂਕਿਆ।

ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਦਾ ਰਵੱਈਆ ਤਾਨਾਸ਼ਾਹੀ ਭਰਿਆ ਅਤੇ ਸਿੱਖਿਆ ਵਿਰੋਧੀ ਹੈ। ਅਧਿਆਪਕਾਂ ਦੇ ਬੁਨਿਆਦੀ ਮਸਲੇ ਜਿਵੇਂ ਸੰਘਰਸ ਦੇ ਦੌਰਾਨ ਹੋਈਆਂ ਧੱਕੇਸ਼ਾਹੀਆਂ ਚਾਰ ਮੰਤਰੀਆਂ ਦੀ ਕਮੇਟੀ ਵੱਲੋਂ ਫੈਸਲੇ ਦੇਣ ’ਤੇ ਵੀ ਰੱਦ ਨਾ ਕਰਨਾ, ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਰੋਕਣਾ, ਓ.ਡੀ.ਐਲ. ਅਧਿਆਪਕਾਂ ਨੂੰ ਰੈਗੂਲਰ ਨਾ ਕਰਨਾ, 2020 ਦੀਆਂ ਬਦਲੀਆਂ ਰੋਕਣ ਤੇ 3582 ਅਧਿਆਪਕਾਂ ਨੂੰ ਪਿੱਤਰੀ ਜਿਲਿਆਂ ਵਿੱਚ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਨਾ ਦੇਣ, ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਪੱਕੇ ਨਾ ਕਰਨਾ, ਗੈਰ ਵਾਜਿਬ ਰੈਸ਼ਨਲਾਇਜੇਸ਼ਨ ਨੀਤੀ ਬਹਾਨੇ ਪੋਸਟਾਂ ਦਾ ਖਾਤਮਾ ਕਰਨ ਵਰਗੇ ਕੰਮ ਸਕੱਤਰ ਦੇ ਸਿੱਖਿਆ ਤੇ ਅਧਿਆਪਕ ਵਿਰੋਧੀ ਰਵੱਈਏ ਦੀ ਹਾਮੀ ਭਰਦੇ ਹਨ।

ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਆਗੂ ਭਜਨ ਸਿੰਘ ਨੌਹਰਾ, ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਮੰਡੋਰ ਨੇ ਕਿਹਾ ਕਿ ਜੇਕਰ ਸਕੱਤਰ ਵੱਲੋਂ ਇਨ੍ਹਾਂ ਫਾਲਤੂ ਕਾਰਵਾਈਆਂ ਨੂੰ ਨਹੀਂ ਰੋਕਿਆ ਜਾਂਦਾ ਤਾਂ ਅਧਿਆਪਕਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਲੋਕਾਂ ਵਿਚ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਨੰਗਾ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਕੁਲਦੀਪ ਸਿੰਘ, ਪਵਨ ਕੁਮਾਰ, ਪਰਮਵੀਰ ਸਿੰਘ, ਨਰਿੰਦਰ ਸਿੰਘ, ਅੰਮ੍ਰਿਤ ਸਿੰਘ, ਮਨੋਜ ਕੁਮਾਰ, ਅਮਨ ਰਾਜਨ, ਹਰਬੰਸ ਸਿੰਘ, ਹਰੀਸ਼ ਕੁਮਾਰ, ਸੁਰਜੀਤ ਸਿੰਘ, ਹੰਸ ਰਾਜ, ਕੇਵਲ ਸਿੰਘ, ਨੀਲਮ ਰਾਣੀ, ਅਨੂ ਮੈਨਰੋ, ਮੈਡਮ ਰੇਖਾ, ਹਰਦੀਪ ਕੌਰ, ਪਰਮਜੀਤ ਕੌਰ, ਮਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.