ਸਿਹਤ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕਾਂ ’ਚ ਬਰਡ ਫਲੁੂ ਦਾ ਬਣਿਆ ਡਰ
ਸਨੌਰ, (ਰਾਮ ਸਰੂਪ ਪੰਜੋਲਾ)। ਸਨੌਰ ਦੇ ਖਾਲਸਾ ਕਲੋਨੀ ਮੁਹੱਲੇ ਵਿੱਚ ਕਈ ਖਾਲੀ ਪਲਾਟਾਂ ਅਤੇ ਹੋਰ ਕਈ ਖਾਲੀ ਥਾਵਾਂ ’ਤੇ ਮਰੀਆਂ ਹੋਈਆਂ ਮੁਰਗੀਆਂ ਦੇਖ ਕੇ ਸਨੌਰ ਵਾਸੀਆਂ ’ਚ ਬਰਡ ਫਲੂ ਬਿਮਾਰੀ ਫੈਲਣ ਦੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ’ਤੇ ਪੁਲਿਸ ਪਾਰਟੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।ਸਿਹਤ ਵਿਭਾਗ ਵੱਲੋਂ ਮੌਕੇ ’ਤੇ ਪਹੁੰਚ ਕੇ ਮਰੀਆਂ ਹੋਈਆਂ ਮੁਰਗੀਆਂ ਦੇ ਸੈਂਪਲ ਲਏ ਗਏ।
ਜਾਣਕਾਰੀ ਅਨੁਸਾਰ ਸਨੌਰ ਦੇ ਖਾਲਸਾ ਕਲੋਨੀ ਵਿਖੇ ਅੱਜ ਸਵੇਰੇ ਇੱਕ ਖਾਲੀ ਪਲਾਟ ਵਿੱਚ ਤਕਰੀਬਨ ਦੋ ਦਰਜ਼ਨ ਦੇ ਕਰੀਬ ਮਰੀਆਂ ਹੋਈਆਂ ਲਾਲ ਮੁਰਗੀਆਂ ਦੇਖ ਕੇ ਲੋਕਾਂ ਵਿੱਚ ਡਰ ਦਾ ਮਹੋਲ ਬਣ ਗਿਆ। ਸਥਾਨਕ ਲੋਕਾਂ ਨੇ ਪੁਲਿਸ, ਨਗਰ ਕੌਂਸਲ ਸਨੌਰ ਅਤੇ ਸਿਹਤ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਸਥਾਨਕ ਵਾਸੀ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਕੋਲ ਮੁਰਗੀਆਂ ਰੱਖੀਆਂ ਹੋਈਆਂ ਸਨ। ਮੁਰਗੀਆਂ ਦਸ ਕੁ ਦਿਨ ਪਹਿਲਾਂ ਮਰਨੀਆਂ ਸ਼ੁਰੂ ਹੋ ਗਈਆਂ ਸਨ, ਜਿਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ । ਸਿਹਤ ਵਿਭਾਗ ਵੱਲੋਂ ਆ ਕੇ ਮੁਰਗੀਆਂ ਦੇ ਸੈਂਪਲ ਲਏ ਗਏ ਸਨ, ਜਿਸ ਦੀ ਸਿਹਤ ਵਿਭਾਗ ਵੱਲੋਂ ਕੋਈ ਰਿਪੋਰਟ ਦੀ ਜਾਣਕਾਰੀ ਨਹੀਂ ਦਿੱਤੀ।
ਇਸ ਤੋਂ ਬਾਅਦ ਮੁਰਗੀਆਂ ਇੱਕ-ਇੱਕ ਕਰਕੇ ਸਾਰੀਆਂ ਮਰ ਗਈਆਂ। ਅੱਜ ਮੁਹੱਲੇ ’ਚ ਹੋਰ ਮਰੀਆਂ ਮੁਰਗੀਆਂ ਦੇਖ ਕੇ ਬਰਡ ਫਲੂ ਬਿਮਾਰੀ ਦਾ ਡਰ ਬਣਿਆ ਹੋਇਆ ਹੈ। ਲੋਕਾ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਹਨਾਂ ਲੋਕਾਂ ਨੇ ਮਰੀਆਂ ਮੁਰਗੀਆਂ ਖਾਲੀ ਪਲਾਟਾਂ ’ਚ ਸੁੱਟੀਆਂ ਹਨ ਉਹਨਾਂ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਵਾਰਾ ਕੁੱਤੇ ਇਹਨਾਂ ਮੁਰਗੀਆਂ ਨੂੰ ਘਸੀਟਦੇ ਫਿਰਦੇ ਹਨ ਜਿਸ ਕਰਕੇ ਲੋਕ ਡਰੇ ਹੋਏ ਹਨ।ਇਸ ਤੋਂ ਬਾਅਦ ਮੌਕੇ ’ਤੇ ਨਗਰ ਕੌਂਸਲ ਅਤੇ ਸਿਹਤ ਵਿਭਾਗ ਹਰਕਤ ’ਚ ਆਏ।
ਸਿਹਤ ਵਿਭਾਗ ਵੱਲੋਂ ਮਰੀਆਂ ਮੁਰਗੀਆਂ ਦੇ ਸੈਂਪਲ ਲਏ ਗਏ। ਨਗਰ ਕੌਂਸਲ ਵੱਲੋਂ ਮਰੀਆਂ ਹੋਈਆਂ ਮੁਰਗੀਆਂ ਨੂੰ ਧਰਤੀ ’ਚ ਦਬਾਇਆ ਗਿਆ ਅਤੇ ਇਸ ਥਾਂ ’ਤੇ ਦਵਾਈ ਦਾ ਛਿੜਕਾਅ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਮਰੇ ਹੋਏ ਪੰਛੀ ਪਾਏ ਗਏ ਹਨ, ਜਿਹਨਾਂ ਦੀ ਮੌਕੇ ’ਤੇ ਪਹੁਚ ਕੇ ਸੈਂਪਲਿੰਗ ਲੈ ਕੇ ਆਰ.ਡੀ.ਡੀ.ਐਲ ਜਲੰਧਰ ਭੇਜ ਰਹੇ ਹਾਂ ਜਿਸ ਦੇ ਕਾਰਣ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਪੰਛੀ ਕਿਸ ਤਰ੍ਹਾਂ ਮਰੇ ਹਨ। ਕੁਝ ਦਿਨ ਪਹਿਲਾਂ ਵੀ ਅਸੀਂ ਇੱਥੋਂ ਕੁਝ ਪੋਲਟਰੀ ਫਾਰਮ ਦੀਆਂ ਮੁਰਗੀਆਂ ਦੇ ਸੈਂਪਲ ਲੈ ਕੇ ਜਲੰਧਰ ਭੇਜੇ ਸਨ ਜਿਸ ਦੀ ਰਿਪੋਰਟ ਅਜੇ ਨਹੀਂ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.