ਮੁਹਾਲੀ ’ਚ ਸ਼ੱਕੀ ਹਾਲਤ ’ਚ ਅੱਧੀ ਦਰਜਨ ਕਾਂਵਾਂ ਦੀ ਮੌਤ

ਸ਼ਮਸ਼ਾਨਘਾਟ ’ਚ ਮਰੇ ਹੋਏ ਮਿਲੇ ਅੱਧੀ ਦਰਜਨ ਤੋਂ ਵੱਧ ਕਾਂ

ਮੋਹਾਲੀ,(ਕੁਲਵੰਤ ਕੋਟਲੀ) ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੱਜ ਸਵੇਰੇ ਵੱਖ ਵੱਖ ਥਾਵਾਂ ’ਤੇ ਅਧੀ ਦਰਜਨ ਤੋਂ ਵੱਧ ਕਾਂ ਮਰੇ ਹੋਏ ਮਿਲੇ ਹਨ। ਇਹਨਾਂ ਵਿੱਚੋਂ ਚਾਰ ਕਾਂ ਅਜਿਹੇ ਸਨ ਜਿਹੜੇ ਸ਼ਮਸ਼ਾਨ ਘਾਟ ਦੇ ਕਰਮਚਾਰੀ ਵਲੋਂ ਵੇਖੇ ਜਾਣ ਤੋਂ ਪਹਿਲਾਂ ਹੀ ਮਰੇ ਹੋਏ ਸੀ ਜਦੋਂਕਿ ਤਿੰਨ 11 ਵਜੇ ਤਕ ਜਿੰਦਾ ਸਨ ਅਤੇ ਆਖਰੀ ਸਾਹ ਲੈ ਰਹੇ ਸਨ। ਮਰੇ ਹੋਏ ਕਾਵਾਂ ਨੂੰ ਬਾਅਦ ਵਿੱਚ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਵਲੋਂ ਚੁਕਵਾ ਕੇ ਪਸ਼ੂਪਾਲਣ ਵਿਭਾਗ ਦੀ ਬਲੌਂਗੀ ਸਥਿਤ ਡਿਸਪੈਂਸਰੀ ਪਹੁੰਚਾਇਆ ਗਿਆ ਜਿੱਥੋਂ ਬਾਅਦ ਵਿੱਚ ਇਹਨਾਂ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜਿਆ ਜਾਣਾ ਸੀ।

ਸ਼ਮਸ਼ਾਨ ਘਾਟ ਦੇ ਪੰਡਤ ਨਰਿੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਂ ਸ਼ਮਸ਼ਾਨ ਘਾਟ ’ਚ ਦਰੱਖਤਾਂ ਦੇ ਹੇਠਾਂ ਡਿੱਗੇ ਮਿਲੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਅੱਜ ਸਵੇਰੇ ਇਹ ਕਾਂ ਮਰੇ ਹੋਏ ਵੇਖੇ ਅਤੇ ਇਸ ਸੰਬੰਧੀ 100 ਨੰਬਰ ’ਤੇ ਫੋਨ ਕਰਕੇ ਸੂਚਿਤ ਕੀਤਾ ਜਿਸਤੋਂ ਬਾਅਦ ਪੁਲੀਸ ਟੀਮ ਮੌਕੇ ਤੇ ਆਈ ਅਤੇ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਗੱਲ ਕੀਤੀ।

ਉਹਨਾਂ ਕਿਹਾ ਕਿ ਹੁਣ ਚਾਰ ਘੰਟੇ ਦਾ ਸਮਾਂ ਬੀਤ ਚੁੱਕਿਆ ਹੈ ਪਰ ਕੋਈ ਵੀ ਵਿਅਕਤੀ ਇੱਥੇ ਨਹੀਂ ਪਹੁੰਚਿਆ ਹੈ। ਮਰੇ ਹੋਏ ਕਾਵਾਂ ਦੇ ਸੈਂਪਲ ਲੈਣ ਸਬੰਧੀ ਪਸ਼ੂ ਪਾਲਣ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਦੇ ਰਹੇ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਕਹਿੰਦੇ ਰਹੇ ਕਿ ਜਾਂਚ ਤਾਂ ਪਸ਼ੂਪਾਲਣ ਵਿਭਾਗ ਵਲੋਂ ਹੀ ਕੀਤੀ ਜਾਣੀ ਹੈ ਅਤੇ ਉਹ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ।

ਡਿਵੀਜਨਲ ਫਾਰੈਸਟ ਅਫਸਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੀ ਡਿਪਟੀ ਡਾਇਰੈਕਟਰ ਨਾਲ ਗੱਲ ਵੀ ਹੋਈ ਹੈ ਅਤੇ ਉਹ ਆਪਣੇ ਕਰਮਚਾਰੀ ਭੇਜ ਰਹੇ ਹਨ ਜਿਹਨਾਂ ਵੱਲੋਂ ਮੌਕੇ ਤੋਂ ਮਰੇ ਹੋਏ ਕਾਂ ਚੁਕਵਾ ਕੇ ਪਸ਼ੂਪਾਲਣ ਵਿਭਾਗ ਦੇ ਪੋਲੀ ਕਲੀਨਿਕ ਪਹੁੰਚਾਏ ਜਾਣਗੇ ਜਿੱਥੋਂ ਜਾਂਚ ਦੇ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਸ਼ਹਿਰ ਵਿੱਚ ਜਿਹੜੇ ਪੰਜ ਮਰ ਹੋਏ ਕਾਂ ਬਰਾਮਦ ਹੋਏ ਸੀ ਉਹਨਾਂ ਦੇ ਸੈਂਪਲ ਵੀ ਜਾਂਚ ਲਈ ਜਲੰਧਰ ਭੇਜੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.