ਲੋਹੜੀ ਦਾ ਤਿਉਂਹਾਰ ਵੀ ਕੇਂਦਰ ਸਰਕਾਰ ਖਿਲਾਫ਼ ਰੋਸ ’ਚ ਲੰਘਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਅੱਜ ਲੋਹੜੀ ਦਾ ਤਿਉਂਹਾਰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਮੋਦੀ ਸਰਕਾਰ ਨੂੰ ਵੱਖਰਾ ਹੀ ਸੁਨੇਹਾ ਦੇ ਗਿਆ। ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਅੰਦਰ ਅੱਜ ਹਰ ਵਰਗ ਵੱਲੋਂ ਲੋਹੜੀ ਦੀਆਂ ਧੂਣੀਆਂ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਹ ਪ੍ਰਗਟ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੇ ਲੋਕਾਂ ਲਈ ਲੋਹੜੀ ਦਾ ਤਿਉਂਹਾਰ ਰਵਾਇਤੀ ਤੌਰ ’ਤੇ ਸੱਭਿਆਚਾਰਕ ਖੁਸ਼ੀਆਂ ਭਰਿਆ ਤਿਉਂਹਾਰ ਹੈ ਅਤੇ ਪੰਜਾਬ ਅੰਦਰ ਘਰ ਘਰ ਲੋਹੜੀ ਮਨਾਈ ਜਾਂਦੀ ਹੈ। ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਲਿਆਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਡਟੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਤੇ ਸੱਦੇ ਤੋਂ ਬਾਅਦ ਵੱਖਰੀ ਤਰ੍ਹਾਂ ਲੋਹੜੀ ਮਨਾ ਕੇ ਮੋਦੀ ਸਰਕਾਰ ਨੂੰ ਸਖਤ ਸੁਨੇਹਾ ਦਿੱਤਾ ਗਿਆ।
ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਅੰਦਰ ਅੱਜ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਕਲਾਕਾਰਾਂ, ਵਿਦਿਆਰਥੀਆਂ, ਰਾਜਨੀਤਿਕ ਪਾਰਟੀਆਂ ਆਦਿ ਹਰ ਵਰਗ ਵੱਲੋਂ ਲੋਹੜੀ ਦੀ ਧੂਣੀ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਸਾਇਆ ਗਿਆ। ਦੇਰ ਸ਼ਾਮ ਤੱਕ ਮਿਲਿਆ ਰਿਪੋਰਟਾਂ ਅਨੁਸਾਰ ਪੰਜਾਬ ਅੰਦਰ ਹਜਾਰਾਂ ਦੀ ਗਿਣਤੀ ’ਚ ਬਲੀਆ ਲੋਹੜੀ ਦੀਆਂ ਧੂਣੀਆਂ ’ਚ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਤੋਂ ਇਲਾਵਾ ਜਿੱਥੇ ਜਿੱਥੇ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ, ਭਾਜਪਾਂ ਆਗੂਆਂ ਦੇ ਘਰਾਂ ਆਦਿ ਅੱਗੇ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਵੀ ਵੱਡੇ ਇਕੱਠਾਂ ’ਚ ਅਨੇਕਾ ਕਾਪੀਆਂ ਸਾੜੀਆਂ ਗਈਆਂ।
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੇਂਦਰੀ ਕਾਨੂੰਨ ਬਾਲਣ ਮੌਕੇ ਦਿੱਤਾ ਗਿਆ ਨਾਅਰਾ ਵੀ ਲੋਕਾਂ ਦੀਆਂ ਜੁਬਾਨਾਂ ਤੇ ਚੜਿਆ ਰਿਹਾ। ਇੱਥੋਂ ਤੱਕ ਕਿ ਅੱਜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅੰਦਰ ਵੀ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਵੱਲੋਂ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਮੋਦੀ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਵੱਡੇ ਪਿੰਡਾਂ ਅੰਦਰ ਤਾ ਦਰਜ਼ਨਾਂ ਥਾਵਾਂ ਤੇ ਲੋਹੜੀ ਦੀਆਂ ਧੂਣੀਆਂ ਤੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਾਲ ਹੀ ਹਜਾਰਾਂ ਦੀ ਗਿਣਤੀ ਵਿੱਚ ਖੇਤ ਮਜ਼ੂਦਰਾਂ, ਅਧਿਆਪਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ ਦਰਜ਼ ਕਰਵਾਉਂਦਿਆ ਕਾਪੀਆਂ ਸਾੜੀਆਂ ਗਈਆਂ।
ਪੰਜਾਬ ਦੇ ਸਕੂਲਾਂ ’ਚ ਵੀ ਸਾੜੀਆਂ ਗਈਆਂ ਕਾਨੂੰਨਾਂ ਦੀਆਂ ਕਾਪੀਆਂ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਹੁਸ਼ਿਆਰਪੁਰ, ਮਾਨਸਾ, ਫਹਿਤਗੜ੍ਹ ਸਾਹਿਬ, ਅੰਮ੍ਰਿਤਸਰ, ਮੁਕਤਸਰ, ਜਲੰਧਰ ਆਦਿ ਸਾਰੇ ਜ਼ਿਲਿ੍ਹਆਂ ’ਚ ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਯੂਨੀਵਰਸਿਟੀ ’ਚ ਬਲੇ ਖੇਤੀ ਕਾਨੂੰਨ
ਪੰਜਾਬ ਸਟੁੂਡੈਂਟਸ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਤੂਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਵਿਦਿਆਰਥੀ ਵਰਗ ਵੱਲੋਂ ਕਿਸਾਨਾਂ ਦੇ ਸੱਦੇ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ਼ ਕਰਵਾਇਆ ਗਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ’ਚ ਧਰਨਾ ਦੇ ਰਹੇ ਮੁਲਾਜ਼ਮਾਂ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਲੋਹੜੀ ਬਾਲੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਪੂਰਾ ਦੇਸ਼ ਹੀ ਗੁੱਸੇ ਵਿੱਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.