ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ, ਦੇਸ਼ ਨੂੰ ਖੁਸ਼ਹਾਲ ਬਣਾਓ

ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ, ਦੇਸ਼ ਨੂੰ ਖੁਸ਼ਹਾਲ ਬਣਾਓ

ਭਾਰਤ ਗੁਰੂਆਂ, ਪੀਰਾਂ, ਯੋਧਿਆਂ, ਸ਼ਹੀਦਾਂ, ਸੂਰਵੀਰਾਂ ਦੀ ਧਰਤੀ ਹੈਦੇਸ਼ ਦੇ ਨੌਜਵਾਨਾਂ ਨੇ ਦੁਨੀਆਂ ਭਰ ਵਿੱਚ ਤਰੱਕੀ ਦੇ ਝੰਡੇ ਗੱਡੇ ਹਨ, ਸੰਸਾਰ ਭਰ ਵਿੱਚ ਐਸਾ ਕੋਈ ਦੇਸ਼ ਨਹੀਂ ਹੋਣਾ ਜਿੱਥਾ ਭਾਰਤੀ ਨਾ ਵੱਸਦੇ ਹੋਣ। ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅੱਜ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਚਿੱਟਾ ਤੇ ਹੋਰ ਸਾਰੇ ਤਰ੍ਹਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ ਕਹਿ ਲਵੋ ਚਿੱਟੇ ਦੀ ਲਪੇਟ ਵਿੱਚ ਆ ਰਹੀ ਹੈ। ਇਸ ਚਿੱਟੇ ਨੇ ਪਿਛਲੇ ਕਈ ਵਰਿ੍ਹਆਂ ਤੋਂ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਇਸ ਚਿੱਟੇ ਨੇ ਕਈ ਮਾਵਾਂ ਦੇ ਪੁੱਤ ਖੋਹ ਲਏ ਹਨ। ਬੜਾ ਦੁੱਖ ਹੁੰਦਾ ਹੈ ਸੁਣ ਕੇ ਕਿ ਅੱਜ-ਕੱਲ੍ਹ ਕਈ ਕੁੜੀਆਂ ਵੀ ਨਸ਼ੇ ਦੀਆਂ ਆਦੀ ਬਣ ਚੁੱਕੀਆਂ ਹਨ।

ਪੁਰਾਣਿਆਂ ਸਮਿਆਂ ਵਿੱਚ ਕੋਈ ਬੇਈਮਾਨ ਆਦਮੀ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਉਸ ਦੇ ਬੱਚਿਆਂ ਨੂੰ ਧੋਖੇ ਨਾਲ ਅਫੀਮ ਦੇ ਕੇ ਅਮਲੀ ਬਣਾ ਕੇ ਵੈਰ ਕਮਾਉਂਦਾ ਸੀ ਪਰ ਅੱਜ ਦੀ ਨੌਜਵਾਨ ਪੀੜ੍ਹੀ ਖੁਦ ਹੀ ਮਾੜੀ ਸੰਗਤ ਸਦਕਾ ਨਸ਼ਿਆਂ ਦੀ ਆਦੀ ਬਣਦੀ ਜਾ ਰਹੀ ਹੈ। ਕਈ ਤਾਂ ਚਿੱਟਾ, ਮਹਿੰਗੀ ਸ਼ਰਾਬ, ਨਸ਼ੀਲੀਆਂ ਦਵਾਈਆਂ, ਚਰਸ, ਹੀਰੋਇਨ, ਸਿਗਰਟਾਂ ਆਦਿ ਨਸ਼ੇ ਕਰਨਾ ਆਪਣਾ ਉੱਚਾ ਸਟੇਟਸ ਮੰਨਣ ਲੱਗ ਪਏ ਹਨ। ਮੇਰੀ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਸੰਭਲ ਜਾਉ! ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ, ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾਂ ਦਾ ਕੋਈ ਨੁਕਸਾਨ ਨਹੀਂ । ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਹੈ।

ਨਸ਼ਾ ਤੁਹਾਡੀ ਪ੍ਰਾਪਰਟੀ ਵਿਕਾ ਦਿੰਦਾ ਹੈ। ਤੁਹਾਡੀ ਜਿੰਦਗੀ ਖਰਾਬ ਕਰਦਾ ਹੈ ਤੇ ਨਾਲ-ਨਾਲ ਤੁਹਾਡੀ ਬਣੀ-ਬਣਾਈ ਇੱਜਤ ਵੀ ਮਿੱਟੀ ਵਿੱਚ ਮਿਲਾ ਦਿੰਦਾ ਹੈ ਤੇ ਫਿਰ ਇੱਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦਾ ਹੈ। ਭਾਰਤ ਦੇ ਗੁਜਰਾਤ ਰਾਜ ਵਾਂਗ ਸਾਰੇ ਰਾਜਾਂ ਵਿੱਚ ਸ਼ਰਾਬ, ਚਿੱਟਾ ਆਦਿ ਨਸ਼ੇ ਬੰਦ ਹੋਣੇ ਚਾਹੀਦੇ ਹਨ। ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨ੍ਹਾਂ ’ਚ ਨਸ਼ਾਖੋਰੀ ਦਾ ਰੁਝਾਨ ਵਧਣ ਦੀ ਵਜ੍ਹਾ ਬਣ ਰਹੀਆਂ ਹਨ। ਜਿਵੇਂ ਸਾਡੇ ਸਮਾਜ ’ਚ ਪ੍ਰਾਹੁਣਿਆਂ ਦਾ ਆਦਰ-ਸਤਿਕਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਪ੍ਰਾਹੁਣਿਆਂ ਦੀ ਸਭ ਤੋਂ ਵੱਡੀ ਸੇਵਾ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ।

ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ-ਹੌਲੀ ਬੱਚੇ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਰਕੇ ਖਾਸ ਚੀਜ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ ਜਾਂ ਕਈ ਲੋਕ ਮਜਾਕ ’ਚ ਹੀ ਬੱਚਿਆਂ ਨੂੰ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ-ਹੌਲੀ ਬੱਚੇ ਦਾ ਸ਼ੌਂਕ ਤੇ ਆਦਤ ਬਣ ਜਾਂਦਾ ਹੈ। ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸਦਾ ਨਤੀਜਾ ਅੱਜ ਅਸੀਂ ਅਜੋਕੇ ਸਮਾਜ ਵਿੱਚ ਭਲੀ-ਭਾਂਤ ਦੇਖ ਸਕਦੇ ਹਾਂ।

ਦਿੱਲੀ ਦੇ ਏਮਜ਼ ਹਸਪਤਾਲ ਦੇ ਇੱਕ ਐਨ.ਜੀ.ਓ ‘ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼’ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ਿਆਂ ਬਾਰੇ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਟੀ.ਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਸ਼ਰਾਬ ਕਰਕੇ ਹੁੰਦੀਆਂ ਹਨ ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸੰਨ 2000 ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮੁੰਡਿਆਂ-ਕੁੜੀਆਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ, ਨਸ਼ੱਈਆਂ ਨੇ ਪਤਨੀਆਂ ਤੇ ਮਾਪਿਆਂ ਦੇ ਕਤਲ ਕਰ ਦਿੱਤੇ, ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਹਿਸਥ ਜੀਵਨ ਦੇ ਕਾਬਲ ਨਹੀਂ ਰਹੇ, ਤਲਾਕ ਹੋ ਰਹੇ ਹਨ, ਬਹੁਤੀਆਂ ਲੜਾਈਆਂ, ਦੁਰਾਚਾਰ ਅਤੇ ਹਾਦਸੇ ਨਸ਼ਿਆਂ ਕਰਕੇ ਹੀ ਹੁੰਦੇ ਹਨ।

ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜ੍ਹੀ ਨੂੰ ਸਮਝਾ ਕੇ ਨਸ਼ਿਆਂ ਦੇ ਖਿਲਾਫ ਨਸ਼ਾ ਛੜਾਊ ਮੁਹਿੰਮਾਂ ਵਿੱਢੀਆਂ ਹੋਈਆਂ। ਕਿੰਨੇ ਹੀ ਲੋਕ ਨੌਜਵਾਨ ਪੀੜ੍ਹੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਣ ਯੋਗ ਬਣਾਉਣ ਲਈ ਯਤਨਸ਼ੀਲ ਹਨ।

ਪਰ ਫਿਰ ਵੀ ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖਾਸ ਧਿਆਨ ਰੱਖਣ, ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਣ, ਹੋਸਟਲਾਂ ਵਿੱਚ ਰਹਿੰਦੇ ਲੜਕੇ ਲੜਕੀਆਂ ਦੀ ਨਿਗਰਾਨੀ ਹੋਵੇ, ਖੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ ’ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ ਸਰਕਾਰਾਂ ਤੇ ਡਾਕਟਰੀ ਇਲਾਜ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਉ! ਅੱਜ ਤੋਂ ਹੀ ਇਸ ਕੰਮ ਦੀ ਸ਼ੁਰੂਆਤ ਕਰੀਏ ਨੇਕ ਕੰਮ ਵਿੱਚ ਦੇਰੀ ਕਿੳਂੁ। ਇਸ ਤਰ੍ਹਾਂ ਕਰਨ ਨਾਲ ਕਦੇ ਕੋਈ ਮਾਂ ਨਹੀਂ ਕਹੇਗੀ ਕਿ ਨਸ਼ਿਆਂ ਨੇ ਪੁੱਤ ਖੋਹ ਲਏ ਮਾਂਵਾਂ ਦੇ।

ਗਾਣਿਆਂ ਅਤੇ ਫਿਲਮਾਂ ਵਿੱਚ ਨਸ਼ੇ ਤੇ ਬੰਦੂਕਾਂ ਦੀ ਪ੍ਰਦਰਸ਼ਨੀ ਬੰਦ ਹੋਣੀ ਚਾਹੀਦੀ ਹੈ। ਹੁਣ ਚੌੜੀਆਂ ਹਿੱਕਾਂ ਵਾਲੇ ਛੇ ਫੁੱਟੇ ਗੱਭਰੂ ਨਹੀਂ ਮਿਲਣੇ ਜੇ ਹੁਣ ਸਮਾਜ ਸੁਧਾਰ ਜਥੇਬੰਦੀਆਂ, ਬੁੱਧੀਜੀਵੀ ਅਤੇ ਫਿਕਰਮੰਦ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਹੰਭਲਾ ਨਾ ਮਾਰਿਆ ਤਾਂ ਆਉਣ ਵਾਲੀ ਪੀੜ੍ਹੀ ਬੇਹੱਦ ਕਮਜ਼ੋਰ, ਆਲਸੀ ਤੇ ਮਨੋਰੋਗੀ ਹੋਵੇਗੀ। ਆਓ! ਅਸੀਂ ਵਾਅਦਾ ਕਰੀਏ ਕਿ ਅਸੀਂ ਖੁਦ ਤਾਂ ਚਿੱਟੇ, ਸ਼ਰਾਬ ਆਦਿ ਨਸ਼ਿਆਂ ਤੋਂ ਬਚਾਂਗੇ ਹੀ ਨਾਲ ਹੀ ਆਉਣ ਵਾਲੀ ਪੀੜ੍ਹੀ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਦੇ ਯਤਨ ਕਰਾਂਗੇ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਪਾਵਾਂਗੇ।
ਜੈਤੋ ਮੰਡੀ, ਫ਼ਰੀਦਕੋਟ
ਮੋ. 98550-31081
ਪ੍ਰਮੋਦ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.