Children’s story: ਬਾਲ ਕਹਾਣੀ : ਅਨਮੋਲ ਤੇ ਪਾਣੀ
ਬਹੁਤ ਹੀ ਸ਼ਰਾਰਤੀ ਸੁਭਾਅ ਵਾਲਾ ਅਨਮੋਲ ਨਾਂਅ ਦਾ ਲੜਕਾ, ਸਵੇਰੇ ਥੋੜ੍ਹਾ ਜਿਹਾ ਖੜਕਾ ਹੋਣ ’ਤੇ ਹੀ ਉੱਠ ਖੜ੍ਹਦਾ ਸੀ। ਨਿੱਤ ਨੇਮ ਵਾਂਗ ਜਦੋਂ ਵੀ ਬੁਰਸ਼ ਕਰਦਾ ਤਾਂ ਟੂਟੀ ਨੂੰ ਸਾਰਾ ਸਮਾਂ ਛੱਡੀ ਰੱਖਦਾ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਕਹਿੰਦੇ ਸਨ ਕਿ ਬੁਰਸ਼ ਗਿੱਲਾ ਕਰਨ ਤੋਂ ਬਾਅਦ ਟੂਟੀ ਬੰਦ ਕਰ ਦਿਆ ਕਰ ਤੇ ਜਦੋਂ ਮੂੰਹ ਧੋਣਾ ਹੋਵੇ ਫਿਰ ਦੁਬਾਰਾ ਛੱਡ ਲਿਆ ਕਰ ਪਰ ਉਹ ਕਿਸੇ ਦੀ ਮੰਨਦਾ ਹੀ ਨਹੀਂ ਸੀ।
ਇਵੇਂ ਹੀ ਜਦੋਂ ਨਹਾਉਣ ਦੀ ਵਾਰੀ ਆਉਂਦੀ ਤਾਂ ਜਿਨ੍ਹਾਂ ਸਮਾਂ ਉਹ ਬਾਥਰੂਮ ਵਿੱਚ ਰਹਿੰਦਾ ਤਾਂ ਉਨ੍ਹਾਂ ਸਮਾਂ ਟੂਟੀ ਨੂੰ ਬੰਦ ਨਹੀਂ ਸੀ ਕਰਦਾ।
ਉਂਝ ਵੀ ਜਦੋਂ ਵੀ ਉਹ ਸਕੂਲੋਂ ਵਾਪਸ ਆਉਂਦਾ ਤਾਂ ਕੌਲੀਆਂ-ਬਾਟੀਆਂ ਭਰ-ਭਰ ਕੇ ਪਾਣੀ ਨਾਲ ਹੀ ਜਿਆਦਾ ਖੇਡਦਾ ਜਾਂ ਫਿਰ ਰੋਜ਼ ਹੀ ਪਾਈਪ ਲਾ ਕੇ ਆਪਣਾ ਸਾਈਕਲ ਧੋਣ ਲੱਗ ਜਾਂਦਾ ਤੇ ਕਿਨ੍ਹਾਂ ਹੀ ਪਾਣੀ ਵਿਅਰਥ ਡੋਲੀ ਜਾਂਦਾ। ਕਿਤੇ-ਕਿਤੇ ਤਾਂ ਉਸ ਦੀ ਮਾਂ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਅਨਮੋਲ ਨੂੰ ਬਹੁਤ ਸਮਝਾਉਂਦੀ ਪਰ ਉਸ ਦੇ ਕੰਨ ’ਤੇ ਜੂੰ ਵੀ ਨਹੀਂ ਸਰਕਦੀ ਸੀ।
ਅਨਮੋਲ ਇੱਕ ਚੰਗੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਅੱਜ ਉਨ੍ਹਾਂ ਦੀ ਟੀਚਰ ਨੇ ਪਾਣੀ ਇੱਕ ਕੁਦਰਤੀ ਦਾਤ ਪਾਠ ਪੜ੍ਹਾਇਆ। ਉਹ ਬੱਚਿਆਂ ਨੂੰ ਦੱਸ ਰਹੀ ਸੀ ਕਿ ਪਾਣੀ ਧਰਤੀ ’ਤੇ ਇੱਕ ਕੀਮਤੀ ਸਾਧਨ ਹੈ।
ਅਨਮੋਲ ਤੇ ਪਾਣੀ
ਇਸ ਦੀ ਦੁਰਵਰਤੋਂ ਕਰਨ ਨਾਲ ਇਹ ਇੱਕ ਦਿਨ ਖ਼ਤਮ ਹੋ ਜਾਵੇਗਾ। ਰੋਟੀ ਖਾਣ ਨਾਲ਼ ਅਸੀ ਪਾਣੀ ਪÄਦੇ ਹਾਂ, ਸਰੀਰ ਤੇ ਕੱਪੜੇ ਧੋਣ ਲਈ ਪਾਣੀ ਦੀ ਵਰਤੋਂ ਕਰਦੇ ਹਾਂ, ਸਾਰੀਆਂ ਸਬਜ਼ੀਆਂ, ਫਲ਼ ਤੇ ਫ਼ਸਲਾਂ ਪਾਣੀ ਨਾਲ ਉੱਗਦੀਆਂ ਹਨ। ਉਸ ਦੀ ਗੱਲ ਸੁਣ ਕੇ ਅਨਮੋਲ ਤੋਂ ਰਿਹਾ ਨਾ ਗਿਆ,ਉਸ ਨੇ ਟੀਚਰ ਤੋਂ ਪੁੱਛਿਆ, ਮੈਮ! ਧਰਤੀ ’ਤੇ ਤਾਂ 71% ਪਾਣੀ ਹੈ ਫਿਰ ਪਾਣੀ ਖ਼ਤਮ ਕਿਵੇਂ ਹੋ ਜਾਵੇਗਾ। ਉਸ ਦੀ ਟੀਚਰ ਨੇ ਬੜੇ ਠਰਾਮੇ ਨਾਲ ਜਵਾਬ ਦਿੱਤਾ ਅਨਮੋਲ ਬੇਟੇ ਤੁਸÄ ਸਹੀ ਕਹਿ ਰਹੇ ਹੋ, ਧਰਤੀ ’ਤੇ ਪਾਣੀ ਦੀ ਮਾਤਰਾ ਤਾਂ ਬਹੁਤ ਹੈ ਪਰ ਜ਼ਿਆਦਾ ਪਾਣੀ ਖਾਰਾ ਹੈ ਤੇ ਪੀਣ ਵਾਲ਼ਾ ਪਾਣੀ ਤਾਂ ਸਿਰਫ਼ ਦੋ ਕੁ ਪ੍ਰਤੀਸ਼ਤ ਹੀ ਹੈ, ਜਿਸ ਨੂੰ ਵੀ ਲੋਕ ਪ੍ਰਦੂਸ਼ਿਤ ਕਰ ਰਹੇ ਨੇ।
Children’s story: Precious and water
ਸ਼ਾਮ ਨੂੰ ਅਨਮੋਲ ਆਪਣੀ ਦਾਦੀ ਨਾਲ ਪਾਣੀ ਦੀ ਲੋੜ ਤੇ ਵਰਤੋਂ ਦੀਆਂ ਗੱਲਾਂ ਕਰਦਾ-ਕਰਦਾ ਸੌਂ ਗਿਆ। ਜਲਦੀ ਹੀ ਉਹ ਗੂੜ੍ਹੀ ਨੀਂਦ ’ਚ ਚਲਾ ਗਿਆ ਤੇ ਸੁਫ਼ਨੇ ਵਿੱਚ ਆਪਣੇ ਦੋਸਤਾਂ ਨਾਲ ਇੱਕ ਸਮੁੰਦਰੀ ਬੀਚ ਦੇ ਕਿਨਾਰੇ, ਦੋਸਤਾਂ ਨਾਲ਼ ਪਿਕਨਿਕ ’ਤੇ ਚਲਾ ਜਾਂਦਾ ਹੈ। ਉਹ ਸਮੁੰਦਰੀ ਕਿਨਾਰੇ ਦੇ ਰੇਤ ’ਤੇ ਖੂਬ ਮਸਤੀ ਕਰਦੇ ਹਨ। ਸਾਰੇ ਦੋਸਤ ਰਲ ਕੇ ਪਾਣੀ ’ਚ ਛਾਲ਼ਾਂ ਮਾਰਦੇ ਹਨ ਤੇ ਆਪਣੇ ਖਾਣ-ਪੀਣ ਦੇ ਸਾਮਾਨ ਤੋਂ ਦੂਰ ਚਲੇ ਜਾਂਦੇ ਹਨ ਪਰ ਨੇੜੇ ਦੇ ਜੰਗਲਾਂ ’ਚੋਂ ਬਾਂਦਰ ਆ ਕੇ ਸਾਮਾਨ ਖਾ ਜਾਂਦੇ ਨੇ ਤੇ ਪਾਣੀ ਦੀਆਂ ਬੋਤਲਾਂ ਵੀ ਚੁੱਕ ਕੇ ਲੈ ਜਾਂਦੇ ਨੇ। ਜਦੋਂ ਅਨਮੋਲ ਤੇ ਉਸ ਦੇ ਦੋਸਤ ਵਾਪਸ ਆਉਂਦੇ ਨੇ ਤਾਂ ਕੁਝ ਵੀ ਨਾ ਦੇਖ ਕੇ ਹੈਰਾਨ ਰਹਿ ਜਾਂਦੇ ਹਨ।
Children’s story: Precious and water
ਨੇੜੇ ਦੇ ਰੁੱਖਾਂ ’ਤੇ ਬੈਠੇ ਬਾਂਦਰਾਂ ਦਾ ਰੌਲ਼ਾ ਉਨ੍ਹਾਂ ਦੇ ਕੰਨਾਂ ਵਿੱਚ ਪੈਂਦਾ ਹੈ। ਆਪਣੇ ਸਾਮਾਨ ਨੂੰ ਬਾਂਦਰਾਂ ਕੋਲੇ ਦੇਖ ਕੇ ਉਹ ਬਹੁਤ ਦੁਖੀ ਹੁੰਦੇ ਹਨ ਤੇ ਫਿਰ ਉਹ ਉਨ੍ਹਾਂ ਪਿੱਛੇ ਦੌੜਦੇ ਹਨ। ਸਾਰੇ ਦਿਨ ਦੀ ਮਸਤੀ ਤੇ ਭੱਜ-ਦੌੜ ਕਰਕੇ ਅਨਮੋਲ ਨੂੰ ਬਹੁਤ ਭੁੱਖ ਤੇ ਪਿਆਸ ਲੱਗਦੀ ਹੈ। ਤੇਹ ਨਾਲ ਉਸ ਦਾ ਮੂੰਹ ਸੁੱਕਣ ਲੱਗਦਾ ਹੈ ਪਰ ਪਾਣੀ ਦੀਆਂ ਸਾਰੀਆਂ ਬੋਤਲਾਂ ਤਾਂ ਬਾਂਦਰਾਂ ਨੇ ਉਨ੍ਹਾਂ ਦੇ ਸਾਹਮਣੇ ਹੀ ਖ਼ਾਲੀ ਕਰ ਦਿੱਤੀਆਂ ਸਨ। ਸਾਹਮਣੇ ਡੁੱਲ ਰਹੇ ਪਾਣੀ ਨੂੰ ਦੇਖ ਕੇ ਅਨਮੋਲ ਕੁਝ ਵੀ ਨਹੀਂ ਕਰ ਸਕਦਾ ਸੀ। ਪਾਣੀ ਦੀ ਲੋੜ ਕਰਕੇ ਉਹ ਸਮੁੰਦਰੀ ਪਾਣੀ ਪੀਣ ਲੱਗਦਾ ਹੈ ਪਰ ਉਹ ਬਹੁਤ ਗੰਦਾ ਤੇ ਖਾਰਾ ਸੀ, ਜਿਸ ਨੂੰ ਉਹ ਪੀ ਨਹੀਂ ਸਕਦਾ ਸੀ। ਪਿਆਸ ਨਾਲ਼ ਉਸ ਦਾ ਗਲ਼ਾ ਸੁੱਕ ਰਿਹਾ ਸੀ ਤੇ ਉਹ ਬੇਹੋਸ਼ੀ ਦੀ ਹਾਲਤ ’ਚ ਪਾਣੀ-ਪਾਣੀ ਬੋਲ ਰਿਹਾ ਸੀ।
Precious and water
ਉਸ ਦੀ ਪਾਣੀ-ਪਾਣੀ ਦੀ ਅਵਾਜ਼ ਸੁਣ ਕੇ ਉਸ ਦੀ ਮਾਂ ਨੂੰ ਜਾਗ ਆ ਜਾਂਦੀ ਹੈ। ਉਸ ਦੀ ਮਾਂ ਸੁਫ਼ਨੇ ਵਿੱਚ ਬੋਲ ਰਹੇ ਅਨਮੋਲ ਨੂੰ ਹਿਲਾ-ਹਿਲਾ ਕੇ ਜਗਾਉਂਦੀ ਹੈ। ਅਨਮੋਲ ਬੁੜਕ ਕੇ ਉੱਠਦਾ ਹੈ। ਪਸੀਨੇ ਨਾਲ ਭਿੱਜੇ ਹੋਏ ਅਨਮੋਲ ਦੀ ਅਵਾਜ਼ ਵੀ ਖੁੱਲ੍ਹ ਕੇ ਨਹੀਂ ਨਿਕਲਦੀ। ਅੱਖਾਂ ਖੋਲ੍ਹ ਕੇ ਜਦੋਂ ਆਪਣੇ ਆਪ ਨੂੰ ਘਰੇ ਮੰਜੇ ’ਤੇ ਪਿਆ ਦੇਖਦਾ ਹੈ ਤਾਂ ਉਸ ਦੇ ਸਾਹ ’ਚ ਸਾਹ ਆਉਂਦਾ ਹੈ। ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਅੱਗੇ ਤੋਂ ਉਹ ਕਦੇ ਵੀ ਪਾਣੀ ਨੂੰ ਬਰਬਾਦ ਨਹੀਂ ਕਰੇਗਾ ਅਤੇ ਪਾਣੀ ਵਰਤੋਂ ਲੋੜ ਅਨੁਸਾਰ ਹੀ ਕਰੇਗਾ।
ਮਾ. ਹਰਵਿੰਦਰ ਸਿੰਘ ਪੂਹਲੀ,
ਮੋ: 98550-73710
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.