ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ

ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ

ਉਂਜ ਤਾਂ ਹਰ ਦਿਨ ਨਵਾਂ ਸਾਲ ਹੀ ਹੁੰਦਾ ਹੈ ਕਿਉਂਕਿ ਹਰ ਨਵਾਂ ਦਿਨ ਨਵੀਆਂ ਉਮੰਗਾਂ, ਸੁਪਨੇ ਲੈ ਕੇ ਆਉਂਦਾ ਹੈ ਜਿਸ ਦੀ ਪ੍ਰਾਪਤੀ ਹਿੱਤ ਸਮੁੱਚੀ ਲੋਕਾਈ ਆਪਣੇ ਮੁਕਾਮ ਪਾਉਣ ਲਈ ਯਾਤਰਾ ਅਰੰਭਦੀ ਹੈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਹੈ। ਅਗਲੇ ਦਿਨ ਤੋਂ ਫਿਰ ਉਹੀ ਯਾਤਰਾ ਆਰੰਭ ਹੁੰਦੀ ਹੈ ਤੇ ਮੰਜ਼ਿਲਾਂ ’ਤੇ ਪਹੁੰਚਣ ਦੀ ਆਸ ਲਾਈ ਰਾਹੀ ਲਗਾਤਾਰ ਪੰਧ ਨੂੰ ਨਿਬੇੜਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਵੀ ਸੰਸਾਰ ਪੱਧਰ ’ਤੇ ਇੱਕ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਹਰ ਦਿਨ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ, ਉਹ ਚਾਹੇ ਧਾਰਮਿਕ ਜਾਂ ਸਮਾਜਿਕ ਹੋਵੇ। ਨਵਾਂ ਸਾਲ ਮਨਾਉਣ ਦੀ ਪਿਰਤ ਬੜੀ ਪੁਰਾਣੀ ਹੈ ਤੇ ਕਈ ਦੇਸ਼ਾਂ ਵਿੱਚ ਇੱਕ ਜਨਵਰੀ ਦੀ ਜਗ੍ਹਾ ਹੋਰ ਦਿਨ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ।

ਨਵਾਂ ਵਰ੍ਹਾ ਮਨਾਉਣ ਦੀ ਸ਼ੁਰੂਆਤ ਮੈਸੋਪਟਾਮੀਆ ਵਿੱਚ 2000 ਈ. ਪੂ. ਵਿੱਚ ਹੋਈ। ਰੋਮਨਾਂ ਨੇ ਦਰਵਾਜੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ। ਇਸ ਤੋਂ ਬਾਅਦ 46 ਈ. ਪੂ. ਵਿੱਚ ਰੋਮਨ ਰਾਜਾ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਘੋਸ਼ਿਤ ਕੀਤਾ। ਇੰਗਲੈਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ। ਇੰਗਲੈਡ ਵਿੱਚ 1752 ਈ. ਨੂੰ ਗ੍ਰੀਗੋਰੀਅਨ ਕੈਲੰਡਰ ਨੂੰ ਅਪਣਾਇਆ ਗਿਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ। ਈਸਾਈਆਂ ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ। ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਜਾਣ ਲੱਗਾ

ਜੋ ਈਸਾਈ ਧਰਮ ਦੇ ਸੰਤਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੀ ਪਿਰਤ ਹੈ। ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ’ਚ ਬਿਤਾਈ ਜਾਂਦੀ ਹੈ। ਤਕਨਾਲੋਜੀ ਦੇ ਪ੍ਰਭਾਵ ਕਾਰਨ ਲੋਕ ਇੱਕ-ਦੂਜੇ ਦੇ ਨੇੜੇ ਆਏ ਹਨ ਤੇ ਆਦਾਨ-ਪ੍ਰਦਾਨ ਦੇ ਰਸਤੇ ਖੁੱਲੇ੍ਹ ਹਨ ਜਿਸ ਕਾਰਨ ਸੱਭਿਆਚਾਰਕ ਸਾਂਝਾਂ ਦੀ ਪਿਰਤ ਪਈ ਹੈ। ਲੋਕਾਂ ਨੇ ਇੱਕ-ਦੂਜੇ ਦੇ ਸੱਭਿਆਚਾਰ ਨੂੰ ਅਪਣਾਇਆ ਹੈ ਜਿਸਦੀ ਪ੍ਰਤੱਖ ਮਿਸਾਲ ਨਵਾਂ ਸਾਲ ਹੈ। ਉਂਜ ਭਾਵੇਂ ਸੂਰਜ ਸਾਡੇ ਦੇਸ਼ ਵਿੱਚ ਫੁੱਟਦਾ ਹੈ ਪਰ ਚਾਨਣ ਦੀ ਆਸ ਅਸੀਂ ਪੱਛਮ ਤੋਂ ਰੱਖਦੇ ਹਾਂ। ਉੱਧਰੋਂ ਆਉਂਦੀ ਰੌਸ਼ਨੀ ਸਾਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਸੀਂ ਉਸਦਾ ਪ੍ਰਭਾਵ ਖਿੜੇ ਮੱਥੇ ਕਬੂਲਦੇ ਹਾਂ।

ਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ’ਤੇ ਦਸਤਕ ਦੇ ਦਿੱਤੀ ਹੈ ਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡੀ ਸੰਸਕਿ੍ਰਤੀ ਹੈ। ਇਸ ਨਵਂੇ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈ ਕੇ ਆਉਂਦੀ ਹੈ। ਨਵੀਂ ਚੀਜ ਜੇਕਰ ਆਈ ਹੈ ਤਾਂ ਉਸਨੂੰ ਰੱਖਣ ਲਈ ਜਗ੍ਹਾ ਦੀ ਜਰੂਰਤ ਤਾਂ ਪੈਣੀ ਹੀ ਹੈ ਸੋ ਜਗ੍ਹਾ ਪ੍ਰਬੰਧ ਕਾਰਨ ਪੁਰਾਣੇ ਅਤੇ ਫਾਲਤੂ ਸਾਮਾਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ। ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁਝ ਨਵਾਂ ਦੇਣਾ ਹੈ ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ। ਨਵੀਨ ਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ। ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪ-ਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦਿ੍ਰੜ ਸੰਕਲਪ ਲਿਆ ਜਾਵੇ।

ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜੇ੍ਹ ਪਾਣੀ ਵਾਂਗ ਹੁੰਦੀ ਹੈ ਜਿਸ ਵਿੱਚੋਂ ਬੋਅ ਮਾਰਨੀ ਸੁਭਾਵਿਕ ਹੈ। ਨਵੇਂ ਵਰ੍ਹੇ ’ਤੇ ਜ਼ਿੰਦਗੀ ਦਾ ਉਦੇਸ਼ ਮਿਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿੱਤ ਸਖਤ ਮਿਹਨਤ ਦਾ ਪੱਲਾ ਫੜਿਆ ਜਾਵੇ। ਨਿਸ਼ਾਨਾ ਮਿਥੇ ਬਿਨਾਂ ਮੰਜਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜਿਲਾਂ ਸਰ ਕਰਨ ਲਈ ਦਿ੍ਰੜ ਹੌਂਸਲੇ ਦੀ ਜਰੂਰਤ ਹੁੰਦੀ ਹੈ। ਦਿ੍ਰੜ ਹੌਂਸਲਾ ਜਿੰਮੇਵਾਰੀਆਂ ’ਚੋਂ ਉਪਜਦਾ ਹੈ। ਜਿੰਨਾ ਕੋਈ ਇਨਸਾਨ ਜਿੰਮੇਵਾਰ ਹੋਵੇਗਾ ਉਨਾ ਹੀ ਉਸਦਾ ਹੌਂਸਲਾ ਦਿ੍ਰੜ ਹੋਵੇਗਾ ਅਤੇ ਫੈਸਲਾ ਲੈਣ ਦੇ ਯੋਗ ਹੋਵੇਗਾ।

ਜ਼ਿੰਦਗੀ ਫੈਸਲਿਆਂ ਦੀ ਸਰਜ਼ਮੀਂ ਹੈ ਜਿਹੋ-ਜਿਹਾ ਫੈਸਲਾ ਲੈ ਕੇ ਅਸੀਂ ਬੀਜ ਪਾਵਾਂਗੇ ਉਹੋ-ਜਿਹਾ ਬੂਟਾ ਉੱਗੇਗਾ ਸੋ ਨਵੇਂ ਵਰ੍ਹੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਸਹੀ ਸਮੇਂ ਸਹੀ ਫੈਸਲੇ ਕੀਤੇ ਜਾਣ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ ਯੋਗ ਫਤਵਾ ਸੁਣਾਵੇ। ਪਿੱਛੇ ਲਏ ਗਏ ਫੈਸਲਿਆਂ ਦੀ ਘੋਖ ਕਰਨ ਦਾ ਇਹ ਸਮਾਂ ਉੱਤਮ ਹੈ। ਜੇਕਰ ਅਸੀਂ ਘੋਖ ਪੜਤਾਲ ਕਰਾਂਗੇ ਤਾਂ ਲਾਜ਼ਮੀ ਸਾਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋਵੇਗਾ ਅਤੇ ਨਵੇਂ ਸਿਰਿਉਂ ਫੈਸਲੇ ਲੈਣ ’ਚ ਅਸਾਨੀ ਹੋਵੇਗੀ।

ਪੁਰਾਣੇ ਨੂੰ ਭੁੱਲਣਾ ਨਾਮੁਮਕਿਨ ਹੁੰਦਾ ਹੈ ਫਿਰ ਵੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਵਰਤਮਾਨ ਦਾ ਹਿੱਸਾ ਬਣੀਏ। ਅਜੋਕਾ ਮਨੁੱਖ ਜਾਂ ਤਾਂ ਇਤਿਹਾਸ ਵਿੱਚ ਜਿਉਂਦਾ ਹੈ ਜਾਂ ਫਿਰ ਭਵਿੱਖ ਵਿੱਚ। ਸੋ ਇਹ ਅਤਿ ਲਾਜ਼ਮੀ ਹੈ ਕਿ ਅਸੀਂ ਵਰਤਮਾਨ ਵਿੱਚ ਜਿਉਣ ਦੀ ਜਾਚ ਸਿੱਖੀਏ ਤੇ ਪ੍ਰਣ ਕਰੀਏ ਵਰਤਮਾਨ ਵਿੱਚ ਜਿਉਣ ਦਾ। ਦੋਸਤਾਂ-ਮਿੱਤਰਾਂ ਨਾਲ ਹੋਏ ਗਿਲੇ-ਸ਼ਿਕਵੇ ਮਿਟਾਉਣ ਦਾ ਇਹ ਵਧੀਆ ਮੌਕਾ ਹੈ ਇਸਨੂੰ ਗਵਾਇਆ ਨਾ ਜਾਵੇ। ਅਕਸਰ ਜ਼ਿੰਦਗੀ ’ਚ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਅ ਆਉਂਦੇ ਹਨ ਅਗਰ ਸਮਾਂ ਰਹਿੰਦੇ ਇਨ੍ਹਾਂ ਨੂੰ ਨਾ ਸੁਲਝਾਇਆ ਜਾਵੇ ਤਾਂ ਸਿਉਂਕ ਵਾਂਗ ਇਹ ਗਿਲੇ-ਸ਼ਿਕਵੇ ਰਿਸ਼ਤਿਆਂ ਨੂੰ ਚੱਟ ਕਰ ਜਾਂਦੇ ਹਨ।

ਮਨੁੱਖੀ ਸੁਭਾਅ ਆਪਣੀਆਂ ਗਲਤੀਆਂ ਲਈ ਬਹੁਤ ਵੱਡਾ ਵਕੀਲ ਹੈ ਤੇ ਦੂਜਿਆਂ ਦੀ ਗਲਤੀ ਲਈ ਸਭ ਤੋਂ ਵੱਡਾ ਜੱਜ ਹੋ ਨਿੱਬੜਦਾ ਹੈ। ਹਰ ਇਨਸਾਨ ਦੇ ਸਿੱਕੇ ਵਾਂਗ ਦੋ ਪਹਿਲੂ ਹੁੰਦੇ ਹਨ ਤੇ ਅਸੀਂ ਇੱਕ ਪਹਿਲੂ ਨੂੰ ਮੱਦੇਨਜ਼ਰ ਰੱਖ ਕੇ ਉਸ ਬਾਰੇ ਫੈਸਲੇ ਸੁਣਾ ਦਿੰਦੇ ਹਾਂ ਜੋ ਉਸ ਨਾਲ ਬੇਇਨਸਾਫੀ ਹੁੰਦੀ ਹੈ। ਹਰ ਇਨਸਾਨ ਦੀ ਅਲੱਗ ਹਸਤੀ ਹੈ ਤੇ ਅਸੀਂ ਉਸਨੂੰ ਆਪਣੇ ਹੀ ਹਿਸਾਬ ਨਾਲ ਨਹੀਂ ਮਾਪ ਸਕਦੇ। ਇਹ ਲਾਜ਼ਮੀ ਹੈ ਅਸੀਂ ਇਨਸਾਨ ਨੂੰ ਇਨਸਾਨ ਸਮਝਣ ਦੇ ਰਾਹ ਤੁਰੀਏ। ਜਾਣੇ-ਅਣਜਾਣੇ ’ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗ ਕੇ ਆਪਣੇ ਰਿਸ਼ਤਿਆਂ ਨੂੰ ਨਵੇਂ ਰਾਹਾਂ ਵੱਲ ਤੋਰੀਏ। ਮੁੱਕਦੀ ਗੱਲ ਅਸੀਂ ਸਾਰੇ ਨਵੇਂ ਸਾਲ ਦੀ ਆਮਦ ’ਤੇ ਆਪਣੀ ਸੋਚ ਨੂੰ ਨਵੇਂ ਮੁਕਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ।

ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿੱਤ ਤਿੱਖੀ ਕਰੀਏ। ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ। ਗੰਦੀ ਰਾਜਨੀਤੀ, ਔਰਤਾਂ ’ਤੇ ਹੁੰਦੇ ਅੱਤਿਆਚਾਰ ਅਤੇ ਨਾਬਰਾਬਰੀ ਜਿਹੇ ਵਰਤਾਰੇ ਉਦੋਂ ਤੱਕ ਜਾਰੀ ਰਹਿਣਗੇ ਜਦ ਤੱਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ। ਜਦ ਨਵੇ ਵਰ੍ਹੇ ਨੂੰ ਗਲ ਲਾਉਣ ਲਈ ਅਸੀਂ ਇੰਨੇ ਉਤਾਵਲੇ ਹਾਂ ਤਾਂ ਲਾਜ਼ਮੀ ਹੀ ਸਾਨੂੰ ਪੁਰਾਣੇ ਭੇਦਭਾਵ, ਗਿਲੇ-ਸ਼ਿਕਵੇ ਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ। ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਲਈ ਹਿੱਤਕਾਰੀ ਹੋਵੇਗੀ।
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਮੈਡੀਕਲ ਅਫਸਰ ਹੈ।
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.