ਆਪਣੇ ਹੱਥੀਂ ਕਿਰਤ ਕਰਕੇ ਖੇਤਾਂ ’ਚੋਂ ਰੋਟੀ ਪੈਦਾ ਕਰ ਰਹੇ ਨੇ ਜਗਤ ਰਾਮ ਤੇ ਭਵਾਨੀ ਦੇਵੀ

ਆਪਣੇ ਹੱਥੀਂ ਕਿਰਤ ਕਰਕੇ ਖੇਤਾਂ ’ਚੋਂ ਰੋਟੀ ਪੈਦਾ ਕਰ ਰਹੇ ਨੇ ਜਗਤ ਰਾਮ ਤੇ ਭਵਾਨੀ ਦੇਵੀ

ਪੰਜਾਬ ’ਚ ਪੈਦਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਤੇ ਖੁਦਕੁਸ਼ੀਆਂ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਸੂਬੇ ਦੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਜਾਂਦਾ ਹੈ ਪਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਉਨ੍ਹਾਂ ਹਜ਼ਾਰਾਂ ਹੀ ਮਿਹਨਤਕਸ਼ ਲੋਕਾਂ ਨੂੰ ਸਰਕਾਰ ਨੇ ਵੱਧ ਅਨਾਜ ਪੈਦਾ ਕਰਨ ਬਦਲੇ ਕੀ ਕੁਝ ਦਿੱਤਾ ਹੈ। ਜਿਨ੍ਹਾਂ ਦੇ ਭਾਈ-ਭੈਣ, ਪਤੀ ਜਾਂ ਛੋਟੇ-ਛੋਟੇ ਬੱਚਿਆਂ ਦੇ ਮਾਂ-ਬਾਪ ਇਸ ਅਨਾਜ ਦੀ ਵੱਧ ਪੈਦਾਵਾਰ ਕਰਨ ਦੇ ਚੱਕਰ ’ਚ ਹੀ ਖੁਦਕੁਸ਼ੀ ਕਰ ਗਏ ਜਾਂ ਫਿਰ ਨਾਮੁਰਾਦ ਬਿਮਾਰੀ ਦੀ ਲਪੇਟ ’ਚ ਆ ਕੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਦੁਨੀਆਂਦਾਰੀ ਛੱਡ ਕੇ ਚਲੇ ਗਏੇ।

ਪਿਛਲੇ ਦੋ ਦਹਾਕੇ ਤੋਂ ਵਧ ਰਹੀਆਂ ਇਨ੍ਹਾਂ ਅਲਾਮਤਾਂ ਕਾਰਨ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਜਾਗਰੂਕ ਕਿਸਾਨ ਅੰਨਦਾਤਾ ਕਹਾਉਣ ਦੀ ਬੱਲੇ-ਬੱਲੇ ਕਰਵਾਉਣ ਦੀ ਬਜਾਏ ਘੱਟ ਪੈਦਾਵਾਰ ਵਾਲੀ ਕੁਦਰਤੀ ਖੇਤੀ ਕਰਨ ਵੱਲ ਮੁੜੇ ਹਨ। ਜ਼ਿਲ੍ਹਾ ਪਟਿਆਲਾ ਦੇ ਵੱਡੇ ਪਿੰਡ ਸ਼ੁਤਰਾਣੇ ਕੋਲੋਂ ਭਾਖੜਾ ਨਹਿਰ ਲੰਘਦੀ ਹੈ। ਉਸੇ ਭਾਖੜਾ ਨਹਿਰ ਦੇ ਨੇੜੇ ਹੀ ਆਪਣੇ ਹਿੱਸੇ ਆਉਂਦੀ ਡੇਢ ਏਕੜ ਧਰਤੀ ’ਤੇ ਹੱਥੀਂ ਕਿਰਤ ਕਰਦੇ ਪਤੀ-ਪਤਨੀ ਵੇਖੇ ਤਾਂ ਉਨ੍ਹਾਂ ਦੇ ਖੇਤਾਂ ’ਚ ਰੁਕੇ ਬਿਨਾਂ ਨਹੀਂ ਰਿਹਾ ਗਿਆ ਕਿਉਂਕਿ ਖੁਰਪੇ ਹੱਥ ’ਚ ਫੜ ਕੇ ਕੋਈ ਕਿਸਾਨ ਦਿਹਾੜੀ ’ਤੇ ਖੇਤਾਂ ’ਚ ਕੰਮ ਕਰਨ ਲਈ ਕਾਮੇ ਵੀ ਨਹੀਂ ਲਗਾਉਂਦਾ ਅਤੇ ਨਾ ਹੀ ਕੋਈ ਹੱਥੀਂ ਕੰਮ ਕਰਕੇ ਰਾਜੀ ਹੈ।

ਹਰ ਇਨਸਾਨ ਦੇ ਮਨ ਅੰਦਰ ਇੱਕੋ ਹੀ ਗੱਲ ਘਰ ਕਰ ਚੁੱਕੀ ਹੈ ਕਿ ਫਸਲਾਂ ਦੇ ਕੀੜੇ ਮਾਰਨ ਲਈ ਕੀੜੇ ਮਾਰ ਜ਼ਹਿਰਾਂ ਦੀ ਵਰਤੋਂ ਕਰੋ ਤੇ ਕੰਮ ਨਿਬੇੜੋ ਜੇਕਰ ਖੇਤਾਂ ’ਚ ਨਦੀਨ ਖੜ੍ਹੇ ਹਨ ਤਾਂ ਗਡਾਈ ਕਰਨ ਦੀ ਬਜਾਏ ਨਦੀਨ ਨਾਸ਼ਕ ਦਵਾਈ ਪਾਓ ਤੇ ਮਿੰਟਾਂ ’ਚ ਵਿਹਲੇ ਹੋ ਕੇ ਆਪਣੇ ਘਰਾਂ ਨੂੰ ਆ ਜਾਵੋ, ਪਰ ਜਦੋਂ ਮੈਂ ਪਿੰਡ ਸ਼ੁਤਰਾਣੇ ਦੇ ਰਹਿਣ ਵਾਲੇ ਜਗਤ ਰਾਮ ਤੇ ਉਸ ਦੀ ਪਤਨੀ ਭਵਾਨੀ ਦੇਵੀ ਨੂੰ ਆਪਣੇ ਹੱਥੀਂ ਖੁਰਪੇ ਨਾਲ ਖੇਤਾਂ ’ਚੋਂ ਨਦੀਨ ਕੱਢਦੇ ਹੋਏ ਵੇਖਿਆ ਤਾਂ ਬਾਬੇ ਨਾਨਕ ਦੀ ਖੇਤੀ ਦਾ ਫਲਸਫਾ ਹੀ ਯਾਦ ਨਹੀਂ ਆਇਆ, ਸਗੋਂ 40 ਸਾਲ ਪੁਰਾਣਾ ਪੰਜਾਬ ਦਾ ਵਿਰਸਾ ਵੀ ਯਾਦ ਆ ਗਿਆ। ਜਦੋਂ ਵੀਹੜੀ/ਵੱਟੇ ਕਣਕਾਂ, ਕਪਾਹਾਂ, ਮਿਰਚਾਂ, ਮੂੰਗਫਲੀ, ਮੱਕੀ ਆਦਿ ਵਰਗੀਆਂ ਫਸਲਾਂ ਦੀ ਗੁੱਡ/ਗਡਾਈ ਕਰਨ ਲਈ ਦਰਜਨਾਂ ਹੀ ਵਿਅਕਤੀ ਖੇਤਾਂ ’ਚ ਨਜ਼ਰ ਆਉਂਦੇ ਸਨ ਅਤੇ ਕੀਟਨਾਸ਼ਕ/ਨਦੀਨਨਾਸ਼ਕ ਵਰਗੇ ਜ਼ਹਿਰਾਂ ਦੀ ਵਰਤੋਂ ਚਿੱਤ/ਚੇਤੇ ਵੀ ਨਹੀਂ ਸੀ। ਜਗਤ ਰਾਮ ਆਪਣੀ ਡੇਢ ਏਕੜ ਜਮੀਨ ’ਚ ਸਿਰਫ ਸਬਜ਼ੀਆਂ ਹੀ ਬੀਜਦਾ ਹੈ,

ਜਿਸ ਵਿੱਚ ਕਰੇਲੇ, ਮਟਰ, ਪਿਆਜ, ਕੱਦੂ ਤੋਂ ਇਲਾਵਾ ਹੋਰ ਕਈ ਮੌਸਮੀ ਸਬਜ਼ੀਆਂ ਹਨ ਪਰ ਉਸ ਨੇ ਕਦੇ ਵੀ ਆਪਣੇ ਖੇਤ ’ਚ ਰੇਹ/ਸਪਰੇਅ ਦੀ ਵਰਤੋਂ ਨਹੀਂ ਕੀਤੀ। ਰੂੜੀ ਦੀ ਖਾਦ ਜਰੂਰ ਪਾਉਂਦਾ ਹੈ। ਇਹ ਕਿਸਾਨ ਆਪਣੀ ਫਸਲ ਨੂੰ ਅਗੇਤੀ ਜਾਂ ਪਛੇਤੀ ਰੱਖਦਾ ਹੈ। ਭਾਵੇਂ ਵੇਖਣ ਨੂੰ ਪੁਰਾਣੇ ਜਮਾਨੇ ਦਾ ਕਿਸਾਨ ਲੱਗਦਾ ਹੈ ਪਰ ਮਨੁੱਖੀ ਜ਼ਿੰਦਗੀ ਲਈ ਮਾਰੂ ਸਾਬਤ ਨਾ ਹੋਣ ਵਾਲੀ ਤਕਨੀਕ ਵੀ ਅਪਣਾਉਂਦਾ ਹੈ। ਸਬਜ਼ੀਆਂ ਦੀ ਅਗੇਤੀ ਜਾਂ ਪਛੇਤੀ ਪੈਦਾਵਾਰ ਕਰਨ ਲਈ ਪਲਾਸਟਿਕ ਦੀਆਂ ਤਰਪਾਲਾਂ ਤੇ ਲੋਹੇ ਦੀਆਂ ਤਾਰਾਂ ਦੀ ਵਰਤੋਂ ਕਰਦਾ ਹੈ। ਸਰਦੀ ਦੇ ਮੌਸਮ ’ਚ ਕਰੇਲੇ ਸਮੇਤ ਹੋਰ ਗਰਮੀ ਵਾਲੀਆਂ ਵੇਲਾਂ ਨੂੰ ਪਲਾਸਟਿਕ ਸੀਟ ਨਾਲ ਢੱਕ ਕੇ ਰੱਖਦਾ ਹੈ ਤਾਂ ਕਿ ਕੋਰੇ ਤੋਂ ਬਚਾਅ ਹੋ ਸਕੇ ਤੇ ਗਰਮੀਆਂ ਆਉਂਦਿਆਂ ਹੀ ਅਗੇਤੀ ਕਰੇਲੇ ਦੀ ਫਸਲ ਮੰਡੀ ’ਚ ਵੇਚ ਕੇ ਵਧੀਆ ਕਮਾਈ ਕਰਦਾ ਹੈ।

ਇਸੇ ਤਰ੍ਹਾਂ ਹੀ ਮਟਰਾਂ ਦੀ ਗੱਲ ਹੈ। ਹਰੇ ਮਟਰਾਂ ਦੀ ਫਸਲ ਵੀ ਪਛੇਤੀ ਤਿਆਰ ਹੋਣੀ ਹੈ। ਜਦੋਂ ਮੰਡੀ ’ਚ ਭਾਅ ਸਿਖਰਾਂ ’ਤੇ ਹੋਵੇਗਾ। ਪਿਛਲੇ ਚਾਰ ਸਾਲਾਂ ਤੋਂ ਇਸ ਤਰ੍ਹਾਂ ਦੀ ਖੇਤੀ ਨਾਲ ਜੁੜਿਆ ਜਗਤ ਰਾਮ ਦੱਸਦਾ ਹੈ ਕਿ ਉਸ ਦੀ ਫਸਲ ਖਨੌਰੀ ਤੇ ਪਾਤੜਾਂ ਦੀ ਸਬਜ਼ੀ ਮੰਡੀ ’ਚ ਹੀ ਵਿਕ ਜਾਂਦੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਾਗਬਾਨੀ ਵਿਭਾਗ ਵੱਲੋਂ ਮੇਰੇ ਵਰਗੇ ਦਰਮਿਆਨੇ ਤੇ ਹੱਥੀਂ ਕਿਰਤ ਕਰਨ ਵਾਲੇ ਕਿਸਾਨ ਦੀ ਕੋਈ ਵੀ ਮੱਦਦ ਨਹੀਂ ਕੀਤੀ ਜਾਂਦੀ। 4 ਹਜ਼ਾਰ ਰੁਪਏ ਦੀਆਂ ਪੋਲੀਥੀਨ ਦੀਆਂ ਸੀਟਾਂ ਤੇ ਪੰਜ ਹਜ਼ਾਰ ਦੀਆਂ ਮੋਟੀਆਂ ਤਾਰਾਂ ਦਾ ਖਰਚਾ ਪੱਲਿਓਂ ਕਰਨਾ ਪੈਂਦਾ ਹੈ।

ਜੇਕਰ ਇਹ ਹੀ ਮੱਦਦ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਜਾਵੇ ਤਾਂ ਉਸ ਦਾ ਖਰਚਾ ਬਚ ਸਕਦਾ ਹੈ ਅਤੇ ਹੋਰ ਵੀ ਕਿਸਾਨ ਅਜਿਹੀ ਖੇਤੀ ਕਰਨ ਵੱਲ ਉਤਸ਼ਾਹਿਤ ਹੋ ਸਕਦੇ ਹਨ। ਹੱਥੀਂ ਖੇਤੀ ਕਰਨ ਨਾਲ ਤਨ ਤੇ ਮਨ ਦੋਨੋਂ ਹੀ ਤੰਦਰੁਸਤ ਰਹਿੰਦੇ ਹਨ। ਅੱਗੋਂ ਹੱਥੀਂ ਉਗਾਈਆਂ ਸਬਜ਼ੀਆਂ ਖਾਣ ਵਾਲੀ ਲੋਕਾਈ ਨੂੰ ਵੀ ਤੰਦਰੁਸਤੀ ਮਿਲਦੀ ਹੈ, ਜਿਸ ਕਰਕੇ ਵੱਧ ਤੋਂ ਵੱਧ ਗਿਣਤੀ ’ਚ ਕਿਸਾਨਾਂ ਨੂੰ ਹੱਥੀਂ ਕਿਰਤ ਕਰਨ ਵੱਲ ਆਉਣਾ ਚਾਹੀਦਾ ਹੈ। ਲੋਕਾਂ ਲਈ ਨਹੀਂ ਤਾਂ ਘੱਟੋ-ਘੱਟ ਆਪਣੇ ਪਰਿਵਾਰ ਜੋਗੀ ਖਾਣ ਵਾਲੀ ਫਸਲ ਤਾਂ ਹੱਥੀਂ ਪੈਦਾ ਕਰਨੀ ਚਾਹੀਦੀ ਹੈ। ਉਹ ਚਾਹੇ ਸਬਜ਼ੀਆਂ ਹੋਣ ਜਾਂ ਅਨਾਜ ਪਰ ਪੰਜਾਬ ਦੇ ਲੋਕਾਂ ’ਤੇ ਬਜ਼ਾਰ ਭਾਰੀ ਪੈ ਚੁੱਕਿਆ ਹੈ,

ਜਿਸ ਕਰਕੇ ਸਾਰਾ ਕੁਝ ਹੀ ਬਣਿਆ ਬਣਾਇਆ ਖਾਣ ਦੀ ਆਦਤ ਪੈ ਚੁੱਕੀ ਹੈ ਤੇ ਇਹ ਆਦਤ ਹੀ ਬਿਮਾਰੀਆਂ ਦਾ ਕਾਰਨ ਬਣਦੀ ਜਾ ਰਹੀ ਹੈ। ਇਸੇ ਹੀ ਆਦਤ ਨੇ ਡਾਕਟਰਾਂ ਦੀਆਂ ਕੋਠੀਆਂ ਤੇ ਮੈਡੀਕਲ ਸਟੋਰਾਂ ਵਾਲਿਆਂ ਦੇ ਪੈਸਿਆਂ ਨਾਲ ਘਰ ਭਰ ਦਿੱਤੇ ਹਨ। ਜਗਤ ਰਾਮ ਨੇ ਦੱਸਿਆ ਕਿ ਉਸ ਦਾ ਭਤੀਜਾ ਬਲਵਿੰਦਰ ਸਿੰਘ ਅੱਧੇ ਏਕੜ ’ਚ ਮੇਰੇ ਵਾਂਗ ਹੀ ਖੇਤੀ ਕਰ ਰਿਹਾ ਹੈ। ਜਿਹੜਾ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਬੀਜ ਕੇ ਵਧੀਆ ਗੁਜਾਰਾ ਚਲਾ ਰਿਹਾ ਹੈ। ਜਗਤ ਰਾਮ ਦੇ ਖੇਤ ਤੋਂ ਥੋੜ੍ਹੀ ਹੀ ਦੂਰ ਬਲਵਿੰਦਰ ਸਿੰਘ ਵੀ ਆਪਣੇ ਪਰਿਵਾਰ ਨਾਲ ਖੁਰਪੇ ਲੈ ਕੇ ਗੁੱਡ-ਗਡਾਈ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਉਹ ਹਾੜ੍ਹੀ ਦੀ ਫਸਲ ਸਮੇਂ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਅਤੇ ਸੌਣੀ ਵੇਲੇ ਝੋਨੇ ਦੀ ਫਸਲ ਲਗਾਉਂਦਾ ਹੈ। ਅੱਧਾ ਏਕੜ ਜ਼ਮੀਨ ’ਚੋਂ ਸਰਦੀ ਦੇ ਮੌਸਮ ਦੀਆਂ ਸਬਜ਼ੀਆਂ ਬੀਜ ਕੇ ਡੇਢ ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਲੈਂਦਾ ਹੈ। ਸੌਣੀ ਦੀ ਫਸਲ ਤੋਂ ਹੋਣ ਵਾਲੀ ਕਮਾਈ ਵੱਖਰੇ ਤੌਰ ’ਤੇ ਸ਼ਾਮਲ ਹੈ। ਜੇਕਰ ਕਿਸਾਨ ਬਜ਼ਾਰ ਦਾ ਖਹਿੜਾ ਛੱਡ ਕੇ ਇਸ ਤਰ੍ਹਾਂ ਦੀ ਖੇਤੀ ਕਰਨ ਵੱਲ ਆਉਣ ਤਾਂ ਅੱਧੇ ਤੋਂ ਵੱਧ ਦਵਾਈਆਂ ਤੇ ਖਾਦਾਂ ਦਾ ਖਰਚਾ ਹੱਥੀਂ ਕੰਮ ਕਰਨ ਨਾਲ ਹੀ ਘਟ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਅਡਾਨੀਆਂ/ਅੰਬਾਨੀਆਂ ਦੀ ਸੋਚ ਵਾਲੀ ਖੇਤੀ ਛੱਡ ਕੇ ਥੋੜ੍ਹੀ-ਬਹੁਤ ਬਾਬੇ ਨਾਨਕ ਵਾਲੀ ਖੇਤੀ ਵੀ ਕਰਨੀ ਚਾਹੀਦੀ ਹੈ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ, ਜ਼ਿਲ੍ਹਾ ਪਟਿਆਲਾ
ਮੋ:9876101698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.