ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹ ਹਾਈਵੇਅ ਅਥਾਰਿਟੀ ਵੱਲੋਂ ਆਪਣੇ ਖੇਤਾਂ ‘ਚ ਸਰਵੇ ਨਹੀਂ ਹੋਣ ਦੇਣਗੇ : ਕਿਸਾਨ
ਘੱਗਾ, (ਜਗਸੀਰ, ਮਨੋਜ)। ਹਲਕਾ ਸ਼ੁਤਰਾਣਾ ਦੇ ਘੱਗਾ ਇਲਾਕੇ ਵਿਚੋਂ ਲੰਘਣ ਵਾਲੇ ਪ੍ਰਸਤਾਵਿਤ ਜੰਮੂ- ਕਟੜਾ ਹਾਈਵੇਅ ਲਈ ਪਿੰਡ ਘੱਗਾ ਦੇ ਖੇਤਾਂ ਵਿਚ ਸਰਵੇ ਕਰ ਰਹੀਆਂ ਟੀਮਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਕਿਸਾਨਾਂ ਨੇ ਟੀਮਾਂ ਨੂੰ ਸਰਵੇ ਦਾ ਕੰਮ ਵਿਚਾਲੇ ਛੱਡ ਕੇ ਜਾਣ ਲਈ ਮਜ਼ਬੂਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸ਼ੁਤਰਾਣਾ ਤੇ ਘੱਗਾ ਦੇ ਇਲਾਕੇ ਵਿਚੋਂ ਜਾਣ ਵਾਲੇ ਇਸ ਪ੍ਰਸਤਾਵਿਤ ਕੌਮੀ ਮਾਰਗ ਲਈ ਏਕੁਆਇਰ ਕੀਤੇ ਜਾਣ ਵਾਲੀ ਜ਼ਮੀਨ ਸਬੰਧੀ ਕਿਸਾਨਾਂ ਨੂੰ ਸਪਸ਼ਟਤਾਵਾਂ ਨਾ ਹੋਣ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਇਕ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ । ਇਸ ਪ੍ਰਾਜੈਕਟ ਦੇ ਵਾਤਾਵਰਣ ਕਲੀਅਰੈਂਸ ਨੂੰ ਲੈ ਕੇ ਪਿਛਲੇ ਹਫਤੇ ਪਾਤੜਾਂ ਪ੍ਰਸ਼ਾਸਨ ਵਲੋਂ ਇਕ ਮੀਟਿੰਗ ਰੱਖੀ ਸੀ ।
ਜਿਸ ਵਿਚ ਪਹੁੰਚ ਕਰਦਿਆਂ ਕਿਸਾਨ ਕਮੇਟੀ ਨੇ ਪਾਤੜਾਂ ਪ੍ਰਸ਼ਾਸਨ ਨੂੰ ਸਪਸ਼ਟ ਕੀਤਾ ਸੀ ਕਿ ਜਦੋਂ ਤਕ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਹਾਈਵੇਅ ਅਥਾਰਿਟੀ ਵੱਲੋਂ ਆਪਣੇ ਖੇਤਾਂ ਵਿਚ ਕਿਸੇ ਪ੍ਰਕਾਰ ਦਾ ਸਰਵੇ ਨਹੀਂ ਹੋਣ ਦੇਣਗੇ ਅਤੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਉਤੇ ਸਹਿਮਤੀ ਪ੍ਰਗਟਾਈ ਗਈ ਸੀ। ਪ੍ਰੰਤੂ ਅੱਜ ਜਦੋਂ ਪਿੰਡ ਘੱਗਾ ਵਿਖੇ ਪ੍ਰਾਜੈਕਟ ਨਾਲ ਸਬੰਧਤ ਦੱਸੀਆਂ ਜਾਂਦੀਆਂ ਲਾਰਸਨ ਐਂਡ ਟੂਬਰੋ ਅਤੇ ਗਾਇਤਰੀ ਇਨਫਰਾਸਟਰਕਚਰ ਦੀਆਂ ਟੀਮਾਂ ਖੇਤਾਂ ਵਿਚ ਆਈਆਂ ਤਾਂ ਆਲੇ-ਦੁਆਲੇ ਦੇ ਕਿਸਾਨਾਂ ਵੱਲੋਂ ਇਕੱਤਰ ਹੋ ਕੇ ਵਿਰੋਧ ਕੀਤਾ ਗਿਆ।
ਕਿਸਾਨਾਂ ਦੇ ਵਿਰੋਧ ਕਾਰਨ ਟੀਮਾਂ ਕੰਮ ਛੱਡ ਕੇ ਵਾਪਸ ਮੁੜ ਗਈਆਂ। ਇਸ ਮੌਕੇ ਇਕੱਤਰ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਤੱਕ ਉਹ ਕਿਸੇ ਵੀ ਟੀਮ ਨੂੰ ਆਪਣੇ ਖੇਤਾਂ ਵਿਚ ਦਾਖਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਰੋਡ ਕਾਰਨ ਬਰਸਾਤੀ ਤੇ ਹੜਾਂ ਦੇ ਪਾਣੀ ਦੀ ਸਮੱਸਿਆ ਬਣ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਉਹ ਇਹ ਗੱਲ ਐਸ ਡੀ ਐਮ ਪਾਤੜਾਂ ਨੂੰ ਵੀ ਦੱਸ ਚੁੱਕੇ ਹਨ। ਇਸ ਸਬੰਧੀ ਐਸ ਡੀ ਐਮ ਪਾਤੜਾਂ ਡਾ. ਪਾਲਿਕਾ ਅਰੋੜਾ ਨਾਲ ਗੱਲਬਾਤ ਨਹੀਂ ਹੋ ਸਕੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.