ਕਤਲ ਮਾਮਲੇ ‘ਚ ਇੱਕ ਨੂੰ ਉਮਰ ਕੈਦ ਤੇ 50 ਹਜ਼ਾਰ ਦਾ ਜ਼ੁਰਮਾਨਾ

ਕਤਲ ਮਾਮਲੇ ‘ਚ ਇੱਕ ਨੂੰ ਉਮਰ ਕੈਦ ਤੇ 50 ਹਜ਼ਾਰ ਦਾ ਜ਼ੁਰਮਾਨਾ

ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲਾ ਤੇ ਸੈਸ਼ਨਜ਼ ਜੱਜ ਬਰਨਾਲਾ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਕਤਲ ਮਾਮਲੇ ‘ਚ ਨਾਮਜ਼ਦ ਇੱਕ ਵਿਅਕਤੀ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਮਰ ਕੈਦ ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਦੇ ਪਿਛੋਕੜ ਅਨੁਸਾਰ ਮਨੋਜ ਕੁਮਾਰ ਧੋਖੇ ਨਾਲ ਰਮੇਸ਼ ਕੁਮਾਰ ਉਰਫ਼ ਸੰਦੀਪ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਛੱਤ ‘ਤੇ ਲੈ ਗਿਆ, ਜਿੱਥੇ ਮਨੋਜ ਕੁਮਾਰ ਨੇ ਬਰਫ਼ ਭੰਨਣ ਵਾਲੇ ਸੂਏ ਨਾਲ ਹਮਲਾ ਕਰ ਕੇ ਰਮੇਸ਼ ਕੁਮਾਰ ਉਰਫ਼ ਸੰਦੀਪ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਖ਼ੂਨ ਨਾਲ ਲੱਥਪਥ ਹੋਏ ਰਮੇਸ਼ ਕੁਮਾਰ ਉਰਫ਼ ਸੰਦੀਪ ਨੂੰ ਸਥਾਨਕ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ। ਪ੍ਰੰਤੂ ਛਾਤੀ ਤੇ ਪੇਟ ‘ਚ ਵੱਜੇ ਬਰਫ਼ ਵਾਲੇ ਸੂਏ ਕਾਰਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਰਮੇਸ਼ ਕੁਮਾਰ ਉਰਫ਼ ਸੰਦੀਪ ਦਮ ਤੋੜ ਗਿਆ। ਵਜਾ ਰੰਜਸ਼ ਇਹ ਸੀ ਕਿ ਦੋ ਕੁ ਦਿਨ ਪਹਿਲਾਂ ਦਸਹਿਰੇ ਦੇ ਤਿਉਹਾਰ ‘ਤੇ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰਬਾਜ਼ੀ ਹੋਈ ਸੀ। ਜਿਸ ਦੇ ਚਲਦਿਆਂ ਮਨੋਜ ਕੁਮਾਰ ਨੇ ਰਾਮੇਸ਼ ਕੁਮਾਰ ਉਰਫ਼ ਸੰਦੀਪ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜ ਭਾਰਤੀ ਉਰਫ਼ ਰਾਜੂ ਪੁੱਤਰ ਦਿਆ ਰਾਮ ਵਾਸੀ ਸੇਖਾ ਰੋਡ ਬਰਨਾਲਾ ਦੇ ਬਿਆਨਾਂ ‘ਤੇ ਮਨੋਜ ਕੁਮਾਰ ਖ਼ਿਲਾਫ਼ ਥਾਣਾ ਸਿਟੀ ਵਿਖੇ 3 ਅਕਤੂਬਰ 2017 ਨੂੰ ਮੁਕੱਦਮਾ ਨੰ: 324 ਧਾਰਾ 302, 201 ਆਈ.ਪੀ.ਸੀ. ਤਹਿਤ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ। ਇਸ ਪਿੱਛੋਂ ਸਥਾਨਕ ਅਦਾਲਤ ਵਿਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲ ਦੀਆਂ ਵੱਖ-ਵੱਖ ਪਹਿਲੂਆਂ ਤੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਿਲਾ ਸੈਸ਼ਨਜ਼ ਜੱਜ ਵਰਿੰਦਰ ਅਗਰਵਾਲ ਨੇ ਦੋਸ਼ੀ ਮਨੋਜ ਕੁਮਾਰ ਪੁੱਤਰ ਤ੍ਰਿਭੂਵਨ ਪ੍ਰਸ਼ਾਦ ਵਾਸੀ ਬਰਨਾਲਾ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.