ਵਿਰੋਧ ਦੇ ਸੁਰ ਦਬਾਉਣ ਦੀਆਂ ਇਹ ‘ਚਲਾਕੀਆਂ’

ਵਿਰੋਧ ਦੇ ਸੁਰ ਦਬਾਉਣ ਦੀਆਂ ਇਹ ‘ਚਲਾਕੀਆਂ’

ਕਿਵੇ ਵੀ ਲੋਕਤੰਤਰ ‘ਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਸੱਤਾ ਦੀ ਭੂਮਿਕਾ ‘ਚ ਘੱਟ ਕਰਕੇ ਨਹੀਂ ਦੇਖਿਆ ਜਾਂਦਾ ਹੈ, ਨਾ ਹੀ ਦੇਖਿਆ ਜਾ ਸਕਦਾ ਹੈ ਪੂਰੇ ਸੰਸਾਰ ਦੇ ਸਾਰੇ ਲੋਕਤੰਤਰਿਕ ਵਿਵਸਥਾ ਰੱਖਣ ਵਾਲੇ ਦੇਸ਼ਾਂ ‘ਚ ਵਿਰੋਧੀ ਧਿਰ ਨੂੰ, ਸੱਤਾ ਦੇ ਕਿਸੇ ਵੀ ਫੈਸਲੇ ਦਾ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜਿੱਥੇ-ਜਿੱਥੇ ਸੱਤਾ ਤਾਨਾਸ਼ਾਹਾਂ ਜਾਂ ਤਾਨਾਸ਼ਾਹ ਬਿਰਤੀ ਦੇ ਸ਼ਾਸਕਾਂ ਦੇ ਹੱਥਾਂ ‘ਚ ਰਹੀ ਉੱਥੇ-ਉੱਥੇ ਨਾ ਸਿਰਫ਼ ਤਾਨਾਸ਼ਾਹਾਂ ਨੂੰ ਹਿਟਲਰ, ਮੁਸੋਲੀਨੀ, ਈਦੀ ਅਮੀਨ, ਜਿਆਉੱਲਹੱਕ, ਸੱਦਾਮ ਅਤੇ ਗੱਦਾਫ਼ੀ ਵਰਗੇ ਦਿਨ ਦੇਖਣੇ ਪਏ ਹਨ ਸਗੋਂ ਅਜਿਹੇ ਤਾਨਾਸ਼ਾਹ ਸ਼ਾਸਕਾਂ ਦੇ ਦੇਸ਼ਾਂ ਨੂੰ ਵੀ ਇਨ੍ਹਾਂ ਦੀ ਤਾਨਾਸ਼ਾਹ ਬਿਰਤੀ ਅਤੇ ਮਾਨਸਿਕਤਾ ਦੀ ਭਾਰੀ ਕੀਮਤ ਤਾਰਨੀ ਪਈ ਹੈ ਭਾਰਤ ‘ਚ ਵੀ ਸੱਤਾ ਵੱਲੋਂ ਵਿਰੋਧੀ ਧਿਰ ਨੂੰ ਹਮੇਸ਼ਾ ਹੀ ਪੂਰਾ ਮਾਣ-ਸਨਮਾਨ ਅਤੇ ਮਹੱਤਵ ਦਿੱਤਾ ਜਾਂਦਾ ਰਿਹਾ ਹੈ

ਪਰੰਤੂ ਯਕੀਨੀ ਤੌਰ ‘ਤੇ ਭਾਰਤ ਨੇ ਹੀ 1975-77 ਦਾ ਉਹ ਦੌਰ ਵੀ ਦੇਖਿਆ ਜਦੋਂ ਵਿਰੋਧੀ ਧਿਰ ਦੇ ਵਿਰੋਧ ਸੁਰ ਨੂੰ ਕੁਚਲਦੇ ਹੋਏ ਸੱਤਾ ਨਾਲ ਚਿੰਬੜੇ ਰਹਿਣ ਦੀ ਚਾਹਤ ਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ  ਲਾਉਣ ਲਈ ਮਜ਼ਬੂਰ ਕੀਤਾ ਉਸ ਤੋਂ ਬਾਅਦ ਅਜੇਤੂ ਸਮਝੀ ਜਾਣ ਵਾਲੀ ਉਸ ਇੰਦਰਾ ਗਾਂਧੀ ਨੂੰ 1977 ‘ਚ ਜਨਤਾ ਵੱਲੋਂ ਨਕਾਰ ਦਿੱਤਾ ਗਿਆ ਦੂਜੇ ਪਾਸੇ ਇਸੇ ਭਾਰਤੀ ਰਾਜਨੀਤੀ ‘ਚ ਪੰਡਿਤ ਨਹਿਰੂ ਅਤੇ ਡਾ. ਰਾਮ ਮਨੋਹਰ ਲੋਹੀਆ ਅਤੇ ਇੰਦਰਾ ਅਤੇ ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਬਾਜਪਾਈ ਵਿਚਕਾਰ ਸੱਤਾ ਧਿਰ-ਵਿਰੋਧੀ ਧਿਰ ਦੀ ਸੁਹਿਰਦਤਾ ਅਤੇ ਵਿਸ਼ਵਾਸ ਦੇ ਕਈ ਕਿੱਸੇ ਵੀ ਬਹੁਤ ਮਸ਼ਹੂਰ ਹਨ

ਪਰੰਤੂ ਇਸ ਨੂੰ ਦੇਸ਼ ਦੀ ਮਾੜੀ ਕਿਸਮਤ ਹੀ ਕਿਹਾ ਜਾਵੇਗਾ ਕਿ ਹੁਣ ਸੱਤਾ ਨਾ ਛੱਡਣ ਦੀ ਚਾਹਤ ਨੇ ਸੱਤਾਧਾਰੀਆਂ ਨੂੰ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਣ ਦਾ ਅਜਿਹਾ ਪਾਠ ਪੜ੍ਹਾ ਦਿੱਤਾ ਹੈ ਕਿ ਸੱਤਾਧਾਰੀ, ਵਿਰੋਧੀ ਧਿਰ ‘ਤੇ ਝੂਠੇ ਦੋਸ਼ ਲਾਉਣਾ ਤਾਂ ਦੂਰ ਉਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚਣ ਅਤੇ ਇਸ ਦੀ ਪੂਰੀ ਕੋਸ਼ਿਸ ਕਰਨ ‘ਤੇ ਤੁਲੇ ਹੋਏ ਹਨ ਬਹੁਮਤ ਦੀ ਸੱਤਾ ਤੋਂ ਬਾਅਦ ਤਾਨਾਸ਼ਾਹੀ ਅਤੇ ਹੰਕਾਰ ਦੀ ਬਿਰਤੀ ਦੇ ਭਾਰਤੀ ਰਾਜਨੀਤੀ ਦਾ ਚਿਹਰਾ ਹੀ ਕਰੂਪ ਕਰ ਦਿੱਤਾ ਹੈ ਆਪਣੇ  ਵਿਰੋਧੀਆਂ, ਆਲੋਚਕਾਂ ਅਤੇ ਵਿਰੋਧੀ ਧਿਰ ਲਈ ਨਵੀਂ-ਨਵੀਂ ਸ਼ਬਦਾਵਲੀ ਘੜੀ ਜਾਣ ਲੱਗੀ ਹੈ ਦੇਸ਼ ‘ਚ ਹੀ ਜੰਮੀਆਂ ਭਾਰਤ ਮਾਤਾ ਦੀਆਂ ਸੰਤਾਨਾਂ ਨੂੰ ਵਿਦੇਸ਼ੀ, ਗੱਦਾਰ, ਦੇਸ਼ਧ੍ਰੋਹੀ, ਧਰਮਦ੍ਰੋਹੀ, ਰਾਸ਼ਟਰ ਵਿਰੋਧੀ, ਰਾਸ਼ਟਰਧ੍ਰੋਹੀ ਆਦਿ ਸਭ ਕੁਝ ਕੁਝ ਕਿਹਾ ਜਾਣ ਲੱਗਾ ਹੈ

ਬੁੱਧੀਜੀਵੀਆਂ ਨੂੰ ਵੱਖ-ਵੱਖ ‘ਗੈਂਗ’ ਦਾ ਮੈਂਬਰ ਦੱਸਿਆ ਜਾਣ ਲੱਗਾ ਹੈ ਜੋ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਗੱਲ ਕਰੇ ਉਸ ਨੂੰ ਪਾਕਿਸਤਾਨ ਸਮੱਰਥਕ, ਜੋ ਐਨਆਰਸੀ ਅਤੇ ਸੀਏਏ ਦਾ ਵਿਰੋਧ ਕਰੇ ਉਹ ਰਾਸ਼ਟਰ ਵਿਰੋਧੀ, ਜੋ ਘੱਟ-ਗਿਣਤੀਆਂ ਦੇ ਹਿੱਤਾਂ ਦੀ ਗੱਲ ਕਰੇ ਉਹ ਹਿੰਦੂ ਵਿਰੋਧੀ, ਜੋ ਖੱਬੇਪੱਖੀ ਵਿਚਾਰ ਰੱਖੇ ਉਸ ਨੂੰ ਚੀਨ ਸਮੱਰਥਕ ਅਤੇ ਆਪਣੇ ਹਰੇਕ ਵਿਰੋਧੀ ਜਾਂ ਆਲੋਚਕ ਨੂੰ ਕਾਂਗਰਸੀ ਜਾਂ ਕਮਿਊਨਿਸਟ ਦੱਸਣ ਦਾ ਰੁਝਾਨ ਚੱਲ ਪਿਆ ਹੈ

ਆਪਣੇ ਇਸ ਨਾਪਾਕ ਮਿਸ਼ਨ ਨੂੰ ਕਾਮਯਾਬ ਕਰਨ ਲਈ ਸੱਤਾ ਨੇ ਮੀਡੀਆ ਨੂੰ ਆਪਣਾ ਗੁਲਾਮ ਬਣਾ ਲਿਆ ਹੈ ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ ਅਤੇ ਫਿਲਮ ਜਗਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਹੁਣ ਇਹੀ ਕੋਸ਼ਿਸ਼ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਕੀਤੀ ਗਈ ਹੈ ਸੱਤਾ ਨਾਲ ਜੁੜੇ, ਇਨ੍ਹਾਂ ਦੀ ਭਾਸ਼ਾ ਬੋਲਣ ਅਤੇ ਅਹੁਦੇ ਅਤੇ ‘ਸੱਤਾ ਸ਼ਕਤੀ’ ਦੀ ਉਮੀਦ ਪਾਲ਼ੀ ਕਈ ਆਗੂ ਅਤੇ ਫ਼ਿਲਮੀ ਸਿਤਾਰੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਠੀਕ ਉਸੇ ਤਰ੍ਹਾਂ ਕਰਨ ਲੱਗੇ ਜਿਵੇਂ ਸ਼ਾਹੀਨ ਬਾਗ ਦੇ ਐਨਆਰਸੀ ਅਤੇ ਸੀਏਏ ਵਿਰੋਧੀ ਅੰਦੋਲਨ ਨੂੰ ਕੀਤਾ ਗਿਆ ਸੀ

ਕਿਸੇ ਨੇ ਇਸ ਨੂੰ ਖਾਲਿਸਤਾਨੀ ਅੰਦੋਲਨ ਦੱਸਿਆ ਤਾਂ ਕੋਈ ‘ਐਨਆਰਸੀ ਅਤੇ ਸੀਏਏ ਗੈਂਗ’ ਦਾ ਅੰਦੋਲਨ ਦੱਸਣ ਲੱਗਾ ਕੋਈ ਕਿਸਾਨਾਂ ਦੇ ਅੰਦੋਲਨ ਦੀ ਫੰਡਿੰਗ ਵਿਦੇਸ਼ੀ ਦੱਸਣ ਲੱਗਾ ਤਾਂ ਕੋਈ ਉਨ੍ਹਾਂ ਦੇ ਖਾਣੇ ਨੂੰ ‘ਬਿਰਆਨੀ’ ਦੱਸਣ ਲੱਗਾ ਹੈਰਾਨੀ ਹੈ ਕਿ ਮੰਤਰੀ ਅਤੇ ਸਾਂਸਦ ਪੱਧਰ ਦੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੈਰ-ਜਿੰਮੇਦਾਰਾਨਾ ਅਤੇ ਤੱਥਹੀਣ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ ਇਨ੍ਹਾਂ ਬੇਬੁਨਿਆਦ ਦੋਸ਼ਾਂ ਦਾ ਨਤੀਜਾ ਇਹ ਨਿੱਕਲਿਆ ਕਿ ਦਿਨ-ਪ੍ਰਤੀਦਿਨ ਕਿਸਾਨ ਅੰਦੋਲਨਕਾਰੀਆਂ ਦੀ ਸ਼ਕਤੀ ਹੋਰ ਜ਼ਿਆਦਾ ਵਧਦੀ ਗਈ

ਕਥਿਤ ‘ਖਾਲਿਸਤਾਨੀ’ ਕਿਸਾਨਾਂ ਦੇ ਨਾਲ ਪੱਛਮੀ ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਨੇ ਵੀ ਸ਼ਾਮਲ ਹੋ ਕੇ ਸੱਤਾ ਨੂੰ ਇਹ ਸ਼ੀਸ਼ਾ ਦਿਖਾ ਦਿੱਤਾ ਕਿ ਉਹ ਅੰਦੋਲਨਕਾਰੀਆਂ ਦੀ ਧਰਮ ਅਤੇ ਉਨ੍ਹਾਂ ਦੇ ‘ਕੱਪੜਿਆਂ ਤੋਂ ਪਹਿਚਾਣ’ ਕਰਨਾ ਬੰਦ ਕਰ ਦੇਣ ਅਤੇ ਇਹ ਅੰਦੋਲਨ ਕਿਸੇ ਇੱਕ ਧਰਮ ਜਾਂ ਸੂਬੇ ਦਾ ਨਹੀਂ ਸਗੋਂ ਇਹ ਉਨ੍ਹਾਂ ਭਾਰਤੀ ਕਿਸਾਨਾਂ ਦਾ ਅੰਦੋਲਨ ਹੈ ਜੋ ਪੂਰੇ ਦੇਸ਼ ਦਾ ਅੰਨਦਾਤਾ ਹੈ ਉਨ੍ਹਾਂ ਸੱਤਾਧਾਰੀਆਂ, ਸੱਤਾ ਦੇ ਦਲਾਲਾਂ ਅਤੇ ਕਿਸਾਨ ਸਮਾਜ ਦੇ ਵਿਰੋਧੀਆਂ ਦਾ ਵੀ ਜੋ ਇਨ੍ਹਾਂ ਨੂੰ ਖਾਲਿਸਤਾਨੀ, ਪਾਕਿਸਤਾਨੀ ਜਾਂ ਐਨਆਰਸੀ ਅਤੇ ਸੀਏਏ ਗੈਂਗ ਜਾਂ ਬਿਰਆਨੀ ਖਾਣ ਵਾਲਿਆਂ ਦਾ ਅੰਦੋਲਨ ਦੱਸ ਰਹੇ ਹਨ

ਦਰਅਸਲ ਆਪਣੇ ਹਰੇਕ ਵਿਰੋਧੀ, ਅਲੋਚਕ ਅਤੇ ਵਿਰੋਧੀ ਧਿਰ ਨੂੰ ਬਦਨਾਮ ਕਰਨ ਦੀ ਸਾਜਿਸ਼ ਦੇ ਪਿੱਛੇ ਇਸ ਦਾ ਖਾਸ ਮਕਸਦ ਇਹੀ ਹੁੰਦਾ ਹੈ ਕਿ ਇਨ੍ਹਾਂ ਦੀਆਂ ਗਲਤ ਨੀਤੀਆਂ, ਅਸਲ ਮੁੱਦਿਆਂ ਅਤੇ ਅਸਲੀ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ ਉਦਾਹਰਨ ਦੇ ਤੌਰ ‘ਤੇ ਕਿਸਾਨਾਂ ਨੂੰ ਖਾਲਿਸਤਾਨੀ ਦੱਸਣ ਦੀ ਇਨ੍ਹਾਂ ਦੀ ਤਾਜ਼ਾ ਸਾਜਿਸ਼ ਦੇ ਪਿੱਛੇ ਵੀ ਇਹੀ ਰਣਨੀਤੀ ਕੰਮ ਕਰ ਰਹੀ ਹੈ
ਨਿਸ਼ਚਿਤ ਤੌਰ ‘ਤੇ ਕਿਸਾਨਾਂ ਅਤੇ ਕਿਸਾਨ ਸਮਾਜ ਦੇ ਪ੍ਰਤੀ ਪੂਰੇ ਦੇਸ਼ ਦੁਆਰਾ ਦਿਖਾਈ ਜਾ ਰਹੀ ਇੱਕਜੁਟਤਾ ਨੇ ਸਰਕਾਰ ਅਤੇ ਉਸ ਦੇ ਹੰਕਾਰ ਨੂੰ ਗੋਡਿਆਂ ਭਾਰ ਖੜ੍ਹਾ ਕਰ ਦਿੱਤਾ ਹੈ

ਦੇਸ਼ ਦਾ ਸਮੁੱਚਾ ਵਿਰੋਧੀ ਧਿਰ ਅਤੇ ਸਾਰੇ ਕਿਸਾਨ ਸੰਗਠਨ ਇੱਕਜੁਟ ਹੋ ਕੇ ਕਿਸਾਨ ਅੰਦੋਲਨ ਦਾ ਸਮੱਰਥਨ ਕਰ ਰਹੇ ਹਨ ਉੱਧਰ ਹੰਕਾਰੀ ਸੱਤਾ ਕਿਸਾਨ ਬਿੱਲਾਂ ਨੂੰ ਵਾਪਸ ਲੈਣ ਦੀ ਬਜ਼ਾਏ ਉਸ ਵਿਚ ਸੋਧ ਕਰਨ ਲਈ ਤਿਆਰ ਵੀ ਹੋ ਗਈ ਹੈ ਪਰ ਸੱਤਾ ਦੇ ਹੰਕਾਰ ਨੇ ਕਿਸਾਨਾਂ ਵਿਚ ਵੀ ਇਸ ਗੱਲ ਦੀ ਜਿੱਦ ਪੈਦਾ ਕਰ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਤਿੰਨ ਬਿੱਲਾਂ ਨੂੰ ਰੱਦ ਕਰੇ ਜਿਨ੍ਹਾਂ ਨੂੰ ਉਹ ਕਿਸਾਨਾਂ ਦੀ ਸਲਾਹ ਤੋਂ ਬਿਨਾ ਲਾਗੂ ਕਰਨਾ ਚਾਹ ਰਹੀ ਹੈ

ਜਿਸ ਤਰ੍ਹਾਂ ਕਿਸਾਨਾਂ ਨੇ ਤਮਾਮ ਅੜਿੱਕਿਆਂ ਅਤੇ ਤਾਕਤਾਂ ਨੂੰ ਪਾਰ ਕਰਦੇ ਹੋਏ ਲਗਭਗ ਪੂਰੀ ਦਿੱਲੀ ਘੇਰ ਲਈ ਅਤੇ ਸਰਕਾਰ ਦੇ ਹੰਕਾਰ ਅਤੇ ਉਸ ਦੇ ਗਰੂਰ ਨੂੰ ਚਕਨਾਚੂਰ ਕਰ ਦਿੱਤਾ ਉਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਹੀ ਗਈ ਹੈ ਕਿ ਜਿਸ ਹੁਸ਼ਿਆਰੀ ਦਾ ਇਸਤੇਮਾਲ ਕਰਦੇ ਹੋਏ ਸਰਕਾਰ ਨੇ ਆਪਣੇ ਵਿਰੁੱਧ ਉੱਠਣ ਵਾਲੇ ਅਨੇਕਾਂ ਸੁਰਾਂ ਨੂੰ ਕੁਚਲਣ ਦਾ ਯਤਨ ਕੀਤਾ ਸੀ ਉਹ ਚਾਲਾਂ ਅਤੇ ਸੱਤਾ ਦੀਆਂ ਉਹ ‘ਚਲਾਕੀਆਂ’ ਕਿਸਾਨ ਅੰਦੋਲਨ ਨੂੰ ਰੋਕ ਸਕਣ ਵਿਚ ਕਾਮਯਾਬ ਨਹੀਂ ਹੋ ਸਕੀਆਂ
ਤਨਵੀਰ ਜਾਫ਼ਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.