ਖੇਤੀ ਬਿੱਲਾਂ ਖਿਲਾਫ ਅੰਦੋਲਨ ‘ਚ ਗੂੰਜ ਰਹੇ ਨੇ ਕਿਸਾਨ ਪੱਖੀ ਗੀਤ

ਖੇਤੀ ਬਿੱਲਾਂ ਖਿਲਾਫ ਅੰਦੋਲਨ ‘ਚ ਗੂੰਜ ਰਹੇ ਨੇ ਕਿਸਾਨ ਪੱਖੀ ਗੀਤ

ਟਿਕਰੀ ਬਾਰਡਰ। (ਸੁਖਜੀਤ ਮਾਨ) ਕੇਂਦਰ ਵੱਲੋਂ ਨਵੇਂ ਲਾਗੂ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਪੰਜਾਬ ਦੀ ਜਵਾਨੀ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਨਸ਼ਿਆਂ ਅਤੇ ਮਾਰੂ ਹਥਿਆਰਾਂ ਬਾਰੇ ਗੀਤ ਸੁਣਦੀ ਹੈ ਪਰ ਬਿੱਲਾਂ ਖਿਲਾਫ ਪੈਦਾ ਹੋਏ ਰੋਹ ਨੇ ਉਨ੍ਹਾਂ ਬਾਰੇ ਬਣੀ ਇਹ ਸੋਚ ਵੀ ਬਦਲ ਦਿੱਤੀ। ਸੰਘਰਸ਼ ਵਿਚ ਆਏ  ਟਰੈਕਟਰਾਂ ਤੇ ਹੁਣ ਖੇਤੀ ਬਿੱਲਾਂ ਦੇ ਖ਼ਿਲਾਫ਼ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਗੀਤਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ।

ਵੇਰਵਿਆਂ ਮੁਤਾਬਕ ਤਿੰਨ ਖੇਤੀ ਬਿੱਲਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦੇ ਵਿੱਚ ਹਜਾਰਾਂ ਟਰੈਕਟਰਾਂ ਟਰਾਲੀਆਂ ਤੇ ਸਵਾਰ ਹੋ ਕੇ ਪੁੱਜੇ ਲੱਖਾਂ ਦੀ ਗਿਣਤੀ ‘ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਕੌਮੀ ਰਾਜਧਾਨੀ ਦਿੱਲੀ ਨੂੰ ਜੋੜਦੀਆਂ ਸੜਕਾਂ ਦੇ ਉੱਤੇ  ਕਿਸਾਨ ਅੰਦੋਲਨ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਸੰਘਰਸ਼ ਵਿੱਚ ਸਿਰਫ ਪੰਜਾਬ ਦੇ ਕਿਸਾਨ ਸ਼ਾਮਲ ਹੋ ਰਹੇ ਨੇ ਪਰ ਹਾਲਾਤ ਇਹ ਬਣੇ ਹੋਏ ਨੇ ਕਿ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਕਿਸਾਨ ਪੁੱਜੇ ਹੋਏ ਨੇ। ਕਿਸਾਨੀ ਸੰਘਰਸ਼ ਵਿਚ ਸ਼ਾਮਲ ਨੌਜਵਾਨਾਂ ਵੱਲੋਂ ਆਪਣੇ ਟਰੈਕਟਰਾਂ ਦੇ ਉੱਤੇ ਜੋ ਗੀਤ ਚਲਾਏ ਜਾ ਰਹੇ ਨੇ ਉਹ ਸੰਘਰਸ਼ ਵਿੱਚ ਪੂਰਾ ਜੋਸ਼ ਭਰ ਰਹੇ ਹਨ।

ਗਾਇਕ ਹਰਭਜਨ ਮਾਨ ਦਾ ਗੀਤ ਅਸੀਂ ਮੁੜਦੇ ਨ੍ਹੀਂ ਲਏ ਬਿਨਾਂ ਹੱਕ ਦਿੱਲੀਏ, ਗਾਇਕ ਗੁਰਵਿੰਦਰ ਬਰਾੜ ਦਾ ਗੀਤ ਸਾਨੂੰ ਜਦੋਂ ਜਦੋਂ ਕਰੇਂਗੀ ਖਰਾਬ ਦਿੱਲੀਏ, ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਆਦਿ ਗੀਤ ਧਰਨੇ ਵਿੱਚ ਸ਼ਾਮਲ ਟਰੈਕਟਰਾਂ ਦੇ ਸਪੀਕਰਾਂ ਚੋਂ ਵੱਜ ਰਹੇ ਨੇ। ਇਸ ਕਿਸਾਨ ਅੰਦੋਲਨ ਵਿੱਚ ਪੁੱਜੇ ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਨੌਜਵਾਨਾਂ  ਗੈਰੀ ਅਤੇ ਹੋਰਨਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਵੱਲੋਂ ਆਪਣੇ ਟਰੈਕਟਰ ਉੱਤੇ ਕਿਸਾਨ ਪੱਖੀ ਗੀਤ ਲਗਾ ਕੇ ਅਤੇ ਹੱਥਾਂ ਵਿੱਚ ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ ਦੇ ਪੋਸਟਰ ਚੁੱਕ ਕੇ ਦੱਸਿਆ ਜਾ ਰਿਹਾ ਹੈ ਕਿ ਸਿਰਫ ਉਨ੍ਹਾਂ ਨੂੰ ਬਦਨਾਮ ਕਰਨ ਲਈ ਅੱਤਵਾਦੀ ਜਾਂ ਹੋਰ ਗੱਲਾਂ ਕਹੀਆਂ ਜਾ ਰਹੀਆਂ ਨੇ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਰਾਏਕੋਟ ਤੋਂ ਪੁੱਜੇ ਨੌਜਵਾਨ ਵੀ ਆਪਣੇ ਟਰੈਕਟਰ ਉਤੇ ਕਿਸਾਨ ਪੱਖੀ ਗੀਤ ਚਲਾ ਕੇ ਕੇਂਦਰ ਸਰਕਾਰ ਨੂੰ ਲਲਕਾਰ ਰਹੇ ਹਨ। ਇਨ੍ਹਾਂ ਨੌਜਵਾਨਾਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਅਜਿਹੇ ਨੌਜਵਾਨ ਹਨ ਜਿਨ੍ਹਾਂ ਦੇ ਮੂੰਹ ਤੇ ਹੁਣ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਚੜ੍ਹੇ ਹੋਏ ਹਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਤੋਂ ਪੁੱਜੇ ਕਿਸਾਨ ਭੋਲਾ ਸਿੰਘ, ਰਣਧੀਰ ਸਿੰਘ ਤੇ ਤੋਗਾ ਸਿੰਘ ਨੇ ਆਖਿਆ ਕਿ ਬਿੱਲਾਂ ਦੀ ਵਾਪਸੀ ਤੱਕ ਤਾਂ ਇਹੋ ਗੀਤ ਚੱਲਣਗੇ ਕਿਉਂਕਿ ਹੁਣ ਮਾਹੌਲ ਹੀ ਅਜਿਹਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਬਿੱਲ ਵਾਪਸ ਹੋ ਗਏ ਤਾਂ ਹੋਰ ਖੁਸ਼ੀਆਂ ਦੇ ਗੀਤ ਵੀ ਸੁਣੇ ਜਾਣਗੇ। ਬਜੁਰਗ ਕਿਸਾਨਾਂ ਨੇ ਇਸ ਗੱਲ ਤੇ ਵੀ ਸੰਤੁਸ਼ਟੀ ਜਤਾਈ ਹੈ ਕਿ ਹੁਣ ਸੰਘਰਸ਼ ਦੇ ਵਿੱਚ ਨੌਜਵਾਨ ਪੀੜ੍ਹੀ ਵੀ ਪੂਰੇ ਜੋਸ਼ ਨਾਲ ਕੁੱਦੀ ਹੈ।

ਕਲਾਕਾਰ ਵੀ ਪਾ ਰਹੇ ਨੇ ਅਹਿਮ ਯੋਗਦਾਨ : ਬਰਾੜ

ਉੱਘੇ ਪੰਜਾਬੀ ਗੀਤਕਾਰ ਅਲਬੇਲ ਬਰਾੜ ਦਾ ਕਹਿਣਾ ਹੈ ਕਿ ਖੇਤੀ ਬਿੱਲਾਂ ਖਿਲਾਫ ਚੱਲ ਰਹੇ ਇਸ ਅੰਦੋਲਨ ਵਿਚ ਪੰਜਾਬ ਦੇ ਕਲਾਕਾਰ ਵੀ ਅਹਿਮ ਯੋਗਦਾਨ ਪਾ ਰਹੇ ਹਨ। ਬਰਾੜ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਹਰ ਵਰਗ ਖੜ੍ਹਾ ਹੈ ਜਦੋਂ ਕਿ ਦੂਜੇ ਪਾਸੇ ਸਿਰਫ਼ ਕੇਂਦਰ ਸਰਕਾਰ ਹੈ ਤਾਂ ਹਾਕਮਾਂ ਨੂੰ ਕਿਸਾਨਾਂ ਦਾ ਦਰਦ ਪਹਿਚਾਣਦਿਆਂ ਇਹ ਬਿੱਲ ਵਾਪਸ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.