4 ਕਤਲਾਂ ਸਮੇਤ 13 ਵਾਰਦਾਤਾਂ ਸੁਲਝਾਈਆਂ
ਮੋਹਾਲੀ, (ਸੱਚ ਕਹੂੰ ਨਿਊਜ਼) ਮੋਹਾਲੀ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ‘ਚ ਕਤਲ ਤੇ ਸੱਟਾਂ ਮਾਰਕੇ ਲੁੱਟ ਖੋਹ ਕਰਨ ਵਾਲੇ ਉਤਰ ਪ੍ਰਦੇਸ਼ ਤੇ ਉਤਰਾਖੰਡ ਸੂਬਿਆਂ ਦੇ ਆਧਾਰਿਤ ਇੱਕ ਅੰਤਰ ਰਾਜੀ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ ਮੋਹਾਲੀ ਦੇ ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਤਰਰਾਜੀ ਕਾਲਾ ਕੱਛਾ/ਕੱਛਾ ਬੈਨਣ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ, ਗਿਰੋਹ ਦੇ ਤਿੰਨ ਪ੍ਰਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਚਾਰ ਕਤਲਾਂ ਸਮੇਤ ਇੱਕ ਦਰਜਨ ਤੋਂ ਵਧੇਰੇ ਲੁੱਟ ਤੇ ਡਕੈਤੀ ਦੀਆਂ ਅਣਸੁਲਝੀਆਂ ਵਾਰਦਾਤਾਂ ਦਾ ਸੁਰਾਗ ਲਗਾਇਆ ਗਿਆ ਹੈ
ਐਸ ਐਸ ਪੀ ਨੇ ਦੱਸਿਆ ਕਿ 14-15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਾਜਰਾ ਥਾਣਾ ਮੁੱਲਾਂਪੁਰ ਵਿਖੇ ਦੋ ਫਾਰਮ ਹਾਊਸ਼ਾਂ ਉਪਰ ਲੁਟੇਰਿਆਂ ਨੇ ਅੱਧੀ ਰਾਤ ਨੂੰ ਕਰੀਬ ਹਮਲਾ ਕਰਕੇ ਕਤਲ ਅਤੇ ਡਕੈਤੀ ਦੀਆਂ ਦੋ ਵਾਰਦਾਤਾਂ ਨੂੰ ਇਕੋ ਰਾਤ ਅੰਜਾਮ ਦਿੱਤਾ ਸੀ ਪਹਿਲੀ ਵਾਰਦਾਤ ਸੰਤ ਕਬੀਰ ਫਾਰਮ ਹਾਊਸ ਪਿੰਡ ਮਾਜਰਾ ‘ਚ ਮੁਲਜਮਾਂ ਨੇ ਫਾਰਮ ‘ਤੇ ਸੁੱਤੇ ਪਏ ਨੌਕਰਾਂ ਦੇ ਪਰਿਵਾਰਕ ਮੈਂਬਰਾਂ ਦੇ ਸਿਰਾਂ ਵਿੱਚ ਸੱਟਾਂ ਮਾਰਕੇ ਇੱਕ ਨਿਪਾਲੀ ਨੌਕਰ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਹਾਲਤ ਵਿੱਚ ਜ਼ਖਮੀ ਕਰਕੇ ਉਨ੍ਹਾਂ ਨੂੰ ਬੰਦੀ ਬਣਾ ਕੇ ਸੋਨਾ, ਚਾਂਦੀ ਤੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ ਅਤੇ ਜਖਮੀਆਂ ਨੂੰ ਅੰਦਰ ਬੰਦ ਕਰ ਦਿੱਤਾ ਸੀ
ਇੱਕ ਹੋਰ ਵਾਰਦਾਤ ਵਿੱਚ ਕੁਲਦੀਪ ਫਾਰਮ ਹਾਊਸ ‘ਤੇ ਜਾ ਕੇ ਇਸੇ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਜਿੱਥੇ ਮੌਕੇ ਉਤੇ ਮੌਜੂਦ ਲੋਕਾਂ ਨੂੰ ਜ਼ਖਮੀ ਕਰਕੇ ਸੋਨਾ, ਚਾਂਦੀ ਦੇ ਗਹਿਣੇ ਤੇ ਕੈਸ਼ ਖੋਹ ਲਿਆ ਸੀ ਇਸ ਤੋਂ ਬਾਅਦ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਲਗਾਤਾਰ ਇੱਕ ਮਹੀਨਾ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ ਵਾਰਦਾਤਾਂ ਨੂੰ ਉਤਰ ਪ੍ਰਦੇਸ਼ ਉਤਰਾਖੰਡ ਆਧਾਰਿਤ ਮੈਚਿੰਗ ਨਾਮ ਦੇ ਸਰਗਣੇ ਵੱਲੋਂ ਚਲਾਏ ਜਾ ਰਹੇ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਸ ਨੇ ਆਪਣੇ ਗਿਰੋਹ ਨੂੰ 5-5, 7-7 ਮੈਂਬਰਾਂ ਦੇ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਹਰੇਕ ਗਰੁੱਪ ਵਿੱਚੋਂ ਦੋ ਸਖਸ਼ ਪਹਿਲਾਂ ਲੁੱਟੀ ਜਾਣ ਵਾਲੀ ਥਾਂ ਦੀ ਰੈਕੀ ਕਰਦੇ ਹਨ ਅਤੇ ਫਿਰ ਰਾਤ ਨੂੰ ਇਹ ਸਾਈਕਲਾਂ ‘ਤੇ ਸਵਾਰ ਹੋ ਕੇ ਘਟਨਾ ਸਥਾਨ ਵੱਲ ਕੂਚ ਕਰਦੇ ਸਨ
ਕਿਸੇ ਇੱਕ ਥਾਂ ਸਾਈਕਲ ਲੁਕਾ ਕੇ ਰਾਤ ਦੇ 12 ਵੱਜਣ ਦੀ ਉਡੀਕ ਕਰਦੇ ਸਨ ਤਾਂ ਜੋ ਟਾਰਗੇਟ ‘ਤੇ ਰਹਿੰਦੇ ਪਰਿਵਾਰ ਗੂੜੀ ਨੀਂਦ ਸੌਂ ਜਾਣ ਫਿਰ ਇਹ ਸੱਟਾਂ ਮਾਰਨ ਲਈ ਖੇਤਾਂ ਵਿੱਚੋਂ ਡਾਗਾਂ, ਸੋਟੇ ਕੱਟੇ ਲੈਂਦੇ ਸਨ ਤੇ ਜਾਂਦੇ ਹੀ ਸੁੱਤੇ ਜੀਆਂ ਉਪਰ ਹਮਲਾ ਕਰਕੇ ਉਨ੍ਹਾਂ ਕੋਲੋਂ ਗਹਿਣੇ, ਨਕਦੀ ਲੁੱਟ ਲੈਂਦੇ ਸਨ ਵਾਰਦਾਤ ਕਰਕੇ ਇਹ ਆਪਣੇ ਸਾਈਕਲਾਂ ਰਾਹੀਂ ਅਨਾਜ ਮੰਡੀ ਆਦਿ ਥਾਵਾਂ ‘ਤੇ ਜਾ ਕੇ ਲੁੱਟ ਦਾ ਮਾਲ ਵੰਡ ਕੇ ਫਿਰ ਅੱਡੋ ਅੱਡ ਹੋ ਕੇ ਆਪਣੇ ਟਿਕਾਣਿਆਂ ਉਤੇ ਚਲੇ ਜਾਂਦੇ ਸਨ
ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਸਰਗਣੇ ਮੈਚਿੰਗ ਵਾਸੀ ਯੂਪੀ, ਰਮਜਾਨ ਉਰਫ ਕੂਡਾ, ਯੂਪੀ, ਨੂੰ ਕਸਬਾ ਬੱਦੀ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਨੇ ਆਪਣਾ ਟਿਕਾਣਾ ਬੱਦੀ ਬਣਾਇਆ ਹੋਇਆ ਸੀ, ਜਿੱਥੋਂ ਇਹ ਪੰਜਾਬ ਅਤੇ ਹਰਿਆਣਾ ਵਿੱਚ ਵਾਰਦਾਤਾਂ ਕਰਦੇ ਸਨ ਇਨ੍ਹਾਂ ਦੇ ਗਿਰੋਹ ਨੇ ਪੰਜਾਬ ਵਿੱਚ ਪਿੰਡ ਮਾਜਰਾ ਥਾਣਾ ਮੁੱਲਾਂਪੁਰ ਤੇ ਖਰੜ ਤੋਂ ਇਲਾਵਾ ਕਪੂਰਥਲਾ, ਖੰਨਾ, ਜੈਤੋ, ਗਿਦੜਬਾਹਾ ਅਤੇ ਹਰਿਆਣਾ ਵਿੱਚ ਅੰਬਾਲਾ, ਰਾਏਪੁਰ ਰਾਣੀ, ਨਰਾਇਣਗੜ੍ਹ, ਸਾਹਾ, ਕਾਲਕਾ ਵਿਖੇ ਸਿਰਾਂ ਵਿਚ ਸੱਟਾਂ ਮਾਰਕੇ ਲੁੱਟ, ਡਕੈਡੀ ਅਤੇ ਕਤਲ ਦੀਆਂ ਅਜਿਹੀਆਂ ਵਾਰਦਾਂ ਨੂੰ ਅੰਜਾਮ ਦਿੱਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.