ਚੰਗਿਆਈ ਦੀ ਰੌਸ਼ਨੀ ਫੈਲਾਉਣਾ ਦੀਵਾਲੀ ਦਾ ਅਸਲ ਸੰਦੇਸ਼

ਚੰਗਿਆਈ ਦੀ ਰੌਸ਼ਨੀ ਫੈਲਾਉਣਾ ਦੀਵਾਲੀ ਦਾ ਅਸਲ ਸੰਦੇਸ਼

ਦੇਸ਼ ਅੰਦਰ ਹਰ ਸਾਲ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਤੋਂ ਇਲਾਵਾ ਸਾਲ ਵਿਚ ਕਈ ਹੋਰ ਤਿਉਹਾਰ ਵੀ ਆਪਣਾ ਅਮਰ ਸੰਦੇਸ ਦੇਣ ਅਤੇ ਸਾਡੇ ਮਨਾਂ ਵਿਚ ਨਵਾਂ ਉਤਸ਼ਾਹ ਭਰਨ ਲਈ ਆਉਂਦੇ ਹਨ। ਅਸੀਂ ਇਨ੍ਹਾਂ ਸਾਰੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੇ ਹਾਂ। ਜੋ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਨਾਲ-ਨਾਲ ਦੇਸ਼ ਦੇ ਗੌਰਵ ਨੂੰ ਵੀ ਪ੍ਰਗਟਾਉਂਦਾ ਹੈ। ਤਿਉਹਾਰਾਂ ਦਾ ਰਾਜਾ ਕਹੇ ਜਾਣ ਵਾਲਾ ਇਹ ਦੀਵਾਲੀ ਦਾ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ, ਉਸ ਦਿਨ ਲੋਕ ਹਨ੍ਹੇਰੀ ਰਾਤ ਨੂੰ ਦੀਵੇ ਜਗਾ ਕੇ ਉਸ ਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ।

ਦੀਵਾਲੀ ਦਾ ਤਿਉਹਾਰ ਕਦੋਂ ਤੇ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਜੋ ਇਤਿਹਾਸ ਤੋਂ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ 14 ਸਾਲ ਦਾ ਬਨਵਾਸ ਕੱਟਣ ਤੇ ਲੰਕਾ ਦੇ ਰਾਜੇ ਰਾਵਣ ‘ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁੱਧਿਆ ਵਾਪਿਸ ਪਰਤੇ ਸਨ। ਇਸ ਤੋਂ ਇਲਾਵਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਇਸੇ ਦਿਨ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੈਦਖਾਨੇ ਵਿਚੋਂ 52 ਰਾਜਿਆਂ ਸਮੇਤ ਬਾਹਰ ਆਏ ਸਨ। ਇਸ ਕਰਕੇ ਉਸ ਸਮੇਂ ਲੋਕਾਂ ਨੇ ਬੜੀ ਖੁਸ਼ੀ ਮਨਾਉਂਦਿਆਂ ਘਰਾਂ ਅੰਦਰ ਘਿਓ ਦੇ ਦੀਵੇ ਜਗਾਏ ਸਨ। ਦੀਵਾਲੀ ਦਾ ਤਿਉਹਾਰ ਇਨ੍ਹਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਹਿਰੀ ਮੌਕਾ ਸਾਨੂੰ ਪ੍ਰਦਾਨ ਕਰਦਾ ਹੈ।

ਵਿਗਿਆਨਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਕਿਉਂਕਿ ਬਰਸਾਤ ਦਾ ਮੌਸਮ ਦੀਵਾਲੀ ਆਗਮਨ ‘ਤੇ ਸਮਾਪਤ ਹੋ ਚੁੱਕਿਆ ਹੁੰਦਾ। ਰਸਤੇ ਖੁੱਲ੍ਹ ਜਾਂਦੇ ਹਨ ਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ-ਨਾਲਿਆਂ ਵਿਚੋਂ ਹੜਾਂ ਦਾ ਪਾਣੀ ਸੁੱਕ ਜਾਂਦਾ ਹੈ, ਅਤੇ ਹਲਕੀ-ਹਲਕੀ ਠੰਢ ਪੈਣੀ ਵੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ ਜਿਹੇ ਗਰਮ ਕੱਪੜੇ ਪਹਿਨਣੇ ਵੀ ਸ਼ੁਰੂ ਕਰ ਦਿੰਦੇ ਹਨ। ਇਹ ਤਿਉਹਾਰ ਚਾਨਣ ਦੀ ਹਨ੍ਹੇਰੇ ‘ਤੇ, ਭਲੇ ਦੀ ਬੁਰਾਈ ‘ਤੇ ਅਤੇ ਗਿਆਨ ਦੀ ਅਗਿਆਨਤਾ ‘ਤੇ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਲੋਕ ਖੁਸ਼ੀਆਂ ਮਨਾਉਂਦੇ, ਮਠਿਆਈਆਂ ਖਾਂਦੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ।

ਜਦੋਂ ਕਿ ਬੱਚਿਆਂ ਨੂੰ ਤਾਂ ਬੱਸ ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਕਾਹਲੀ ਲੱਗੀ ਰਹਿੰਦੀ ਹੈ, ਕੋਈ ਅਨਾਰ ਚਲਾਉਂਦਾ, ਕੋਈ ਸੁਦਰਸ਼ਨ ਚੱਕਰ, ਕੋਈ ਫੁੱਲਝੜੀਆਂ ਚਲਾ ਕੇ ਆਪਣੀ-ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਬਜ਼ਾਰਾਂ ਵਿਚ ਰੌਣਕਾਂ ਹੀ ਰੌਣਕਾਂ ਨਜ਼ਰ ਆਉਂਦੀਆਂ ਹਨ, ਇਸ ਦਿਨ ਬਜਾਰਾਂ ਵਿਚੋਂ ਲੋਕਾਂ ਵੱਲੋਂ ਆਪਣੇ ਲਈ ਲੱਖਾਂ ਰੁਪਏ ਖਰੀਦੋ-ਫਰੋਖਤ ਕੀਤੀ ਜਾਂਦੀ ਹੈ। ਜਿਸ ਕਰਕੇ ਇਸ ਦੀਵਾਲੀ ਦੇ ਦਿਨ ਬਜਾਰਾਂ ਅੰਦਰ ਦੁਕਾਨਦਾਰ ਵੀ ਚੰਗੀ ਕਮਾਈ ਕਰ ਲੈਂਦੇ ਹਨ। ਪਰੰਤੂ ਕੁਝ ਲੋਕ ਇਸ ਤਿਉਹਾਰ ਦੇ ਦਿਨ ਜੂਆ ਖੇਡਦੇ ਹਨ, ਸ਼ਰਾਬ ਅਤੇ ਹੋਰ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਕੇ ਦੀਵਾਲੀ ਦੇ ਤਿਉਹਾਰ ਦੀ ਪਵਿੱਤਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਤਿਉਹਾਰ ਦੇ ਮਹੱਤਵ ਨੂੰ ਨਾ ਸਮਝਕੇ ਆਪਣੀ ਸੋਚ ਤੇ ਆਰਥਿਕਤਾ ਦਾ ਦੀਵਾਲਾ ਕੱਢ ਲੈਂਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਅਸੀਂ ਬੁਰਾਈ ‘ਤੇ ਜਿੱਤ ਦਾ ਪ੍ਰਤੀਕ ਕਹਿੰਦੇ ਹਾਂ।

ਕਿਉਂਕਿ ਜਦੋਂ ਲੰਕਾ ਦਾ ਰਾਜਾ ਰਾਵਣ ਮਾਤਾ ਸੀਤਾ ਨੂੰ ਧੋਖੇ ਨਾਲ ਬੰਦੀ ਬਣਾ ਕੇ ਆਪਣੇ ਨਾਲ ਲੰਕਾ ਲੈ ਗਿਆ ਸੀ, ਤੇ ਇਸ ਤੋਂ ਬਾਅਦ ਭਗਵਾਨ ਸ੍ਰੀ ਰਾਮ ਅਤੇ ਲਛਮਣ, ਹਨੂੰਮਾਨ ਅਤੇ ਵਾਨਰ ਸੈਨਾ ਦਾ ਲੰਕਾ ਦੇ ਰਾਜੇ ਰਾਵਣ ਤੇ ਉਸ ਦੀ ਮਾਇਆਵੀ ਸੈਨਾ ਨਾਲ ਹੱਕ ਤੇ ਸੱਚ ਵਾਸਤੇ ਬੜਾ ਹੀ ਭਾਰੀ ਯੁੱਧ ਹੋਇਆ, ਇਸ ਯੁੱਧ ਵਿਚ ਰਾਵਣ ‘ਤੇ ਜਿੱਤ ਪ੍ਰਾਪਤ ਕਰਕੇ ਭਗਵਾਨ ਸ੍ਰੀਰਾਮ, ਲਛਮਣ ਤੇ ਮਾਤਾ ਸੀਤਾ ਸਮੇਤ ਅਯੁੱਧਿਆ ਵਾਪਸ ਆਏ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਲੋਕ ਘਰਾਂ ਅੰਦਰ ਦੀਵਾਲੀ ਦੀ ਹਨ੍ਹੇਰੀ ਰਾਤ ਨੂੰ ਦੀਪਮਾਲਾ ਕਰਕੇ ਪ੍ਰਕਾਸ਼ ਕਰਦੇ ਆ ਰਹੇ ਹਨ।

ਇੱਥੇ  ਵਰਣਨਯੋਗ ਹੈ ਕਿ ਜੋ ਪਿਛੋਕੜ ਦਾ ਇਤਿਹਾਸ ਦੱਸਦਾ ਕਿ ਲੰਕਾ ਦੇ ਰਾਜੇ ਰਾਵਣ ਨੂੰ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਵੀ ਉਸ ਸਮੇਂ ਵਿਚ ਆਖਿਆ ਜਾਂਦਾ ਸੀ, ਇਸੇ ਲਈ ਤਾਂ ਯੁੱਧ ਦੀ ਸਮਾਪਤੀ ਤੇ ਰਾਵਣ ਦੀ ਮੌਤ ਤੋਂ ਕੁਝ ਪਲ ਪਹਿਲਾਂ ਭਗਵਾਨ ਸ੍ਰੀ ਰਾਮ ਨੇ ਲਛਮਣ ਨੂੰ ਉਸ ਤੋਂ ਕੋਈ ਪਤੇ ਦੀ ਗੱਲ ਪੁੱਛਣ ਨੂੰ ਆਖਿਆ ਸੀ। ਲੰਕਾ ਦੇ ਰਾਜੇ ਰਾਵਣ ਦੀ ਇੱਕ ਬੁਰਾਈ ਮਾਤਾ ਸੀਤਾ ਨੂੰ ਬੰਦੀ ਬਣਾਉਣ ਬਦਲੇ ਹਰ ਸਾਲ ਲੋਕ ਸੈਂਕੜੇ ਸਾਲਾਂ ਤੋਂ ਉਸ ਦਾ ਪੁਤਲਾ ਸਾੜਦੇ ਆ ਰਹੇ ਹਨ। ਜਿਸ ਤੋਂ ਸਾਨੂੰ ਸਿੱਖਿਆ ਇਹ ਗ੍ਰਹਿਣ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਅੱਜ ਦੀਆਂ ਸਮਾਜਿਕ ਬੁਰਾਈਆਂ ਖਿਲਾਫ ਤਨੋ, ਮਨੋ ਇਮਾਨਦਾਰੀ ਨਾਲ ਲੜ ਕੇ ਇਨ੍ਹਾਂ ਬੁਰਾਈਆਂ ਨੂੰ ਅੱਜ ਦੇ ਦਿਨ ਜੜ੍ਹੋਂ ਉਖਾੜ ਸੁੱਟਣ ਦੇ ਰਾਹ ‘ਤੇ ਚੱਲੀਏ।

ਪਰੰਤੂ ਜੋ ਦੇਖਣ ਵਿਚ ਆਉਂਦਾ, ਸਮਾਜਿਕ ਬੁਰਾਈਆਂ ਖਤਮ ਕਰਨ ਦੀ ਗੱਲ ਤਾਂ ਬਹੁਤ ਦੂਰ, ਇੱਥੇ ਤਾਂ ਨਾ ਸਰਕਾਰਾਂ ਤੇ ਨਾ ਹੀ ਸਮਾਜ ਅੰਦਰ ਸਮਾਜਿਕ ਬੁਰਾਈਆਂ ਨੂੰ ਘੱਟੋ-ਘੱਟ ਕਾਬੂ ਹੇਠ ਹੀ ਲਿਆਂਦਾ ਗਿਆ, ਕੋਈ ਗੱਲ ਵੀ ਇਸ ਬਾਰੇ ਕਰਨ ਦੀ ਜਰੂਰਤ ਹੀ ਨਹੀਂ ਸਮਝਦਾ, ਜਿਸ ਕਰਕੇ ਦੇਸ਼ ਅੰਦਰ ਸਮਾਜਿਕ ਬੁਰਾਈਆਂ ਦੇ ਮੱਕੜਜਾਲ ਵਿਚ ਫਸ ਕੇ ਅਸੀਂ ਸਮਾਜਿਕ, ਧਾਰਮਿਕ ਤੇ ਆਰਥਿਕ ਤੌਰ ‘ਤੇ ਪਛੜਦੇ ਜਾ ਰਹੇ ਹਾਂ। ਇਸੇ ਲਈ ਤਾਂ ਦੇਸ ਅੰਦਰ ਅੱਜ ਦੇ ਰਾਵਣਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ, ਅੱਜ ਦੇ ਰਾਵਣ ਜਿਹੜੇ ਕਿ ਦੇਸ਼ ਦੇ ਸਿਆਸੀ ਸਿਸਟਮ ਵਿਚ ਪੱਕੀ ਤਰ੍ਹਾਂ ਫਿੱਟ ਹੋ ਚੁੱਕੇ ਹਨ। ਦੇਸ਼ ਦੀਆਂ ਔਰਤਾਂ ਨੂੰ ਖਿਡੌਣਾ ਸਮਝਦੇ ਹੋਏ ਉਨ੍ਹਾਂ ਨਾਲ ਆਏ ਦਿਨ ਬਦ ਕਲਾਮੀ, ਜਬਰ ਜਿਨਾਹ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਮਿਲੇ ਵੇਰਵੇ ਦੱਸਦੇ ਹਨ ਕਿ ਦੇਸ਼ ਅੰਦਰ ਸੰਨ 2007 ਤੋਂ ਸੰਨ 2016 ਦਰਮਿਆਨ ਔਰਤਾਂ ਦੇ ਖਿਲਾਫ ਅਪਰਾਧ ਦੇ ਮਾਮਲਿਆਂ ਵਿਚ 83 ਦੀਸਦੀ ਦਾ ਵਾਧਾ ਹੋਇਆ ਹੈ, ਤੇ ਹਰ ਘੰਟੇ ਵਿਚ ਚਾਰ ਔਰਤਾਂ ਨਾਲ ਜਬਰ-ਜਿਨਾਹ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਸਾਡਾ ਸਿਸਟਮ ਅਤੇ ਕਾਨੂੰਨੀ ਢਾਂਚਾ ਅਜਿਹੇ ਸਫੈਦਪੋਸ਼ ਗੁੰਡਾ ਅਨਸਰਾਂ ਨੂੰ ਸਜਾ ਦੇਣੀ ਤਾਂ ਇੱਕ ਪਾਸੇ ਸਗੋਂ ਅਜਿਹੀਆਂ ਕਾਲੀਆਂ ਕਰਤੂਤਾਂ ਤੇ  ਜੁਰਮਾਂ ਵਿਚੋਂ  ਬਚਣ ਲਈ ਰਾਹ ਦੱਸਦਾ ਲੱਗ ਰਿਹੈ। ਜੇਕਰ ਦੇਸ਼ ਦਾ ਕਾਨੂੰਨ ਸਮਾਜ ਵਿਰੋਧੀ ਤੇ ਗੁੰਡਾ ਅਨਸਰਾਂ ਨੂੰ ਮਿਸਾਲੀ ਸਜਾਵਾਂ ਦੇਵੇ ਤਾਂ ਕੀ ਮਜਾਲ ਕੋਈ ਅਜਿਹੀਆਂ ਕਾਲੀਆਂ ਕਰਤੂਤਾਂ ਵਾਲਾ ਗੁੰਡਾ ਕਿਸੇ ਧੀ-ਭੈਣ ਜਾਂ ਮਾਂ ਵੱਲ ਅੱਖ ਚੁੱਕ ਕੇ ਦੇਖਣ ਦੀ ਜੁਰੱਅਤ ਕਰ ਸਕੇ।
ਸੋ ਅੱਜ ਜਰੂਰਤ ਹੈ ਕਿ ਅਸੀਂ ਆਪਣੇ ਮਨਾਂ ਅੰਦਰ ਗਿਆਨ ਦੇ ਦੀਵੇ ਬਾਲ਼ ਕੇ ਸਮਾਜ ਅੰਦਰ ਫੈਲੇ ਸਮਾਜਿਕ ਬੁਰਾਈਆਂ ਦੇ ਹਨ੍ਹੇਰ ਨੂੰ ਦੂਰ ਕਰੀਏ।

ਦੀਵਾਲੀ ਦੀ ਰਾਤ ਅਸੀਂ ਸੈਂਕੜੇ ਸਾਲਾਂ ਤੋਂ ਦੀਵੇ ਜਗਾ ਕੇ ਹਨ੍ਹੇਰਾ ਦੂਰ ਤਾਂ ਕਰਦੇ ਹਾਂ, ਪਰੰਤੂ ਸਾਡਾ ਵਾਰ-ਵਾਰ ਦਾ ਦੁਹਰਾਪਨ ਅਮਲ ਤੱਕ ਨਹੀਂ ਪਹੁੰਚਦਾ। ਜਿਸ ਤਰ੍ਹਾਂ ਅਸੀਂ ਦੀਵਾਲੀ ਤੋਂ ਕੁਝ ਸਮਾਂ ਪਹਿਲਾਂ ਘਰਾਂ ਦੀ ਸਫਾਈ ਕਰਕੇ ਕੂੜਾ-ਕਰਕਟ ਬਾਹਰ ਕੱਢਦੇ ਹਾਂ, ਪਰ ਸਾਡੇ ਮਨਾਂ ਅੰਦਰ ਕੂੜ-ਕਪਟ, ਰਿਸ਼ਤਵਤਖੋਰੀ, ਇੱਕ-ਦੂਜੇ ਨਾਲ ਖਾਹ-ਮਖਾਹ ਦਾ ਵੈਰ ਢੇਰਾਂ ਦੇ ਢੇਰ ਭਰਿਆ ਪਿਆ ਹੈ, ਕੀ ਕਦੇ ਇਸ ਦੀ ਸਫਾਈ ਕੀਤੀ ਹੈ?

ਦੀਵਾਲੀ ਕੋਈ ਇੱਕ ਦਿਨ ਦਾ ਤਿਉਹਾਰ ਨਹੀਂ, ਇਹ ਤਾਂ ਸਾਰੀ ਜ਼ਿੰਦਗੀ ਇਨਸਾਨ ਨੂੰ ਗਿਆਨ ਰੂਪੀ ਚਾਨਣ ਵਿਚ ਰਹਿਣ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਕੌਮੀ ਏਕਤਾ, ਸਾਂਝੇ ਭਾਈਚਾਰੇ ਅਤੇ ਸਦਭਾਵਨਾ ਨੂੰ ਵਿਕਸਿਤ ਕਰਦਾ ਹੈ। ਜਿੱਥੇ ਅਸੀਂ ਦੀਵਾਲੀ ਦੀ ਰਾਤ ਨੂੰ ਖੁਸ਼ੀਆਂ ਮਨਾਉਣ ਲਈ ਪਟਾਕੇ, ਫੁੱਲਝੜੀਆਂ, ਅਨਾਰ ਵਗੈਰਾ ਚਲਾਉਂਦੇ ਹਾਂ, ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਇਨ੍ਹਾਂ ਪਟਾਖਿਆਂ ਦੇ ਧੂੰਏਂ ਨਾਲ ਸਾਡੇ ਵਾਤਾਵਰਨ ਵਿਚ ਧੂੰਏਂ ਦਾ ਪ੍ਰਦੂਸ਼ਣ ਕਈ ਬਿਮਾਰੀਆਂ ਫੈਲਣ ਦਾ ਵੱਡਾ ਕਾਰਨ ਵੀ ਬਣਦਾ ਹੈ। ਇਸੇ ਲਈ ਦੇਸ ਦੀ ਮਾਣਯੋਗ ਸੁਪਰੀਮ ਕੋਰਟ ਨੇ ਵਾਤਾਵਰਨ ਨੂੰ ਸਾਡੇ ਸਮਾਜ ਦੇ ਹਾਨੀਕਾਰਕ ਕੰਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪਟਾਖਿਆਂ ਨੂੰ ਚਲਾਉਣ ਦਾ ਸਮਾਂ ਨਿਸ਼ਚਿਤ ਕੀਤਾ ਹੈ।

ਸੋ ਅਸੀਂ ਦੀਵਾਲੀ ਤੋਂ ਇਲਾਵਾ ਦੇਸ਼ ਵਿਚ ਮਨਾਏ ਜਾਂਦੇ ਹੋਰ ਵੀ ਤਿਉਹਾਰਾਂ, ਗੁਰੂਆਂ, ਪੀਰਾਂ, ਸੂਰਬੀਰ ਯੋਧਿਆਂ ਦੀਆਂ ਯਾਦਾਂ ਮਨਾਉਣ ਸਮੇਂ ਉਨ੍ਹਾਂ ਵੱਲੋਂ ਦੇਸ਼ ਤੇ ਸਮਾਜ ਦੇ ਭਲੇ ਲਈ ਪਾਏ ਪੂਰਨਿਆਂ ‘ਤੇ ਦਿਲੋਂ ਇਮਾਨਦਾਰੀ ਨਾਲ ਚੱਲਣ ਦਾ ਪੱਕਾ ਦ੍ਰਿੜ ਇਰਾਦਾ ਕਰੀਏ, ਤਾਂ ਹੀ ਅਸੀਂ ਇਨ੍ਹਾਂ ਯਾਦਾਂ ਨੂੰ ਮਨਾਉਣ ਦਾ ਅਸਲ ਲਾਹਾ ਖੱਟ ਸਕਦੇ ਹਾਂ।
ਸ੍ਰੀ ਮੁਕਤਸਰ ਸਾਹਿਬ,
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.