18 ਨਵੰਬਰ ਨੂੰ ਮੁੜ ਤੋਂ ਚੰਡੀਗੜ ਵਿਖੇ ਹੋਏਗੀ ਮੀਟਿੰਗ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸਾਨ ਅੱਜ ਦਿੱਲੀ ਮੀਟਿੰਗ ਲਈ ਜਾ ਰਹੇ ਹਨ, ਜਿਥੇ ਜੇਕਰ ਗਲ ਨਹੀਂ ਬਣੀ ਤਾਂ 27 ਨੂੰ ਦਿੱਲੀ ਘੇਰਦੇ ਹੋਏ ਕਿਸਾਨ ਆਪਣੇ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕਰਨਗੇ। ਹਾਲਾਂਕਿ ਕਿਸਾਨਾਂ ਨੂੰ ਇਸ ਮੀਟਿੰਗ ਤੋਂ ਕਾਫ਼ੀ ਜਿਆਦਾ ਆਸ ਹੈ ਪਰ ਇਸ ਨਾਲ ਖਦਸ਼ਾ ਵੀ ਹੈ ਕਿ ਜਿਸ ਤਰੀਕੇ ਨਾਲ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਹਨ, ਉਸ ਹਿਸਾਬ ਨਾਲ ਮੀਟਿੰਗ ਵਿੱਚ ਉਨਾਂ ਨੂੰ ਸੁਣਨ ਦੀ ਥਾਂ ‘ਤੇ ਸਮਝਾਉਣ ਦੀ ਕੋਸ਼ਸ਼ ਨਾ ਸ਼ੁਰੂ ਹੋ ਜਾਵੇ।
ਭਾਰਤੀ ਕਿਸਾਨ ਡਕੌਂਦਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਭਾਂਵੇ ਮੀਟਿੰਗ ਕਰਨ ਲਈ 30 ਜਥੇਬੰਦੀਆਂ ਦੇ ਨੁਮਾਇੰਦੇ ਜਾ ਰਹੇ ਹਨ ਪਰ ਉਥੇ ਗੱਲਬਾਤ ਕਰਨ ਲਈ 3 ਕਿਸਾਨ ਆਗੂਆਂ ਨੂੰ ਹੀ ਅੱਗੇ ਕੀਤਾ ਗਿਆ ਹੈ, ਜਿਹੜੇ ਕਿ ਹਰ ਮੁੱਦੇ ‘ਤੇ ਬੋਲਦੇ ਹੋਏ ਆਪਣਾ ਪੱਖ ਰੱਖਣਗੇ। ਇਨਾਂ 3 ਆਗੂਆਂ ਵਿੱਚ ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸੰਧੂ ਸ਼ਾਮਲ ਹਨ।
ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਦਿੱਲੀ ਦੀ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਆਪਣੀ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ, ਇਸ ਲਈ 18 ਨਵੰਬਰ ਨੂੰ ਮੁੜ ਤੋਂ ਚੰਡੀਗੜ ਵਿਖੇ ਮੀਟਿੰਗ ਕੀਤੀ ਜਾਏਗੀ, ਜਿਸ ਵਿੱਚ ਦਿੱਲੀ ਵਿਖੇ ਹੋਏ ਮੀਟਿੰਗ ਬਾਰੇ ਖ਼ੁਦ ਜਥੇਬੰਦੀਆਂ ਚਰਚਾ ਕਰਨਗੇ। ਉਨਾਂ ਦੱਸਿਆ ਕਿ 27 ਨੂੰ ਦਿੱਲੀ ਚਲੋ ਅੰਦੋਲਨ ਦੀ ਤਿਆਰੀਆਂ ਚਲ ਰਹੀਆਂ ਹਨ ਅਤੇ ਇਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਆਪਣੇ ਟਰੈਕਟਰ ਟਰਾਲੀ ਰਾਹੀਂ ਦਿੱਲੀ ਜਾਣਗੇ ਅਤੇ ਉਥੇ ਹੀ ਪੱਕਾ ਡੇਰਾ ਲਾਇਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.