ਆਪਣੇ ਪਿੰਡ ਦੀ ਜਾਈ ਹਰਵਿੰਦਰ ਸੰਧੂ ਦੀ ਵੱਡੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਨੇ ਵਸਨੀਕ
ਜ਼ੀਰਾ, (ਸ਼ੁਭਮ ਖੁਰਾਣਾ)। ਬੀ.ਸੀ. ਅਸੈਂਬਲੀ ਚੋਣਾਂ ‘ਚ ਵਰਨਨ-ਮੋਨਸੀ ਵਿਚ ਹਰਵਿੰਦਰ ਸੰਧੂ ਦੀ ਜਿੱਤ ਨਾਲ ਪੰਜਾਬੀ ਮੂਲ ਦੇ ਐਮ.ਐਲ.ਏਜ ਦੀ ਗਿਣਤੀ ਜਿੱਥੇ 9 ਹੋ ਗਈ ਹੈ ਅਤੇ ਇਸ ਨਾਲ ਹੀ ਬੀਸੀ ਵਿਚ ਪੰਜਾਬੀਆਂ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹਰਵਿੰਦਰ ਸੰਧੂ (ਵਰਨਨ-ਮੋਨਸੀ) ਐਮ.ਐਲ.ਏ ਚੁਣੇ ਜਾਣ ਦੇ ਨਾਲ ਵਿਧਾਨ ਸਭਾ ਹਲਕਾ ਜ਼ੀਰਾ ਦੇ ਛੋਟੇ ਜਿਹੇ ਪਿੰਡ ਜੌੜਾ ਦਾ ਦੇਸ਼-ਵਿਦੇਸ਼ਾਂ ਵਿੱਚ ਵੀ ਨਾਂਅ ਰੌਸ਼ਨ ਹੋ ਚੁੱਕਾ ਹੈ। ਪਿੰਡ ਜੌੜਾ ਦੇ ਵਸਨੀਕ ਆਪਣੀ ਧੀ ਹਰਵਿੰਦਰ ਦੀ ਜਿੱਤ ਮਾਣ ਮਹਿਸੂਸ ਕਰ ਰਹੇ ਹਨ। ਹਰਵਿੰਦਰ ਸੰਧੂ ਪਿੰਡ ਜੌੜਾ ਦੇ ਰਾਜਨੀਤਕ ਖੇਤਰ ਨਾਲ ਸਾਂਝ ਰੱਖਣ ਵਾਲੇ ਲਖਵਿੰਦਰ ਸਿੰਘ ਜੌੜਾ ਜੋ ਕਿ ਮਾਰਕੀਟ ਕਮੇਟੀ ਮੱਲਾਂਵਾਲਾ ਦੇ ਉਪ ਚੇਅਰਮੈਨ ਹਨ, ਦੀ ਸਕੀ ਭੈਣ ਹੈ ਅਤੇ ਲਖਵਿੰਦਰ ਜੌੜਾ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ।
ਡਾਕਟਰੀ ਪੇਸੇ ਨਾਲ ਜੁੜੀ ਹਰਵਿੰਦਰ ਕੌਰ ਦੇ ਮਨ ਅੰਦਰ ਰਾਜਨੀਤਕ ਖੇਤਰ ਦੇ ਰਾਹੀਂ ਲੋਕ ਸੇਵਾ ਕਰਨ ਦਾ ਜਜਬਾ ਸੀ ਅਤੇ ਅਜਿਹੀ ਸਿਆਸੀ ਲਗਨ ਉਸ ਨੂੰ ਆਪਣੇ ਭਰਾ ਲਖਵਿੰਦਰ ਸਿੰਘ ਜੌੜਾ ਤੋਂ ਲੱਗੀ। ਆਖਰ ਬਿਖੜੇ ਪੈਂਡਿਆਂ ‘ਤੇ ਗੁਜ਼ਰਦਿਆਂ ਉਸ ਦਾ ਇਹ ਟੀਚਾ ਕੈਨੇਡਾ ਦੀ ਧਰਤੀ ਤੇ ਜਾ ਕੇ ਪੂਰਾ ਹੋਇਆ। ਪਿੰਡ ਵਾਸੀਆਂ ਨੇ ਹਰਵਿੰਦਰ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਇਆ ਕਿ ਅੱਜ ਸਾਡੇ ਪਿੰਡ ਦੀ ਧੀ ਨੇ ਸਾਡੇ ਪਿੰਡ ਦਾ ਨਾਂਅ ਵਿਦੇਸ਼ਾਂ ਵਿੱਚ ਜਾ ਕੇ ਰੋਸ਼ਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰਵਿੰਦਰ ਕੌਰ ਸੰਧੂ ਨੇ ਪਿਛਲੇ 35 ਸਾਲਾਂ ਤੋਂ ਬਾਅਦ ਇਹ ਸੀਟ ਜਿੱਤ ਕੇ ਐੱਨਡੀਪੀ ਪਾਰਟੀ ਦੀ ਝੋਲੀ ਵਿੱਚ ਪਾਈ ਹੈ। ਉਨ੍ਹਾਂ ਦੀ ਜਿੱਤ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਪਾਰਟੀ ਨੇ ਵੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਇਸੇ ਖੁਸ਼ੀ ਭਰੇ ਮੌਕੇ ਫਿਰੋਜ਼ਪੁਰ ਤੋਂ ਐੱਮਐੱਲਏ ਪਰਮਿੰਦਰ ਸਿੰਘ ਪਿੰਕੀ, ਜ਼ੀਰਾ ਤੋਂ ਐਮਐਲਏ ਕੁਲਬੀਰ ਸਿੰਘ ਜ਼ੀਰਾ ਨੇ ਲਖਵਿੰਦਰ ਸਿੰਘ ਜੌੜਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਤੋਂ ਇਲਾਵਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਬਲਾਕ ਸੰਮਤੀ ਜ਼ੀਰਾ ਦੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਗੁਰਪ੍ਰੀਤ ਸਿੰਘ ਢਿੱਲੋਂ ਬੀਡੀਪੀਓ ਜ਼ੀਰਾ, ਬਸਤੀ ਹਰੀਪੁਰ ਦੇ ਸਰਪੰਚ ਰਾਜਵਿੰਦਰ ਸਿੰਘ ਖਿੰਡਾ, ਪਿੰਡ ਚੱਬਾ ਦੇ ਸਰਪੰਚ ਪ੍ਰਗਟ ਸਿੰਘ ਸੰਧੂ, ਪਿੰਡ ਮਲਸੀਆਂ ਦੇ ਸਰਪੰਚ ਬਲਬੀਰ ਸਿੰਘ ਸੰਧੂ, ਪਿੰਡ ਮਰਖਾਈ ਦੇ ਸਰਪੰਚ ਸਰਦੂਲ ਸਿੰਘ ਗਿੱਲ, ਯੂਥ ਆਗੂ ਰਾਮਜੀਤ ਸਿੰਘ ਹਰਦਾਸਾ, ਪਿੰਡ ਬੋਤੀਆਂ ਵਾਲਾ ਦੇ ਸਰਪੰਚ ਬਲਦੇਵ ਸਿੰਘ ਢਿੱਲੋਂ ਆਦਿ ਪੰਚਾਂ ਸਰਪੰਚਾਂ ਨੇ ਲਖਵਿੰਦਰ ਜੌੜਾ ਨੂੰ ਮੁਬਾਰਕਾਂ ਦਿੱਤੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.