ਪੰਜਾਬ ‘ਚ ਅਜੇ ਨਹੀਂ ਮਿਲੀ ਯਾਤਰੂ ਰੇਲ ਬਹਾਲੀ ਦੀ ਇਜਾਜਤ

Railway

ਯਾਤਰੂ ਰੇਲ ਗੱਡੀਆਂ ਦੀ ਬਹਾਲੀ ਦੀ ਮੁੱਖ ਮੰਤਰੀ ਦੀ ਮੰਗ ਕਿਸਾਨ ਆਗੂਆਂ ਠੁਕਰਾਈ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਪੀਲ ਕਿਸਾਨ ਆਗੂਆਂ ‘ਤੇ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿੱਚ ਰੇਲ ਸੇਵਾ ਬਹਾਲ ਕਰਨ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਪੀਲ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਠੁਕਰਾ ਦਿੱਤਾ ਗਿਆ ਹੈ। ਜਿਸ ਕਾਰਨ ਦਿੱਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਮਾਲ ਗੱਡੀਆਂ ਜਾਂ ਫਿਰ ਯਾਤਰੂ ਗੱਡੀਆਂ ਦੀ ਬਹਾਲੀ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਤੇਵਰ ਕੁਝ ਢਿੱਲੇ ਜਰੂਰ ਪਏ ਹਨ ਪਰ ਦਿੱਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਕੋਈ ਵੀ ਫੈਸਲਾ ਕਰਨ ਦਾ ਰਿਸਕ ਲੈਂਦੇ ਨਜ਼ਰ ਨਹੀਂ ਆ ਰਹੇ ਹਨ। ਕਿਸਾਨ ਆਗੂਆਂ ਨੂੰ ਲਗਦਾ ਹੈ ਕਿ ਦਿੱਲੀ ਮੀਟਿੰਗ ਤੋਂ ਪਹਿਲਾਂ ਰੇਲ ਬਹਾਲੀ ਉਨ੍ਹਾਂ ਨੂੰ ਕਮਜ਼ੋਰ ਬਣਾ ਦੇਵੇਗੀ ਅਤੇ ਜਿਹੜਾ ਫੈਸਲਾ ਦਿੱਲੀ ਉਨ੍ਹਾਂ ਦੇ ਅੰਦੋਲਨ ਦਾ ਹੋਣਾ ਹੈ, ਉਹ ਫੈਸਲਾ ਚੰਗੇ ਢੰਗ ਨਾਲ ਨਹੀਂ ਹੋ ਸਕੇਗਾ, ਇਸ ਲਈ ਪੰਜਾਬ ਵਿੱਚ ਰੇਲ ਬਹਾਲੀ ਬਾਰੇ ਦਿੱਲੀ ਮੀਟਿੰਗ ਤੋਂ ਬਾਅਦ ਹੀ ਫੈਸਲਾ ਹੋਵੇਗਾ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਡੇਢ ਮਹੀਨੇ ਤੋਂ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਰੇਲ ਸੇਵਾ ਮੁਕੰਮਲ ਤੌਰ ‘ਤੇ ਹੀ ਬੰਦ ਪਈ ਹੈ ਜਿਸ ਕਾਰਨ ਜਿੱਥੇ ਥਰਮਲ ਪਲਾਂਟ ਵਿੱਚ ਕੋਲੇ ਦੀ ਘਾਟ ਕਾਰਨ ਚਿਮਨੀਆਂ ਧੂੰਆਂ ਛੱਡਣਾ ਬੰਦ ਕਰ ਗਈਆਂ ਹਨ ਤਾਂ ਵਪਾਰੀਆਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਵਪਾਰੀ ਆਪਣਾ ਸਮਾਨ ਵੇਚਣ ਲਈ ਦੂਜੇ ਸੂਬਿਆਂ ਵਿੱਚ ਨਹੀਂ ਭੇਜ ਪਾ ਰਹੇ ਹਨ ਤਾਂ ਦੂਜੇ ਸੂਬਿਆਂ ਤੋਂ ਕੱਚਾ ਮਾਲ ਪੰਜਾਬ ਵਿੱਚ ਲੈ ਕੇ ਆਉਣ ਵਿੱਚ ਵੀ ਪ੍ਰੇਸ਼ਾਨੀ ਖੜ੍ਹੀ ਹੋਈ ਪਈ ਹੈ।

ਕਿਸਾਨੀ ਅੰਦੋਲਨ ਦੇ ਚਲਦੇ ਭਾਜਪਾ ਸਰਕਾਰ ਦੇ ਤਿੰਨ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਦਿੱਲੀ ਵਿਖੇ ਮੀਟਿੰਗ ਲਈ ਸੱਦ ਲਿਆ ਹੈ ਇਹ ਮੀਟਿੰਗ 13 ਨਵੰਬਰ ਨੂੰ ਹੋਣ ਜਾ ਰਹੀ ਹੈ ਪਰ ਇਸ ਮੀਟਿੰਗ ਦਾ ਸੱਦਾ ਪੱਤਰ ਹੁਣ ਤੱਕ ਨਾ ਮਿਲਣ ਕਾਰਨ ਕਿਸਾਨ ਆਗੂ ਇਸ ਮੀਟਿੰਗ ਤੋਂ ਪਹਿਲਾਂ ਕੋਈ ਵੀ ਵੱਡਾ ਫੈਸਲਾ ਨਹੀਂ ਕਰਨਾ ਚਾਹੁੰਦੇ , ਜਿਸ ਨਾਲ ਉਨ੍ਹਾਂ ਦੇ ਅੰਦੋਲਨ ‘ਤੇ ਅਸਰ ਪਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਪੀਲ ਵੀ ਇਸ ਫੈਸਲੇ ਦੇ ਘੇਰੇ ਵਿੱਚ ਆ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਪੀਲ ਕੀਤੀ ਗਈ ਸੀ ਕਿ ਦਿੱਲੀ ਤੋਂ ਸੱਦਾ ਆਉਣ ਤੋਂ ਬਾਅਦ ਰੇਲ ਬਹਾਲੀ ਦਾ ਐਲਾਨ ਕਿਸਾਨ ਆਗੂਆਂ ਨੂੰ ਕਰ ਦੇਣਾ ਚਾਹੀਦਾ ਹੈ ਤਾਂ ਕਿ ਤਿਉਹਾਰਾਂ ਦੇ ਚਲਦੇ ਲੋਕ ਆਪਣੇ ਘਰਾਂ ਨੂੰ ਪੰਜਾਬ ਤੋਂ ਬਾਹਰ ਜਾਂ ਫਿਰ ਬਾਹਰੋਂ ਪੰਜਾਬ ਵਿੱਚ ਆ ਸਕਣ ਪਰ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਸ ਅਪੀਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਦਿੱਲੀ ਮੀਟਿੰਗ ਤੋਂ ਬਾਅਦ ਹੀ ਹੋਵੇਗਾ ਫੈਸਲਾ : ਰਾਜੇਵਾਲ

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਦਿੱਲੀ ਵਿਖੇ ਮੀਟਿੰਗ ਹੋਣ ਤੋਂ ਬਾਅਦ ਹੀ ਪੰਜਾਬ ਵਿੱਚ ਰੇਲ ਬਹਾਲੀ ਬਾਰੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ। ਹੁਣ ਤੱਕ ਕਿਸਾਨ ਜਥੇਬੰਦੀਆਂ ਨੂੰ ਸੱਦਾ ਹੀ ਨਹੀਂ ਆਇਆ ਹੈ ਤਾਂ ਇਸ ਮੌਕੇ ਕਿਸੇ ਵੀ ਅਪੀਲ ‘ਤੇ ਕਿਵੇਂ ਫੈਸਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਹੀ ਹੋ ਸਕਦਾ ਹੈ, ਇਸ ਲਈ ਜੇਕਰ 13 ਨਵੰਬਰ ਲਈ ਦਿੱਲੀ ਤੋਂ ਸੱਦਾ ਆ ਗਿਆ ਤਾਂ 12 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ, ਉਸ ਮੀਟਿੰਗ ਵਿੱਚ ਇਸ ਤਰ੍ਹਾਂ ਦੇ ਮੁੱਦੇ ਵਿਚਾਰ ਕੀਤੇ ਜਾ ਸਕਦੇ ਹਨ।

ਸੱਦਾ ਤਾਂ ਆਇਆ ਨੀਂ, ਕਿਵੇਂ ਮੰਨ ਲਈਏ ਅਪੀਲ : ਡਾ. ਦਰਸ਼ਨ ਪਾਲ

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਦਿੱਲੀ ਤੋਂ ਸੱਦਾ ਆਉਣ ਦੀ ਗੱਲ ਆਖੀ ਤਾਂ ਜਾ ਰਹੀ ਹੈ ਪਰ ਹੁਣ ਤੱਕ ਲਿਖਤੀ ਰੂਪ ਵਿੱਚ ਕਿਸੇ ਵੀ ਮੀਟਿੰਗ ਦਾ ਸੱਦਾ ਨਹੀਂ ਆਇਆ ਹੈ। ਇਸ ਲਈ ਪਹਿਲਾਂ ਸੱਦਾ ਆ ਜਾਵੇ ਅਤੇ ਉਸ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲ ਬਹਾਲੀ ਦਾ ਫੈਸਲਾ ਕੋਈ ਇਕੱਲਾ ਨਹੀਂ ਕਰ ਸਕਦਾ ਹੈ, ਇਸ ਨੂੰ ਸਾਂਝੇ ਤੌਰ ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਜਾਵੇਗਾ ਪਰ ਉਸ ਸਮੇਂ ਤੱਕ ਪਹਿਲਾਂ ਵਾਲੀ ਸਥਿਤੀ ਕਾਇਮ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.