ਕਹਾਣੀ : ਮਾਂ-ਪਿਓ ਦੀ ਵੰਡ
ਹਰਨਾਮ ਸਿੰਘ ਤੇ ਬਸੰਤ ਕੌਰ ਹੁਣ ਜਦੋਂ ਆਪਣੇ ਸ਼ਹਿਰ ਰਹਿੰਦੇ ਪੁੱਤਰ ਗੁਰਮੇਲ ਕੋਲ ਆਏ ਤਾਂ ਉਨ੍ਹਾਂ ਨੂੰ ਇੱਥੋਂ ਦਾ ਵਾਤਾਵਰਨ ਅਜ਼ੀਬ ਜਿਹਾ ਲੱਗਿਆ। ਉਨ੍ਹਾਂ ਦਾ ਮਨ ਫਿਰ ਪਿੰਡ ਵੱਲ ਨੂੰ ਉਡਾਰੀਆਂ ਮਾਰਨ ਲੱਗਾ। ਉਹ ਦੋਨੋਂ ਬੁਢਾਪੇ ਦੀ ਇਸ ਉਮਰ ਵਿੱਚ ਜਦੋਂ ਘਰ ਕੋਲ ਬਣੇ ਪਾਰਕ ਵਿੱਚ ਬੈਠ ਕੇ ਇੱਕ-ਦੂਜੇ ਨਾਲ ਦੁੱਖ-ਸੁਖ ਦੀਆਂ ਗੱਲਾਂ ਕਰਦੇ ਤਾਂ ਭਾਵੁਕ ਹੋ ਜਾਂਦੇ।
Story: The Divide of Parents
”ਬਸੰਤ ਕੁਰੇ ਮੇਰਾ ਤਾਂ ਇੱਥੇ ਸ਼ਹਿਰ ਵਿੱਚ ਦਮ ਘੁਟਦੈ, ਇੱਥੇ ਤਾਂ ਕਿਸੇ ਕੋਲ ਬੈਠਣ ਦਾ ਵੀ ਟਾਈਮ ਹੈਨੀ, ਆ ਗੁਰਮੇਲ ਸਿਉਂ ਸਵੇਰੇ ਆਪਣੀ ਨੌਕਰੀ ‘ਤੇ ਚਲਾ ਜਾਂਦਾ, ਬੱਚੇ ਬਾਹਰ ਤੇ ਸੁਖਵਿੰਦਰ ਆਪਣੇ ਘਰ ਦੇ ਕੰਮਾਂ ‘ਚ ਉਲਝੀ ਰਹਿੰਦੀ ਐ, ਸਾਰਾ ਦਿਨ ਮੰਜੇ ‘ਤੇ ਪੈ ਕੇ ਵੀ ਤਾਂ ਟਾਈਮ ਪਾਸ ਨ੍ਹੀਂ ਹੁੰਦਾ।” ਹਰਨਾਮ ਸਿੰਘ ਪਾਰਕ ਵਿੱਚ ਬੈਠ ਕੇ ਆਪਣੇ ਦਿਲ ਦੀ ਭੜਾਸ ਅਕਸਰ ਹੀ ਬਸੰਤ ਕੌਰ ਕੋਲ ਕੱਢਦਾ ਰਹਿੰਦਾ। ”ਕੀ ਕਰੀਏ ਆਖਿਰ ਰਹਿਣਾ ਵੀ ਤਾਂ ਪੈਣਾ ਹੁਣ ਇੱਕ ਮਹੀਨਾ ਤਾਂ ਇੱਥੇ ਈ, ਜਦੋਂ ਤਿੰਨਾਂ ਪੁੱਤਰਾਂ ‘ਚ ਸਾਨੂੰ ਇੱਕ-ਇੱਕ ਮਹੀਨਾ ਸਾਂਭਣ ਦਾ ਸਮਝੌਤਾ ਵੀ ਤਾਂ ਹੋਇਆ ਹੈ ਨਾ, ਪਿੰਡ ਵਾਲੇ ਵੀ ਤਾਂ ਇੱਕ ਮਹੀਨੇ ਤੋਂ ਇੱਕ ਦਿਨ ਉੱਤੇ ਨ੍ਹੀਂ ਹੋਣ ਦਿੰਦੇ, ਪਹਿਲਾਂ ਫੋਨ ਕਰ ਦਿੰਦੇ ਐ, ਇੱਥੇ ਸ਼ਹਿਰ ਆਲੇ ਨੂੰ।” ਬਸੰਤ ਕੌਰ ਆਪਣੇ ਦਰਦ ਸਾਂਝੇ ਕਰਦੀ ਹਰਨਾਮ ਸਿੰਘ ਨੂੰ ਸਮਝਾਉਂਦੀ ਹੈ।
Story: The Divide of Parents
ਹਰਨਾਮ ਸਿੰਘ ਤੇ ਬਸੰਤ ਕੌਰ ਦਾ ਸਾਰਾ ਜੀਵਨ ਹੀ ਪਿੰਡ ਵਿੱਚ ਬੀਤਿਆ ਸੀ। ਜਿੱਥੇ ਹਰਨਾਮ ਸਿੰਘ ਆਥਣ ਵੇਲੇ ਆਪਣੇ ਸੰਗੀਆਂ-ਸਾਥੀਆਂ ਨਾਲ ਪਿੰਡ ਦੀ ਸੱਥ ਵਿੱਚ ਬੈਠ ਕੇ ਆਪਣਾ ਮਨ ਹੌਲਾ ਕਰਦਾ, ਉੱਥੇ ਹੀ ਬਸੰਤ ਕੌਰ ਵੀ ਆਂਢ-ਗੁਆਂਢ ਦੀਆਂ ਔਰਤਾਂ ਕੋਲ ਆਪਣੇ ਦੁੱਖ-ਸੁਖ ਸਾਂਝੇ ਕਰਦੀ ਰਹਿੰਦੀ। ਤਾਂ ਹੀ ਬੁਢਾਪੇ ਵਿੱਚ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਕਦੇ ਬੋਝ ਨਹੀਂ ਸੀ ਲੱਗਦੀ। ਉਨ੍ਹਾਂ ਨੂੰ ਪਿੰਡ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਲੱਗਦਾ ਪਰ ਜਦੋਂ ਦਾ ਉਨ੍ਹਾਂ ਦੇ ਤਿੰਨਾਂ ਪੁੱਤਾਂ ਵਿੱਚ ਉਨ੍ਹਾਂ ਨੂੰ ਇੱਕ-ਇੱਕ ਮਹੀਨਾ ਸਾਂਭਣ ਦਾ ਸਮਝੌਤਾ ਹੋਇਆ ਸੀ ਤਾਂ ਉਨ੍ਹਾਂ ਨੂੰ ਇੰਝ ਲੱਗਣ ਲੱਗਾ ਸੀ ਜਿਵੇਂ ਉਹ ਹੁਣ ਆਪਣੇ ਜੀਵਨ ਦੇ ਆਖ਼ਰੀ ਪਲ ਕੱਟ ਰਹੇ ਹੋਣ।
Story: The Divide of Parents
ਅੱਜ ਸੰਗਰਾਂਦ ਸੀ, ਪਾਠੀ ਸਿੰਘ ਪਿੰਡ ਵਾਸੀਆਂ ਨੂੰ ਗੁਰੂ ਘਰ ਪਹੁੰਚਕੇ ਸੇਵਾ ਕਰਨ ਦੀ ਅਪੀਲ ਕਰ ਰਿਹਾ ਸੀ। ਅਚਾਨਕ ਹੀ ਘਰ ਦੇ ਗੇਟ ਅੱਗੇ ਭਗਵੇਂ ਲਿਬਾਸ ਵਿੱਚ ਆਏ ਇੱਕ ਸਾਧੂ ਨੇ ਅਵਾਜ ਦਿੱਤੀ, ”ਲਿਆ ਸਰਦਾਰਾ ਸੰਤਾਂ ਦੀ ਕੋਈ ਕਰ ਸੇਵਾ, ਬੜਾ ਭਾਗਾਂ ਵਾਲਾ ਐਂ ਤੂੰ, ਜੀਹਦੇ ਘਰ ਬੁੱਢੇ ਮਾਂ-ਬਾਪ ਹੋਣ ਉਨ੍ਹਾਂ ਨੂੰ ਕਿਸੇ ਤੀਰਥ ‘ਤੇ ਜਾਣ ਦੀ ਲੋੜ ਨਹੀਂ, ਇਨ੍ਹਾਂ ਦੀ ਸੇਵਾ ਕਰ, ਤੇਰੇ ਤਾਂ ਘਰੇ ਈ ਰੱਬ ਵੱਸਦੈ।” ਸਾਧੂ ਨੇ ਸਾਹਮਣੇ ਬੈਠੇ ਹਰਨਾਮ ਸਿੰਘ ਤੇ ਬਸੰਤ ਕੌਰ ਵੱਲ ਵੇਖ ਕੇ ਆਖਿਆ।
ਸਾਧੂ ਵੱਲੋਂ ਬੋਲੇ ਗਏ ਸ਼ਬਦਾਂ ਨੂੰ ਸੁਣ ਕੇ ਬਸੰਤ ਕੌਰ ਦੀਆਂ ਅੱਖਾਂ ਨਮ ਹੋ ਗਈਆਂ। ਉਹ ਮਨ ਹੀ ਮਨ ਸੋਚਣ ਲੱਗੀ, ”ਅੱਜ ਸੰਗਰਾਂਦ ਆ, ਥੋੜ੍ਹੀ ਦੇਰ ਨੂੰ ਤਾਂ ਉਨ੍ਹਾਂ ਨੇ ਸ਼ਹਿਰ ਵਾਲੇ ਗੁਰਮੇਲ ਸਿਉਂ ਕੋਲ ਚਲੇ ਜਾਣੈ!” ਬਸੰਤ ਕੌਰ ਨੇ ਉੱਪਰ ਨੂੰ ਮੂੰਹ ਕਰਕੇ ਲੰਬਾ ਹੌਕਾ ਲਿਆ। ਉਸਨੂੰ ਇੰਝ ਲੱਗਾ ਜਿਵੇਂ ਕੁਝ ਚਿਰ ਬਾਅਦ ਹੀ ਉਹ ਬਿਨਾ ਕਿਸੇ ਗੁਨਾਹ ਤੋਂ ਸਜ਼ਾ ਭੁਗਤਣ ਲਈ ਜਾ ਰਹੇ ਹੋਣ ਅਤੇ ਇਹ ਰੱਬ ਵੰਡਿਆ ਜਾਣ ਵਾਲਾ ਹੋਵੇ।
ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.