ਸ਼ਤਾਬਦੀ ਸਮਾਗਮ ਮਨਾਇਆ ਗਿਆ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ਵਿਖੇ
ਅਜੀਤਵਾਲ, (ਕਿਰਨ ਰੱਤੀ) ਦੇਸ਼ ਦੀ ਪ੍ਰਥਮ ਟਰੇਡ ਯੂਨੀਅਨ ਆਲੁ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸ਼ਾਨਦਾਰ 100 ਸਾਲ ਪੂਰੇ ਕਰਨ ਤੇ ਸ਼ਤਾਬਦੀ ਸਮਾਗਮ ਏਟਕ ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਪਿੰਡ ਢੁੱਡੀਕੇ,ਵਿਖੇ ਸ਼ਾਨਦਾਰ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਸਮੇਂ ਸਮਾਗਮ ਸਥਲ ਤੇ ਮਜ਼ਦੂਰਾਂ ਮੁਲਾਜਮਾਂ ਦੀ ਕੌਮੀ ਜਥੇਬੰਦੀ ਦਾ ਝੰਡਾ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵਲੋਂ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਟ੍ਰਾਸਪੋਰਟ ਕਾਮੇ, ਬਿਜਲੀ ਬੋਰਡ, ਸਿਹਤ ਖੇਤਰ, ਆਸ਼ਾ ਆਂਗਣਵਾੜੀ, ਟੀਚਰਜ਼, ਨਰੇਗਾ, ਰਿਕਸ਼ਾ ਰੇੜੀ ਫੜੀ ਯੂਨੀਅਨ, ਕਲਾਸ ਫ਼ੋਰ, ਬੈਂਕਾਂ, ਠੇਕਾ ਅਤੇ ਕੰਟਰੈਕਟ ਕਾਮਿਆਂ ਤੇ ਵਿਦਿਆਰਥੀ ਨੌਜਵਾਨਾਂ ਨੇ ਯੂਨੀਅਨਾਂ ਦੇ ਬੈਨਰਾਂ ਤੇ ਅਕਾਸ਼ ਗੁੰਜਾਉ ਨਾਅਰਿਆਂ ਸਮੇਤ ਸ਼ਿਰਕਤ ਕੀਤੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਸਰਦਾਰ ਅਮਰਜੀਤ ਸਿੰਘ ਢੁੱਡੀਕੇ ਨੇ ਸਭਨਾਂ ਹਾਜ਼ਰ ਨੂੰ ਜੀ ਆਇਆਂ ਆਖਿਆ ਅਤੇ ਇਸ ਦਿਨ ਤੇ ਵਧਾਈ ਪੇਸ਼ ਕੀਤੀ। ਲਾਲਾ ਲਾਜਪਤ ਰਾਏ ਮੈਮੋਰੀਅਲ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਰਾਜਜੰਗ ਸਿੰਘ, ਮਾ ਗੁਰਚਰਨ ਸਿੰਘ,ਕੇਵਲ ਸਿੰਘ ਖ਼ਜ਼ਾਨਚੀ ਵੱਲੋਂ ਸੂਬਾ ਲੀਡਰਸ਼ਿਪ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਇਕੱਤਰਤਾ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਸਨਅਤੀ, ਪੈਦਾਵਾਰੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਮਜ਼ਦੂਰ ਜਮਾਤ ਲਈ ਲੜਨ ਵਾਲੀ ਜਥੇਬੰਦੀ ਏਟਕ ਦਾ ਇਤਿਹਾਸ ਸੰਘਰਸ਼ਾਂ ਅਤੇ ਪ੍ਰਾਪਤੀਆਂ ਨਾਲ ਲਬਰੇਜ਼ ਹੈ। ਮੌਜੂਦਾ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਮਜ਼ਦੂਰ ਵਰਗ ਉਪਰ ਤਿੱਖੇ ਹਮਲੇ ਕਰ ਰਹੀ ਹੈ। ਪਬਲਿਕ ਖੇਤਰ/ ਸਰਕਾਰੀ ਅਦਾਰਿਆਂ ਨੂੰ ਬੰਦ ਅਤੇ ਖ਼ਤਮ ਕਰ ਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਸਾਰੇ ਰਾਹ ਪੱਧਰ ਕੀਤੇ ਜਾ ਰਹੇ ਹਨ।
ਮਜਦੂਰਾਂ ਨੇ ਸੰਘਰਸ਼ਾਂ ਜਿੱਤੇ ਕਿਰਤ ਕਾਨੂੰਨ ਅਦਾਨੀਆਂ ਅੰਬਾਨੀਆਂ ਦੇ ਹੱਕ ਵਿੱਚ ਬਦਲੇ ਜਾ ਰਹੇ ਹਨ। ਇਸ ਹਮਲੇ ਖਿਲਾਫ਼ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਦੇਸ਼ ਭਰ ਵਿਚ ਡਟ ਕੇ ਲਾਮਬੰਦੀ ਕਰ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਮਜਦੂਰ ਜਮਾਤ ਨੂੰ ਇਸ ਸ਼ਾਨਦਾਰ 100 ਸਾਲਾਂ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਰਕਾਰੀ ਖੇਤਰ ਦੀ ਉਸਾਰੀ ਅਤੇ ਕਿਰਤ ਵਿਚ ਮਜਦੂਰਾਂ ਦਾ ਹਿੱਸਾ ਵਧਾਉਣ ਦਾ ਸੰਘਰਸ਼ ਸਾਡਾ ਪਹਿਲਾ ਕਾਰਜ ਹੈ। ਸਰਕਾਰਾਂ ਵੱਲੋਂ ਵੱਖ ਵੱਖ ਅਦਾਰਿਆਂ ਵਿਚੋਂ ਪੱਕੀ ਭਰਤੀ ਖ਼ਤਮ ਕਰਕੇ ਠੇਕੇ ਅਤੇ ਆਉਟਸੋਰਸਿੰਗ ਰਾਹੀਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਅਮੀਰ ਧਰਤੀ ਦੇ ਲੋਕ ਕੰਗਾਲ ਹੁੰਦੇ ਜਾ ਰਹੇ ਹਨ ਅਤੇ ਅੰਬਾਨੀ ਵਰਗੀਆਂ ਜੋਕਾਂ ਦੁਨੀਆਂ ਦੇ ਸਿਖਰਲੇ ਅਮੀਰਾਂ ਦੀ ਸੂਚੀ ਵਿਚ ਦਸਤਕ ਦੇ ਰਹੇ ਹਨ।
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦਵਾਉਣ ਲਈ ਸਰਕਾਰੀ ਅਦਾਰਿਆਂ ਦੀ ਉਸਾਰੀ ਵੀ ਜ਼ਰੂਰੀ ਹੈ ਅਤੇ ਬੇਰੋਜ਼ਗਾਰੀ ਖ਼ਤਮ ਕਰਨ ਲਈ ਕੰਮ ਦਿਹਾੜੀ ਸਮਾਂ ਸੀਮਾਂ ਘੱਟ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ।ਇਸ ਸਮੇਂ ਸੰਬੋਧਨ ਕਰਦਿਆਂ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਸੀਪੀਆਈ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿਚ ਸਾਬਿਤ ਕਰ ਦਿੱਤਾ ਕਿ ਪ੍ਰਾਈਵੇਟ ਖੇਤਰ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਦਾ ਕੰਮ ਕਰਦਾ ਹੈ ਪਰ ਸੁਚੱਜੇ ਢੰਗ ਨਾਲ ਦੇਸ਼ ਦੁਨੀਆਂ ਚਲਾਉਣ ਲਈ ਮੁਫ਼ਤ ਅਤੇ ਲਾਜ਼ਮੀ ਵਿੱਦਿਆ, ਫ੍ਰੀ ਸਿਹਤ ਸਹੂਲਤਾਂ, ਸਸਤੀਆਂ ਟ੍ਰਾੰਸਪੋਰਟ ਸੇਵਾਵਾਂ ਅਤੇ ਬਨੇਗਾ ਰਾਹੀਂ ਪੱਕੇ ਰੁਜ਼ਗਾਰ ਦਾ ਪ੍ਰਬੰਧ ਸਰਕਾਰੀ ਖੇਤਰ ਦੀ ਮਜ਼ਬੂਤੀ ਦੀ ਮੰਗ ਕਰਦਾ ਹੈ। ਦੇਸ਼ ਦੋ ਹਿਸਿਆਂ ਵਿੱਚ ਵੰਡਿਆ ਨਜ਼ਰੀਂ ਪੈਂਦਾ ਹੈ।
ਇਕ ਪਾਸੇ ਚੰਦ ਅਮੀਰ ਪਰਿਵਾਰ ਸਭ ਸੁਖ ਸਹੂਲਤਾਂ ਮਾਣਦੇ ਹਨ ਅਤੇ ਦੂਜੇ ਪਾਸੇ ਖ਼ਲਕਤ ਅੱਤ ਦੀਆਂ ਮਾਰੂ ਹਾਲਤਾਂ ਵਿਚ ਜੂਨ ਕੱਟੀ ਕਰਨ ਲਈ ਮਜਬੂਰ ਹੈ। ਇਸ ਵੰਡ ਨੂੰ ਖ਼ਤਮ ਕਰਨ ਲਈ ਮਜਦੂਰਾਂ, ਕਿਸਾਨਾਂ ਮੁਲਾਜਮਾਂ ਨੂੰ ਸੱਤਾ ਪ੍ਰਾਪਤੀ ਲਈ ਆਪਣੀ ਸਰਕਾਰ ਬਨਾਉਣ ਦਾ ਵੱਡਾ ਰਾਜਨੀਤਿਕ ਕਾਰਜ ਜੋਰ ਸ਼ੋਰ ਨਾਲ ਕਰਨਾ ਚਾਹੀਦਾ।
ਇਸ ਮੌਕੇ ‘ਤੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਸਕੱਤਰ ਜਗਸੀਰ ਸਿੰਘ ਖੋਸਾ, ਏ,ਆਈ ,ਐਸ ,ਐਫ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸਰੀ ਕੌਮੀ ਗਰਲਜ਼ ਕੰਨਵੀਨਰ ਕਰਮਵੀਰ ਕੌਰ ਬੱਧਨੀ, ਪੰਜਾਬ ਗੋਰਮੈਂਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸਾਥੀ ਬਚਿੱਤਰ ਸਿੰਘ ਧੋਥੜ, ਗੁਰਜੰਟ ਕੋਕਰੀ, ਬਿਜਲੀ ਬੋਰਡ ਤੋਂ ਗੁਰਮੇਲ ਸਿੰਘ ਨਾਹਰ, ਗੁਰਮੀਤ ਸਿੰਘ ,ਮਾ ਸੁਰਜੀਤ ਦੌਧਰ,ਧਾਲੀਵਾਲ, ਦਰਸ਼ਨ ਲਾਲ ਸ਼ਰਮਾ, ਚਮਕੌਰ ਦੌਧਰ, ਐਸ, ਪੀ ਸਿੰਘ ਮੁੱਲਾਂਪੁਰ, ਜਗਵਿੰਦਰ ਕਾਕਾ,ਬਲਜੀਤ ਤਖਾਣਵੱਧ ,ਵਰਕਰਾ ਦੇ ਆਗੂ ਬੀਬੀ ਗੁਰਚਰਨ ਕੌਰ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਕਲਾਸ ਫੋਰ ਦੇ ਚਮਨ ਲਾਲ ਸੰਘੇੜੀਆ, ਪ੍ਰਕਾਸ਼ ਚੰਦ, ਪੈਨਸ਼ਨਰਜ਼ ਯੂਨੀਅਨ ਦੇ ਚਮਕੌਰ ਡਗਰੂ, ਨਰੇਗਾ ਯੂਨੀਅਨ ਤੋਂ ਮਹਿੰਦਰ ਸਿੰਘ ਧੂੜਕੋਟ, ਪੰਜਾਬ ਇਸਤਰੀ ਸਭਾ ਤੋਂ ਬੀਬੀ ਸਰਬਜੀਤ ਕੌਰ ਖੋਸਾ, ਰਿਕਸ਼ਾ ਯੂਨੀਅਨ ਤੋਂ ਜਸਪਾਲ ਘਾਰੂ, ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਸਾਥੀ ਸਬਰਾਜ ਸਿੰਘ ਢੁੱਡੀਕੇ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.