ਕਿਹਾ ਕਿ ਫਸਲੀ ਕਰਜ਼ੇ ਪੂਰੀ ਤਰਾਂ ਮੁਆਫ ਕੀਤੇ ਜਾਣ ਅਤੇ ਟਰੈਕਟਰ ਕਰਜ਼ੇ ਤੇ ਹੋਰ ਸਹਾਇਕ ਧੰਦਿਆਂ ‘ਤੇ ਕਰਜ਼ੇ ਦਾ ਵਿਆਜ਼ ਵੀ ਮੁਆਫ ਕੀਤਾ ਜਾਵੇ
ਚੰਡੀਗੜ, (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਕਰਜ਼ਿਆਂ ‘ਤੇ ਪਿਛਲੇ ਛੇ ਮਹੀਨਿਆਂ ਦੇ ਵਿਆਜ਼ ਉਪਰ ਵਿਆਜ਼ ਨੂੰ ਮੁਆਫ ਨਾ ਕਰਨ ਦੇ ਵਿਤਕਰੇਭ ਵਾਲੇ ਫੈਸਲੇ ਦੇ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਵਿੱਤ ਮੰਤਰਾਲੇ ਨੂੰ ਇਹ ਫੈਸਲਾ ਖਾਰਜ ਕਰਨ ਦੀ ਹਦਾਇਤ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਆਜ਼ ‘ਤੇ ਵਿਆਜ਼ ਮੁਆਫ ਨਾ ਕਰਨ ਦੀ ਯੋਜਨਾ ਵਿਚ ਕਿਸਾਨਾਂ ਨੂੰ ਸ਼ਾਮਲ ਨਾ ਕੀਤੇ ਜਾਣ ਨੇ ਸਾਬਤ ਕਰ ਦਿੱਤਾ ਹੈ ਕਿ ਨੀਤੀ ਘਾੜੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ।
ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਹਜ਼ਾਰਾਂ ਟਨ ਫਲ ਤੇ ਅਨਾਜ ਖੇਤਾਂ ਵਿਚ ਹੀ ਰੁਲ ਗਏ।
ਕਿਸਾਨ ਜਿਹਨਾਂ ਨੇ ਪੋਲੀ ਤੇ ਨੈਟ ਹਾਊਸਿਜ਼ ਵਾਸਤੇ ਨਿਵੇਸ਼ ਕੀਤਾ ਸੀ, ਨੂੰ ਵੱਡੇ ਨੁਕਸਾਨ ਝੱਲਣੇ ਪਏ ਕਿਉਂਕਿ ਜਿਣਸ ਮਹੀਨਿਆਂ ਤੱਕ ਮੰਡੀ ਵਿਚ ਨਹੀਂ ਲਿਜਾਈ ਜਾ ਸਕੀ। ਉਹਨਾਂ ਕਿਹਾ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ ਆਦਿ ਨਾਲ ਜੁੜੇ ਹਰ ਵਿਅਕਤੀ ਦਾ ਵਿੱਤੀ ਨੁਕਸਾਨ ਹੋਇਆ ਹੈ। ਪੰਜਾਬ ਵਿਚ ਝੋਨਾ ਉਤਪਾਦਕਾਂ ਨੂੰ ਵੀ ਵੱਡੇ ਘਾਟੇ ਝੱਲਣੇ ਪਏ ਕਿਉਂਕਿ ਉਹਨਾਂ ਨੂੰ ਲੇਬਰ ਦੀਆਂ ਦੁੱਗਣੀਆਂ ਕੀਮਤਾਂ ਦੇਣੀਆਂ ਪਈਆਂ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਉਹਨਾਂ ਦੀ ਫਸਲੀ ਕਰਜ਼ਾ ਰਾਸ਼ੀ ਤੇ ਟਰੈਕਟਰ ਕਰਜ਼ਿਆਂ ਤੇ ਸਹਾਇਕ ਗਤੀਵਿਧੀਆਂ ਲਈ ਲਏ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸ਼ਤਾਂ ਦੀ ਸਮੇਂ ਸਿਰ ਅਦਾਇਗੀ ਨਾ ਹੋਈ ਹੋਣ ਕਾਰਨ ਵਿਆਜ਼ ‘ਤੇ ਵਿਆਜ਼ ਮੁਆਫ ਕਰਨ ਦੀ ਸਹੂਲਤ ਦੇਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰਾਲੇ ਨੇ ਉਸ ਅੰਨਦਾਤਾ ਨਾਲ ਭੱਦਾ ਮਜ਼ਾਕ ਕੀਤਾ ਹੈ ਜਿਸਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਹਾਮਾਰੀ ਵੇਲੇ ਦੇਸ਼ ਵਾਸਤੇ ਅਨਾਜ ਸਪਲਾਈ ਕੀਤਾ। ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਵਿਤਰੇਭਰਪੂਰ ਨੀਤੀ ਨੂੰ ਵਾਪਸ ਲਏ ਜਾਣ ਲਈ ਹਦਾਇਤਾਂ ਦਿੱਤੀਆਂ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.