ਕੋਰੋਨਾ ਮਹਾਂਮਾਰੀ ਅਤੇ ਵਿੱਦਿਆ ਵਿਚਾਰੀ
ਸਿਰਲੇਖ ਵਿੱਚ ਲਿਖਿਆ ਵਿਚਾਰੀ ਸ਼ਬਦ ਤਰਸਯੋਗ ਅਰਥ ਨਾਲ ਸਬੰਧਤ ਨਹੀਂ ਸਗੋਂ ਸੋਚ ਸਮਝ ਕੇ ਪੜ੍ਹੀ ਗਈ ਵਿੱਦਿਆ ਨਾਲ ਰਾਬਤਾ ਰੱਖਦਾ ਹੈ। ਸਾਲ 2020 ਦੇ ਮਾਰਚ ਮਹੀਨੇ ਵਿੱਚ ਸ਼ੁਰੂ ਹੋਇਆ ਕੋਰੋਨਾ ਮਹਾਂਮਾਰੀ ਦਾ ਦੌਰ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦਾ ਆ ਰਿਹਾ ਹੈ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਲਾਕਡਾਊਨ ਲਗਾ ਕੇ ਹਰ ਆਮ ਅਤੇ ਖਾਸ ਨੂੰ ਆਪਣੇ ਆਪਣੇ ਘਰ ਵਿੱਚ ਹੀ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਗਿਆ।ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਦੌਰਾਨ ਜ਼ਿੰਦਗੀ ਵਿੱਚ ਇੱਕ ਐਸੀ ਖੜੋਤ ਆਈ ਕਿ ਜਨਜੀਵਨ ਅਜੇ ਤੱਕ ਵੀ ਪੂਰੀ ਤਰ੍ਹਾਂ ਵਾਪਿਸ ਗਤੀ ਨਹੀਂ ਫੜ ਸਕਿਆ। ਦਿਹਾੜੀਦਾਰ, ਕਰਮਚਾਰੀ ਅਤੇ ਹਰ ਤਰ੍ਹਾਂ ਦਾ ਵਪਾਰੀ ਵਰਗ ਆਪਣੇ ਕੰਮਕਾਜ ਦਾ ਸੰਤੁਲਨ ਲਗਭਗ ਗਵਾ ਹੀ ਬੈਠਾ।ਇਸ ਸਭ ਦੌਰਾਨ ਇੱਕ ਐਸਾ ਪ੍ਰਵਾਹ ਸੀ ਜਿਸ ਨੂੰ ਕੋਰੋਨਾ ਮਹਾਂਮਾਰੀ ਦਾ ਤੂਫਾਨ ਵੀ ਠੱਲ੍ਹ ਨਾ ਪਾ ਸਕਿਆ, ਉਹ ਸੀ ਵਿੱਦਿਆ ਨੂੰ ਵਿਚਾਰਨ ਦਾ ਪ੍ਰਵਾਹ ।
ਹੁਣ ਤੱਕ ਸੁਣਦੇ ਆਏ ਸੀ ਕਿ ਘਰ ਹੀ ਇਨਸਾਨ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ ਅਤੇ ਪਹਿਲੀ ਅਧਿਆਪਕ ਹੁੰਦੀ ਹੈ ਮਾਂ।ਇਸੇ ਤੱਥ ਨੂੰ ਸਿੱਧ ਕੀਤਾ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਫੁਰਮਾਨ ਨੇ ਕਿ ਕੋਰੋਨਾ ਮਹਾਂਮਾਰੀ ਕਾਰਣ ਜਦੋਂ ਤੱਕ ਸਕੂਲ ਦੁਬਾਰਾ ਨਹੀਂ ਖੁੱਲਦੇ, ਤਦ ਤੱਕ ਵਿਦਿਆਰਥੀਆਂ ਨੂੰ ਘਰੋਂ-ਘਰੀ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਪੜ੍ਹਾਈ ਨਾਲ ਤਾਲਮੇਲ ਬਣਿਆ ਰਹੇ। ਘਰ ਬੈਠੇ ਸਿੱਖਿਆ ਮੁਹੱਈਆ ਕਰਵਾਉਣ ਲਈ ਅੱਜ ਦੇ ਯੁਗ ਵਿੱਚ ਬਹੁਤ ਹੀ ਡੂੰਘੀਆਂ ਜੜ੍ਹਾਂ ਪਸਾਰ ਚੁੱਕੀ ਇਨਫਰਮੇਸ਼ਨ ਟੈਕਨੌਲੋਜੀ ਅਤੇ ਇੰਟਰਨੈੱਟ ਨੇ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ।ਜ਼ਮੀਨੀ ਪੱਧਰ ਤੇ ਆ ਰਹੀਆਂ ਔਖਿਆਈਆਂ ਨੂੰ ਦੂਰ ਕਰਨ ਲਈ ਦੂਰਦਰਸ਼ਨ ਚੈਨਲਾਂ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਵੱਖਰੀਆਂ-ਵੱਖਰੀਆਂ ਜਮਾਤਾਂ ਦੇ ਅਨੇਕਾਂ ਵਿਸ਼ਿਆਂ ਦੇ ਲੈਕਚਰ ਲਾਉਣ ਤੋਂ ਲੈ ਕੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਤੱਕ ਨੋਟਸ ਮੁਹੱਈਆ ਕਰਵਾਉਣ ਤੱਕ ਹਰ ਕੜੀ ਨੇ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ।
ਇਨ੍ਹਾਂ ਸਭ ਉਪਰਾਲਿਆਂ ਨੂੰ ਕਾਰਗਰ ਸਿੱਧ ਕਰਨ ਲਈ ਜਿੱਥੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਸਮਾਜ ਵਿਚਲੇ ਕੁਝ ਅਜਿਹੇ ਤੱਤ ਹਨ ਜੋ ਵਿੱਦਿਆ ਰੂਪੀ ਇਮਾਰਤ ਦੇ ਥੰਮ੍ਹ ਸਾਬਿਤ ਹੋ ਰਹੇ ਹਨ। ਇਹ ਥੰਮ੍ਹ, ਬਿਨਾਂ ਸ਼ੱਕ ਇੱਕ ਅਧਿਆਪਕ, ਇੱਕ ਵਿਦਿਆਰਥੀ, ਸੂਚਨਾ ਤੇ ਸੰਚਾਰ ਤਕਨਾਲੋਜੀ ਅਤੇ ਵਿਦਆਰਥੀਆਂ ਦੇ ਪਰਿਵਾਰਕ ਮੈਂਬਰ, ਖਾਸ ਤੌਰ ਤੇ ਮਾਂਵਾਂ ਹਨ। ਇੱਕ ਅਧਿਆਪਕ ਵਿੱਦਿਆ ਵਿਚਾਰਨੀ ਜਾਣਦਾ ਹੈ ਅਤੇ ਵਿੱਦਿਆ ਵਿਚਾਰਦੇ ਹੋਏ ਹੀ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਅਹਿਮ ਪੱਖਾਂ ਤੋਂ ਜਾਣੂ ਕਰਵਾਉਂਦਾ ਹੈ।ਸੂਚਨਾ ਤੇ ਸੰਚਾਰ ਤਕਨਾਲੋਜੀ ਸਮਾਰਟ ਫੋਨ ਅਤੇ ਟੈਲੀਵਿਜ਼ਨ ਰਾਹੀਂ ਸਟੱਡੀ ਮਟੀਰੀਅਲ ਨੂੰ ਬੜੇ ਰੌਚਕ ਅਤੇ ਪ੍ਰਭਾਵਿਤ ਤਰੀਕੇ ਨਾਲ ਵਿਦਿਆਰਥੀਆਂ ਅੱਗੇ ਪੇਸ਼ ਕਰ ਰਹੀ ਹੈ।
ਇਸ ਦੇ ਸਮਾਨਾਂਤਰ ਇੱਕ ਵਿਦਿਆਰਥੀ ਨੂੰ ਆਪਣੇ ਹੀ ਘਰ ਵਿੱਚ ਸਕੂਲ ਵਾਲਾ ਮਹੌਲ ਸਿਰਜ ਕੇ ਦੇ ਰਹੀਆਂ ਮਾਂਵਾਂ ਅਤੇ ਹੋਰ ਸਰਪ੍ਰਸਤਾਂ ਨੇ ਉਮੀਦ ਤੋਂ ਅੱਗੇ ਜਾ ਕੇ ਆਪਣੇ ਬੱਚਿਆਂ ਨਾਲ ਵਿੱਦਿਆ ਨੂੰ ਵਿਚਾਰ ਕੇ ਘਰੇ ਬੈਠ ਕੇ ਸਿੱਖਿਆ ਹਾਸਲ ਕਰਨ ਦਾ ਟੀਚਾ ਪ੍ਰਾਪਤ ਕਰਨ ਵਿੱਚ ਪੂਰੀ ਜਾਨ ਲਾਈ ਹੋਈ ਹੈ। ਜੁਲਾਈ 2020 ਵਿੱਚ ਹੋਈ (ਬਾਇ-ਮੰਥਲੀ) ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਤਿਆਰੀ ਅਤੇ ਸ਼ਮੂਲੀਅਤ ਜਾਣ ਕੇ ਇੰਜ ਮਹਿਸੂਸ਼ ਹੋਇਆ ਜਿਵੇਂ ਆਪਣੀ ਜ਼ਿੰਦਗੀ ਵਿੱਚ ਅਧਿਆਪਨ ਨੂੰ ਕਿੱਤੇ ਵਜੋਂ ਚੁਣਨ ਦਾ ਫੈਸਲਾ ਪਰਮਾਤਮਾ ਨੇ ਆਪ ਹੱਥ ਦੇ ਕੇ ਕਰਵਾਇਆ ਹੋਵੇ।
ਸ਼ਾਇਦ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਪੜ੍ਹਾਈ ਕਰਨ ਅਤੇ ਟੈਸਟ ਸਬਮਿਟ ਕਰਵਾਉਣ ਦਾ ਚਾਅ ਹੀ ਏਨਾ ਸੀ ਕਿ ਕਈ ਵਿਦਿਆਰਥੀ ਸਮੇਂ ਤੋਂ ਪਹਿਲਾਂ ਹੀ ਉਤਸੁਕਤਾਵਸ ਫੋਨ ਕਰਕੇ ਆਖਦੇ ਕਿ ਤੁਸੀਂ ਅਜੇ ਟੈਸਟ ਨਹੀਂ ਭੇਜਿਆ ਮੈਡਮ ਜੀ, ਜਲਦੀ ਜਲਦੀ ਸੈਂਡ ਕਰੋ।ਜਿੱਥੇ ਕੁਝ ਕੁ ਵਿਦਿਆਰਥੀ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਪੇਸ਼ ਆਏ, ਉੱਥੇ ਕਈ ਵਿਦਿਆਰਥੀਆਂ ਨੇ ਸਮਾਰਟਫੋਨ ਨਾ ਹੋਣ ਦੀ ਸੂਰਤ ਵਿੱਚ ਵੀ ਆਪਣੇ ਆਂਢ-ਗੁਆਂਢ ਜਾ ਕੇ ਉਨ੍ਹਾਂ ਦੇ ਮੋਬਾਇਲ ਤੋਂ ਟੈਸਟ ਹੱਲ ਕਰਨ ਉਪਰੰਤ ਸਬਮਿਟ ਕਰ ਕੇ ਪੜ੍ਹਾਈ ਪ੍ਰਤੀ ਗੰਭਰਿਤਾ ਵੀ ਦਰਸਾਈ ।
ਵਿੱਦਿਅਕ ਸੈਸ਼ਨ ਦੇ ਅੱਧ-ਤੱਕ ਪਹੁੰਚਦਿਆਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਕਰਨ ਦਾ ਟੀਚਾ ਸਾਹਮਣੇ ਆਇਆ।ਇਸ ਟੀਚੇ ਨੂੰ ਸਰ ਕਰਨ ਲਈ ਸਭ ਤੋਂ ਅਹਿਮ ਮਸਲਾ ਰਿਹਾ ਵਿਦਿਆਰਥੀਆਂ ਤੱਕ ਸੌ ਪ੍ਰਤੀਸ਼ਤ ਯਕੀਨੀ ਪਹੁੰਚ ਅਤੇ ਹਰ ਵਿਦਿਆਰਥੀ ਦੀ ਹਾਜ਼ਰੀ। ਇਹ ਸਭ ਹਾਸਿਲ ਹੋਇਆ ਆਨਲਾਈਨ ਪੰਜਾਬ ਪ੍ਰਾਪਤੀ ਸਰਵੇਖਣ (2020) ਰਾਹੀਂ ਜਿਸ ਵਿੱਚ ਕੰਪਿਊਟਰ ਅਧਿਆਪਕ ਵਰਗ ਨੇ ਮੋਢੇ ਨਾਲ ਮੋਢਾ ਜੋੜ ਕੇ ਬਾਕੀ ਵਿਸ਼ਾ ਅਧਿਆਪਕਾਂ ਦੀ ਮਿਹਨਤ ਨੂੰ ਰਚਨਾਤਮਕ ਦਿੱਖ ਦੇਣ ਅਤੇ ਟੈਸਟ ਦੇ ਰਿਕਾਰਡ ਦਾ ਵਿਸ਼ਲੇਸ਼ਣ ਕਰਨ ਲਈ ਦਿਨ-ਰਾਤ ਇੱਕ ਕਰ ਦਿਖਾਇਆ।
ਅਧਿਆਪਨ ਕਾਰਜਾਂ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਪੂਰਾ ਅਧਿਆਪਕ ਵਰਗ ਪੱਬਾਂ ਭਾਰ ਹੈ। ਸਾਰੇ ਅਧਿਆਪਕ ਸਮੇਂ ਦੇ ਹਾਣੀ ਬਣਨ ਲਈ ਲੋੜੀਂਦੀਆਂ ਨਵੀਂਆਂ ਤਕਨੀਕਾਂ ਸਿੱਖ ਰਹੇ ਹਨ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵੋਣ ਵਿੱਚ ਕਿਸੇ ਵੀ ਪੱਖ ਤੋਂ ਊਣੇ ਨਾ ਰਹਿ ਜਾਣ, ਫਿਰ ਉਹ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਦਾ ਕੰਮ ਹੋਵੇ ਜਾਂ ਉਨ੍ਹਾਂ ਦੇ ਮਾਤਾ ਪਿਤਾ ਨਾਲ ਆਨਲਾਈਨ ਅਧਿਆਪਕ-ਮਾਪੇ ਮੀਟਿੰਗ।
ਇਸ ਸਭ ਦੇ ਨਾਲ ਨਾਲ ਅਧਿਆਪਕ ਵਰਗ ਦਾ ਇੱਕ ਵੱਡਾ ਪ੍ਰਤੀਸ਼ਤ ਹਿੱਸਾ ਕੋਵਿਡ-19 ਅਧੀਨ ਲੱਗ ਰਹੀਆਂ ਡਿਊਟੀਆਂ ਵੀ ਨਿਭਾ ਰਿਹਾ ਹੈ ।ਅਜੋਕੇ ਦ੍ਰਿਸ਼ਟੀਕੋਣ ਵਿੱਚ ਪੂਰਾ ਅਧਿਆਪਕ ਵਰਗ ਆਪਣੀਆਂ ਘਰੇਲੂ ਜਿੰਮੇਵਾਰੀਆਂ ਅਤੇ ਦਫਤਰੀ ਡਿਊਟੀਆਂ ਦਾ ਸੰਤੁਲਨ ਬਣਾਉਂਦੇ ਹੋਏ ਵਿਦਿਆਰਥੀਆਂ ਪ੍ਰਤੀ ਆਪਣੀ ਡਿਊਟੀ ਸੰਵੇਦਨਸ਼ੀਲਤਾ ਨਾਲ ਨਿਭਾ ਕੇ ਵਿੱਦਿਆ ਦੇ ਪ੍ਰਸਾਰ ਵਿੱਚ ਹਰ ਪਲ ਵਾਧਾ ਕਰ ਰਿਹਾ ਹੈ। ਭਵਿੱਖ ਵਿੱਚ ਉਮੀਦ ਹੈ ਕਿ ਕੋਰੋਨਾ ਕਾਲ ਦੇ ਚਲਦਿਆਂ ਵੀ ਗਿਆਨ ਦੇ ਮਹਿਲ ਦੇ ਇਹ ਸਾਰੇ ਥੰਮ੍ਹ ਵਿੱਦਿਆ ਨੂੰ ਪੂਰੀ ਗੰਭੀਰਤਾ ਨਾਲ ਸੋਚ ਸਮਝ ਕੇ ਵਿਚਾਰਨਗੇ ਤਾਂ ਜੋ ਵਿੱਦਿਆ ਨੂੰ ਕਿਸੇ ਬੇਚਾਰੀ ਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਹੁਤ ਜਲਦ ਵਿਦਿਆਰਥੀ ਜੀਵਨ ਮੁੜ ਪ੍ਰਗਤੀ ਦੀਆਂ ਲੀਹਾਂ ਤੇ ਆ ਚੜ੍ਹੇ ! ਆਮੀਨ
ਕੰਪਿਊਟਰ ਫੈਕਲਟੀ ਸਰਕਾਰੀ ਸੀਨਅਰ ਸੈਕੰਡਰੀ ਸਮਾਰਟ ਸਕੂਲ, ਭੀਮ ਨਗਰ, ਮੋਗਾ
97806-54805
ਦਵਿੰਦਰ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.