ਨਜਾਇਜ਼ ਸਬੰਧਾਂ ਲਈ 4 ਕਾਤਲਾਂ ਦੇ ਦੋਸ਼ੀ ਨੂੰ ਫਾਂਸੀ, ਸਾਥਣ ਨੂੰ ਉਮਰ ਕੈਦ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਜ਼ਿਲਾ ਸੈਸ਼ਨ ਜੱਜ ਅਰੁਨਵੀਰ ਵਸਿਸ਼ਟ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਨੇ ਚੌਹਰੇ ਕਤਲ ਮਾਮਲੇ ਵਿੱਚ ਇਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਹੈ, ਜਦਕਿ ਉਸ ਦੀ ਪ੍ਰੇਮਿਕਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲੇ ਦੇ ਪਿੰਡ ਅਟਾਰੀ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਜੋ ਸਾਦੀਸ਼ੁਦਾ ਸੀ ਤੇ ਦੋ ਬੱਚਿਆਂ ਦਾ ਬਾਪ ਸੀ ਜਿਸਦੇ ਆਪਣੇ ਸੀਰੀ ਦੀ ਪਤਨੀ ਕਰਮਜੀਤ ਕੌਰ ਨਾਲ ਨਾਜਾਇਜ ਸਬੰਧ ਸਨ। ਨਜਾਇਜ਼ ਸਬੰਧਾਂ ਕਾਰਨ ਦੋਹਾਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ। ਸਾਜ਼ਿਸ਼ ਅਧੀਨ ਪਲਵਿੰਦਰ ਸਿੰਘ ਆਪਣੀ ਪਤਨੀ ਸਰਬਜੀਤ ਕੌਰ (40), ਬੇਟੀ ਗਗਨਦੀਪ ਕੌਰ (6), ਬੇਟੇ ਜਸ਼ਨਪ੍ਰੀਤ ਸਿੰਘ (4) ਸਾਲ ਅਤੇ ਕਰਮਜੀਤ ਕੌਰ ਦੇ ਪਤੀ ਨਿਰਮਲ ਸਿੰਘ ਨੂੰ 19 ਮਾਰਚ 2016 ਨੂੰ ਆਪਣੀ ਮਾਰੂਤੀ ਕਾਰ ਵਿੱਚ ਬਿਠਾ ਕੇ ਸ਼ਹਿਰ ਵੱਲ ਆ ਰਿਹਾ ਸੀ ਤੇ ਰਸਤੇ ਵਿੱਚ ਪੈਂਦੀ ਗੰਗਕਨਾਲ ਵਿੱਚ ਕਾਰ ਸੁੱਟ ਦਿੱਤੀ ਤੇ ਆਪ ਤੈਰ ਕੇ ਬਾਹਰ ਆ ਗਿਆ।
ਇਸ ਘਟਨਾ ਨੂੰ ਆਮ ਹਾਦਸਾ ਦਰਸਾ ਦਿੱਤਾ ਗਿਆ। ਬਾਅਦ ਵਿੱਚ ਪਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਲਿਆ ਤੇ ਅਦਾਲਤ ਦੇ ਹੁਕਮਾਂ ਨਾਲ ਨਿੱਜੀ ਸੁਰੱਖਿਆ ਵੀ ਲੈ ਲਈ ਪਰ ਕੁੱਝ ਸਮੇਂ ਬਾਅਦ ਪਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਰਿਸ਼ਤੇਦਾਰ ਮੇਹਰ ਸਿੰਘ, ਗੁਰਨਿਸ਼ਾਨ ਸਿੰਘ ਅਤੇ ਸੂਰਤ ਸਿੰਘ ਵੱਲੋਂ ਪੁਲਿਸ ਨੂੰ ਹਕੀਕਤ ਤੋਂ ਜਾਣੂ ਕਰਾਇਆ ਤਾਂ ਪਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਾ 302,201,120 ਬੀ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਅਦਾਲਤ ‘ਚ ਸਰਕਾਰੀ ਧਿਰ ਦੇ ਵਕੀਲ ਡੀਏ ਨਵਦੀਪ ਗਿਰਧਰ ਅਤੇ ਮੁਦੱਈ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਸਾਜ਼ਿਸ਼ ਤਹਿਤ 4 ਜਣਿਆ ਦਾ ਕਤਲ ਕੀਤਾ ਹੈ।
ਕਤਲ ਤੋਂ ਪਹਿਲਾਂ ਮਈ ਤੇ ਜੂਨ 2015 ‘ਚ ਸਰਬਜੀਤ ਕੌਰ ਅਤੇ ਨਿਰਮਲ ਸਿੰਘ ਦਾ ਜੀਵਨ ਬੀਮਾਂ ਕਰਵਾਇਆ ਗਿਆ ਸੀ ਜਿਸ ਵਿੱਚ ਐਕਸੀਡੈਂਟਲ ਮੌਤ ਦੀ ਮੱਦ ਵੀ ਸ਼ਾਮਿਲ ਸੀ। ਘਟਨਾ ਤੋਂ ਬਾਅਦ ਪਲਵਿੰਦਰ ਸਿੰਘ ਨੇ ਇਹ ਕਾਰ ਕਬਾੜੀਏ ਨੂੰ ਵੇਚ ਕੇ ਨਸ਼ਟ ਕਰਵਾ ਦਿੱਤੀ ਸੀ ਪਰ ਪੇਸ਼ ਕੀਤੇ ਗਏ ਸਬੂਤਾਂ ਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਇਸ ਜੁਰਮ ਨੂੰ ਗੰਭੀਰਤਾ ਨਾਲ ਲੈਂਦਿਆਂ ਪਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਅਤੇ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਇਸ ਵਕਤ ਦੋਵੇਂ ਦੋਸ਼ੀ ਫਰੀਦਕੋਟ ਜੇਲ ਵਿਚ ਬੰਦ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.