ਵਿਦਿਆਰਥੀਆਂ ‘ਚ ਉਚੇਰੀਆਂ ਕਦਰਾਂ-ਕੀਮਤਾਂ ਦਾ ਸੰਚਾਰ
ਸਾਡੇ ਜੀਵਨ ਦਾ ਸਫ਼ਰ ਬੜਾ ਥੋੜ੍ਹਚਿਰਾ ਹੈ। ਇਸ ਲਈ ਸਾਨੂੰ ਆਪਣੇ ਨਜ਼ਰੀਏ ਅਤੇ ਸੋਚ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਚਾਹੀਦਾ ਹੈ। ਕਦੀ ਗਲਾਸ ਅੱਧਾ ਖਾਲੀ ਨਾ ਦੇਖੋ ਸਗੋਂ ਭਰੇ ਹੋਏ ਗਲਾਸ ਦੀ ਮਹੱਤਤਾ ਨੂੰ ਜਾਣੋ। ਜੋ ਆਪਣੇ ਕੋਲ ਹੈ ਉਸਦੀ ਅਸੀਂ ਕਦੀ ਕਦਰ ਨਹੀਂ ਕਰਦੇ। ਜੋ ਨਹੀਂ ਹੈ ਉਸਦੀ ਲਾਲਸਾ ਵਿਚ ਕੋਲ ਪਈਆਂ ਸਹੂਲਤਾਂ ਦਾ ਆਨੰਦ ਵੀ ਗੁਆ ਬੈਠਦੇ ਹਾਂ। ਇਸ ਲਈ ਇਸ ਛੋਟੇ-ਜਿਹੇ ਜੀਵਨ ਨੂੰ ਪਿਆਰ, ਸਤਿਕਾਰ ਅਤੇ ਉਸਾਰੂ ਸੋਚ ਨਾਲ ਸੁਖਮਈ ਬਣਾਈ ਰੱਖਣਾ ਚਾਹੀਦਾ ਹੈ।
Communication of high values among the students
Communication of high values among the students
ਨੈਤਿਕਤਾ ਦੀ ਸ਼ੁਰੂਆਤ:
ਬੱਚਿਆਂ ਅੰਦਰ ਉਚੇਰੀਆਂ ਕਦਰਾਂ-ਕੀਮਤਾਂ ਦਾ ਸੰਚਾਰ ਉਸਦੀ ਮਾਤਾ, ਪਰਿਵਾਰ, ਅਧਿਆਪਕ ਅਤੇ ਸਮਾਜ ਨੇ ਕਰਨਾ ਹੁੰਦਾ ਹੈ। ਇੱਥੇ ਅਸੀ ਮਾਂ ਦੀ ਭੂਮਿਕਾ ਨੂੰ ਗੁਰੂ ਸਮਾਨ ਇਸੇ ਕਰਕੇ ਮੰਨਦੇ ਹਾਂ ਕਿ ਉਹ ਸਾਡੀ ਪਾਲਕ ਅਤੇ ਸੰਚਾਲਕ ਹੈ। ਜਿੱਥੇ ਉਹ ਸਾਨੂੰ ਨਰੋਈ ਦੇਹੀ ਪ੍ਰਦਾਨ ਕਰਦੀ ਹੈ, ਉੱਥੇ ਚੰਗੇ ਗੁਣਾਂ ਦਾ ਖਜ਼ਾਨਾ ਵੀ ਦਿੰਦੀ ਹੈ। ਮਿਹਨਤ, ਹਿੰਮਤ, ਪਿਆਰ, ਲਗਨ, ਹੌਂਸਲਾ, ਦ੍ਰਿੜਤਾ, ਆਦਰ, ਸਤਿਕਾਰ ਆਦਿ ਅਨੇਕਾਂ ਗੁਣ ਮਾਂ ਦੀ ਗੋਦੀ ‘ਚੋਂ ਹੀ ਨਸੀਬ ਹੁੰਦੇ ਹਨ। ਇੱਥੇ ਹੀ ਬੱਸ ਨਹੀਂ ਸਗੋਂ ਉਹ ਬੱਚੇ ਨੂੰ ਚੋਰ, ਡਾਕੂ, ਲੀਡਰ, ਵਪਾਰੀ ਅਤੇ ਪਤਾ ਨਹੀਂ ਕੀ ਕੁਝ ਬਣਾਉਂਦੀ ਹੈ। ਇਸ ਵਾਸਤੇ ਮਾਤਾ ਨੇ ਹਮੇਸ਼ਾ ਸਾਡੇ ਅੰਦਰ ਉਚੇਰੀਆਂ ਕਦਰਾਂ-ਕੀਮਤਾਂ ਭਰੀਆਂ ਹੁੰਦੀਆਂ ਹਨ।
ਪਰਿਵਾਰ ਵੀ ਸਕੂਲ ਹੈ:
ਮਾਂ ਅਤੇ ਪਰਿਵਾਰ ਵੱਲੋਂ ਜਿਹੜੇ ਗੁਣ ਉਨ੍ਹਾਂ ਕੋਲ ਹੁੰਦੇ ਹਨ, ਉਹ ਆਪਣੇ ਬੱਚਿਆਂ ਵਿਚ ਅਚੇਤ ਮਨ ਨਾਲ ਹੀ ਭਰਦੇ ਜਾਂਦੇ ਹਨ। ਅਸਲ ਵਿਚ ਬੱਚੇ ਸਭ ਕੁਝ ਸਾਡੇ ਕੋਲੋਂ ਹੀ ਸਿੱਖਦੇ ਹਨ। ਜਦੋਂ ਬੱਚਾ ਬੋਲਣਾ ਸਿੱਖਦਾ ਹੈ ਉਦੋਂ ਤੋਂ ਹੀ ਉਸਦੀ ਭਾਸ਼ਾ ਅਤੇ ਬੋਲੀ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਵੱਡੇ ਪਰਿਵਾਰਕ ਮੈਂਬਰ ਨਾਲ ਘਰ ਵਿਚ ਜਿਵੇਂ ਆਪਸੀ ਵਿਹਾਰ ਜਾਂ ਤਕਰਾਰ ਕਰਦੇ ਹਾਂ, ਨਿੱਕੜਾ ਬਾਲ ਵੀ ਉਸੇ ਤਰ੍ਹਾਂ ਸਾਡੀਆਂ ਨਕਲਾਂ ਕਰਦਾ ਆਦਤਾਂ ਵਿਕਸਿਤ ਕਰ ਲੈਂਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬੱਚੇ ਨੂੰ ਝੂਠ ਦਾ ਸਬਕ ਅਸੀਂ ਹੀ ਸਿਖਾਉਂਦੇ ਹਾਂ। ਜਦੋਂ ਇੱਕ ਬਾਪ ਬਾਹਰ ਆਏ ਸੱਜਣ ਨੂੰ ਬੇਟੇ ਹੱਥ ਇਹ ਸੁਨੇਹਾ ਭੇਜਦਾ ਹੈ, ”ਬੇਟੇ ਜਾਹ ਅੰਕਲ ਨੂੰ ਕਹਿ, ਡੈਡੀ ਘਰ ਨਹੀਂ ਹਨ।” ਇਸ ਹਰਕਤ ਨਾਲ ਅਸੀਂ ਬੱਚੇ ਨੂੰ ਅਚੇਤ ਮਨ ਹੀ ਝੂਠ ਦਾ ਪਾਠ ਸਿਖਾ ਦਿੱਤਾ। ਇਸੇ ਤਰ੍ਹਾਂ ਦੀਆਂ ਅਨੇਕਾਂ ਚਲਾਕੀਆਂ ਸਾਡੇ ਬੱਚਿਆਂ ਦੀ ਮਾਨਸਿਕਤਾ ‘ਤੇ ਅਮਿੱਟ ਅਸਰ ਕਰਦੀਆਂ ਹਨ।
ਸਮਾਜ ਦਾ ਪ੍ਰਭਾਵ:
ਅਸੀਂ ਜਿਸ ਤਰ੍ਹਾਂ ਦੇ ਸਮਾਜ ਵਿਚ ਰਹਿੰਦੇ ਹਾਂ ਉਸਦਾ ਸਿੱਧਾ ਅਸਰ ਬੱਚਿਆਂ ਦੀ ਸ਼ਖਸੀਅਤ ‘ਤੇ ਪੈਂਦਾ ਹੈ। ਜਿਹੜੇ ਗੁਣ ਅਸੀਂ ਬੱਚੇ ਨੂੰ ਘਰ ਜਾਂ ਸਕੂਲ ਵਿਚ ਸਿਖਾਉਂਦੇ ਹਾਂ, ਜੇਕਰ ਉਹ ਸਮਾਜ ਵਿਚ ਤੁਰਦਿਆਂ-ਫਿਰਦਿਆਂ ਉਸਦੇ ਨਜ਼ਰੀ ਨਹੀਂ ਪੈਂਦੇ ਫਿਰ ਵੀ ਉਸਦਾ ਮਨ ਵਲੂੰਧਰਿਆ ਜਾਂਦਾ ਹੈ।
ਇਸ ਸਭ ਕਾਸੇ ਸਬੰਧੀ ਇਹ ਜ਼ਰੂਰੀ ਹੈ ਕਿ ਬੱਚੇ ਵਿਚ ਅਜਿਹੇ ਹੁਣ ਐਨੇ ਪਕੇਰੇ ਕੀਤੇ ਜਾਣ ਕਿ ਉਹ ਨੈਗੇਟਿਵ ਹਾਲਤਾਂ ਵਿਚ ਵੀ ਆਪਣਾ ਮਾਨਸਿਕ ਸੰਤੁਲਨ ਵਿਗੜਨ ਨਾ ਦੇਵੇ ਅਤੇ ਨੈਤਿਕਤਾ ਦਾ ਲੜ ਘੁੱਟ ਕੇ ਫੜੀ ਰੱਖੇ। ਕਿਸੇ ਨੇ ਸੱਚ ਹੀ ਕਿਹਾ ਹੈ ਇੱਥੇ ਸਭ ਪਾਸੇ ਕੰਡੇ ਖਿੱਲਰੇ ਪਏ ਨੇ ਜਿਨ੍ਹਾਂ ਨੂੰ ਅਸੀਂ ਸਾਫ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਪੈਰਾਂ ਵਿਚ ਬੂਟ ਜ਼ਰੂਰ ਪਾ ਸਕਦੇ ਹਾਂ ਤਾਂ ਕਿ ਕੰਡਿਆਂ ਤੋਂ ਬਚੇ ਰਹੀਏ। ਭਾਵ ਸਮਾਜ ਦੇ ਨਿਘਾਰਾਂ ਵੱਲ ਨਹੀਂ ਸਗੋਂ ਸਿਖਰਾਂ ਵੱਲ ਵਧਣਾ ਹੈ।
ਨੈਤਿਕਤਾ ਦਾ ਖਜ਼ਾਨਾ ਹੈ ਸਕੂਲ:
ਸਕੂਲ ਨੂੰ ਇੱਕ ਮੰਦਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਅਧਿਆਪਕਾਂ ਨੂੰ ਗੁਰੂ ਦਾ। ਸੋ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਕਿੰਨਾ ਪਵਿੱਤਰ ਅਤੇ ਮਾਣ-ਸਤਿਕਾਰ ਵਾਲਾ ਹੈ। ਜਿਸਦਾ ਕੋਈ ਆਦਿ-ਅੰਤ ਹੀ ਨਹੀਂ ਹੈ। ਪੜ੍ਹਾਈ ਦੇ ਨਾਲ ਉਸ ਅੰਦਰ ਇਮਾਨਦਾਰੀ, ਮਿਹਨਤ, ਸਫਾਈ, ਆਦਰ ਵਰਗੇ ਅਨੇਕਾਂ ਗੁਣਾਂ ਨੂੰ ਭਰਿਆ ਜਾਂਦਾ ਹੈ। ਅਧਿਆਪਕ ਦੀ ਸ਼ਖਸੀਅਤ ਦਾ ਸਿੱਧਾ ਪ੍ਰਭਾਵ ਬੱਚੇ ‘ਤੇ ਪੈਂਦਾ ਹੈ। ਜਿਵੇਂ-ਜਿਵੇਂ ਉਸਦੇ ਰਾਹ ਰੌਸ਼ਨ ਹੁੰਦੇ ਜਾਂਦੇ ਹਨ ਉਹ ਜੀਵਨ ਦੀ ਜੰਗ ਨੂੰ ਬਾਖੂਬੀ ਲੜਨ ਦੇ ਕਾਬਿਲ ਬਣਦਾ ਜਾਂਦਾ ਹੈ।
Communication of high values among the students
ਕਾਬਲੀਅਤ ਨਾਲ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਨੈਤਿਕਤਾ ਦਾ ਅਸਲੀ ਭਾਵ ਵੀ ਇਹੀ ਹੈ ਕਿ ਅਸੀਂ ਸਮਾਜਿਕ ਜੀਵ ਹਾਂ। ਇਸ ਲਈ ਇੱਥੇ ਹਰ ਜੀਵ ਦਾ ਜਿਊਣਾ ਉਸਦਾ ਮੁੱਢਲਾ ਹੱਕ ਹੈ। ਅੱਜ-ਕੱਲ੍ਹ ਸਕੂਲਾਂ ਵਿਚ ਨੈਤਿਕ ਸਿੱਖਿਆ ਦੀਆਂ ਵੱਖਰੀਆਂ ਪੁਸਤਕਾਂ ਸਿਲੇਬਸ ਵਿਚ ਲਾਈਆਂ ਗਈਆਂ ਹਨ। ਅਸਲ ਵਿਚ ਭਾਸ਼ਾਵਾਂ ਦੇ ਸਿਲੇਬਸ ਵਿਚ ਸ਼ਾਮਲ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਆਦਿ ਸਭ ਸਾਡੇ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਦੇ ਹਨ। ਸਾਡਾ ਆਪਸੀ ਵਿਹਾਰ ਹੀ ਸਾਡੇ ਨੈਤਿਕ ਜਾਂ ਅਨੈਤਿਕ ਹੋਣ ਦਾ ਖੁਲਾਸਾ ਕਰਦਾ ਹੈ।
ਨੈਤਿਕਤਾ ਸਾਡੇ ਵਰਤਾਓ ‘ਚੋਂ ਝਲਕੇ:
ਪੁਸਤਕਾਂ ਅਤੇ ਗ੍ਰੰਥਾਂ ਨੂੰ ਪੜ੍ਹਨ-ਪੜ੍ਹਾਉਣ ਦਾ ਲਾਭ ਤਾਂ ਹੀ ਹੈ, ਜੇਕਰ ਉਨ੍ਹਾਂ ਵਿਚ ਦਰਜ ਤੱਥਾਂ ਨੂੰ ਜੀਵਨ ਵਿਚ ਅਪਣਾਇਆ ਜਾਵੇ। ਭਾਵ ਅਸੀਂ ਵੱਡਿਆਂ ਨੂੰ ਸਤਿਕਾਰਨਾ, ਬਰਾਬਰ ਦਿਆਂ ਨੂੰ ਵਿਚਾਰਨਾ ਅਤੇ ਨਵਿਆਂ ਨੂੰ ਦੁਲਾਰਨਾ ਦਾ ਪਾਠ ਅਮਲੀ ਜੀਵਨ ਵਿਚ ਅਪਣਾਉਣਾ ਹੈ। ਅਸੀਂ ਸਾਰੇ ਇਸ ਸਮਾਜਿਕ ਤਾਣੇ-ਬਾਣੇ ਦੇ ਅਹਿਮ ਅੰਗ ਹਾਂ। ਇਸ ਲਈ ਬਿਨਾਂ ਕਿਸੇ ਵਿਤਕਰੇ ਦੇ ਸਭ ਨਾਲ ਇਮਾਨਦਾਰੀ ਵਾਲੀ ਮਿਲਵਰ ਤੋਂ, ਭਾਈ ਘਨੱਈਆ ਜੀ ਵਾਲੀ ਸਹਾਇਤਾ, ਸਰਵਣ ਪੁੱਤਰ ਵਾਂਗ ਰਿਸ਼ਤਿਆਂ ਦੀ ਕਦਰ, ਸ੍ਰੀ ਰਾਮ ਜੀ ਵਾਂਗ ਬੋਲ ਪੁਗਾਉਣੇ, ਗਿਲੇ ਸ਼ਿਕਵੇ ਨਾ ਕਰਨੇ, ਵਾਤਾਵਰਨ ਦੀ ਸਾਂਭ-ਸੰਭਾਲ, ਮਿੱਠੀ ਬੋਲ-ਬਾਣੀ, ਜੀਵਨ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਸਾਡੀ ਨੈਤਿਕਤਾ ਨੂੰ ਬਿਆਨ ਕਰਦੀਆਂ ਹਨ।
ਨੈਤਿਕਤਾ ਨੂੰ ਖੋਰਾ ਲਾਉਣ ਵਾਲੇ:
ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆ ਦੋਧਾਰੀ ਤਲਵਾਰ ਵਾਂਗ ਸਾਡੀ ਨਵੀਂ ਪਨੀਰੀ ਨੂੰ ਰਫਲਾਂ, ਸ਼ਕਲਾਂ ਤੇ ਨਸ਼ਿਆਂ ਦੇ ਜਾਲ ਵਿਚ ਫਸਾ ਕੇ ਨੈਤਿਕਤਾ ਨੂੰ ਬੜੀ ਬੁਰੀ ਤਰ੍ਹਾਂ ਖੋਰਾ ਲਾ ਰਿਹਾ ਹੈ। ਬਾਲ ਮਨ ਦਾ ਵਿਚਲਿਤ ਹੋਣਾ ਸੁਭਾਵਿਕ ਹੁੰਦਾ ਹੈ। ਉਸਨੂੰ ਅਸਲੀ ਅਤੇ ਨਕਲੀ ਦੇ ਅੰਤਰ ਦਾ ਗਿਆਨ ਨਾ ਹੋਣ ਕਰਕੇ ਸਸਤੀ ਅਤੇ ਸੌਖੀ ਰਾਹੇ ਅਪਣਾਉਣਾ ਚਾਹੁੰਦਾ ਹੈ। ਜੋ ਅਸਲੀ ਜੀਵਨ ਵਿਚ ਸੁਭਾਵਿਕ ਨਹੀਂ । ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੁੱਝ ਲੋਕ ਇਸਦੀ ਸਹੀ ਵਰਤੋਂ ਨਾਲ ਸਾਨੂੰ ਸਹੀ ਰਸਤਾ ਵੀ ਦਿਖਾ ਰਹੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ‘ਜਥਾ ਰਾਜਾ ਤਥਾ ਪਰਜਾ’। ਸਾਡੇ ਆਗੂਆਂ ਨੇ ਸਾਡੇ ਰਾਹ-ਦਸੇਰੇ ਬਣਨਾ ਹੈ।
Communication of high values among the students
ਬੱਚਿਆਂ ਲਈ ਆਦਰਸ਼ ਮਨੁੱਖ ਲੱਭਣ ਵੱਡੀ ਸਮੱਸਿਆ ਬਣੀ ਹੋਈ ਹੈ। ਨੈਤਿਕ ਕਦਰਾਂ-ਕੀਮਤਾਂ ਵਿਚ ਕਈ ਸਮਾਜਿਕ ਰਹੁ-ਰੀਤਾਂ ਸਮੇਂ ਦੀ ਤੋਰ ਨਾਲ ਆਪਣਾ ਮੁੱਲ ਵੀ ਗੁਆ ਚੁੱਕੀਆਂ ਹਨ। ਨੈਤਿਕਤਾ ਅਤੇ ਉਚੇਰੀਆਂ ਕਦਰਾਂ-ਕੀਮਤਾਂ ਸਮੇਂ ਦੀ ਲੋੜ ਅਨੁਸਾਰ ਆਪਣਾ ਰੰਗ-ਰੂਪ ਬਦਲਦੀਆਂ ਰਹਿੰਦੀਆਂ ਹਨ।
ਕਿਸੇ ਜ਼ਮਾਨੇ ਸਾਡੇ ਸਾਂਝੇ ਪਰਿਵਾਰ ਮਹਾਨ ਸਨ ਤੇ ਅਜ ਦੀਆਂ ਆਰਥਿਕ ਲੋੜਾਂ ਨੇ ਸਿੰਗਲ ਫੈਮਿਲੀ ਸਿਸਟਮ ਨੂੰ ਵਿਕਸਿਤ ਕਰ ਦਿੱਤਾ ਹੈ। ਸੋ ਆਓ! ਆਪਾਂ ਬਦਲਦੇ ਹਾਲਤਾਂ ਨਾਲ ਆਪਣੇ ਕਦਮ ਮਿਲਾਉਂਦੇ ਹੋਏ ਆਪਣੀ ਉਚੇਰੀ ਸੋਚ ਅਤੇ ਨੈਤਿਕ ਕਦਰਾਂ-ਕੀਮਤ ਦਾ ਲੜ ਨਾ ਛੱਡੀਏ। ਜਿੱਥੇ ਵੀ ਜਾਈਏ ਸਾਡੇ ਵਿਚੋਂ ਨੈਤਿਕਤਾ ਝਲਕਾਰੇ ਮਾਰੇ।
ਵਿਜੈ ਗਰਗ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.