ਘਰੇਲੂ ਪੱਧਰ ‘ਤੇ ਲਸਣ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਲਈ ਜ਼ਰੂਰੀ ਗੱਲਾਂ
ਪੰਜਾਬ ਵਿੱਚ ਲਸਣ ਦੀ ਜਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋਂ ਲਈ ਹੀ ਕੀਤੀ ਜਾਂਦੀ ਸੀ ਪਰ ਹੁਣ ਉਹ ਵੀ ਘਟ ਗਈ ਹੈ। ਝੋਨੇ ਦੀ ਕਟਾਈ ਵਾਲੇ ਇਨ੍ਹਾਂ ਦਿਨਾਂ ਵਿੱਚ ਖੇਤਾਂ ਦੀ ਮੋਟਰ ਵਾਲੇ ਕੋਠੇ ਕੋਲ ਖਾਲੀ ਪਈ ਜਗ੍ਹਾ ‘ਚ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਮੂਲੀਆਂ, ਲਸਣ, ਸ਼ਲਗਮ, ਸਾਗ, ਪੁਦੀਨਾ, ਪਾਲਕ ਆਦਿ ਸਮੇਤ ਕਿੰਨੀਆਂ ਹੀ ਕਿਸਮ ਦੀਆਂ ਸਬਜੀਆਂ ਦੀ ਬਿਜਾਈ ਕੀਤੀ ਜਾਂਦੀ ਸੀ। ਖਾਸ ਕਰਕੇ ਲਸਣ ਘਰੇਲੂ ਲੋੜ ਜੋਗਾ ਆਮ ਹੀ ਹੋ ਜਾਂਦਾ ਸੀ । ਪਰ ਹੁਣ ਜਿਆਦਾਤਰ ਕਿਸਾਨ ਵੀ ਮੰਡੀ ‘ਚ ਵਿਕਣ ਵਾਲੇ ਖਾਧ ਪਦਾਰਥਾਂ ‘ਤੇ ਨਿਰਭਰ ਹੋ ਕੇ ਰਹਿ ਗਏ ਹਨ। ਜਿਸ ਕਰਕੇ ਲਸਣ ਵੀ ਮੰਡੀ ਵਿੱਚੋਂ 150 ਰੁਪਏ ਕਿੱਲੋ ਤੋਂ ਘੱਟ ਨਹੀਂ ਮਿਲਦਾ। ਜਿਸ ਕਰਕੇ ਕਈ ਰਾਜਾਂ ਵਿੱਚ ਲਸਣ ਦੀ ਕਾਸ਼ਤ ਵਪਾਰਕ ਪੱਧਰ ‘ਤੇ ਵੀ ਹੋ ਰਹੀ ਹੈ।
Garlic and Dhingri
Garlic and Dhingri
ਉੱਤਰ ਪ੍ਰਦੇਸ ਅਤੇ ਗੁਜਰਾਤ ਵਿੱਚ ਲਸਣ ਦੀ ਖੇਤੀ ਤੋਂ ਕਿਸਾਨ ਬਹੁਤ ਜਿਆਦਾ ਆਮਦਨ ਲੈ ਰਹੇ ਹਨ। ਕਿਉਂਕਿ ਲਸਣ ਬਹੁਤ ਹੀ ਮਹੱਤਵਪੂਰਨ ਅਤੇ ਵੱਡੇ ਰਕਬੇ ਵਿੱਚ ਉਗਾਈ ਜਾਣ ਵਾਲੀ ਫਸਲ ਹੈ। ਜਿਹੜੀ ਕਿ ਗੰਢਿਆਂ ਦੀ ਫਸਲ ਤੋਂ ਬਾਅਦ ਦੂਸਰੇ ਨੰਬਰ ‘ਤੇ ਆਉਂਦੀ ਹੈ। ਲਸਣ ਵਿੱਚ ਖੁਰਾਕੀ ਤੱਤ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ। ਲਸਣ ਪ੍ਰੋਟੀਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਤਰਰਾਸ਼ਟਰੀ ਮੰਡੀ ਵਿੱਚ ਵਧੀਆ ਕਿਸਮ ਦੇ ਲਸਣ ਦੀ ਬਹੁਤ ਮੰਗ ਹੈ। ਇਸ ਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਲਸਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ।
Garlic and Dhingri
ਪੰਜਾਬ ਵਿੱਚ ਲਸਣ ਦੀ ਖੇਤੀ ਤੇਰਾਂ ਸੌ ਹੈਕਟੇਅਰ ਰਕਬੇ ਤੋਂ ਵੱਧ ਹੁੰਦੀ ਹੈ ਅਤੇ ਸਾਲਾਨਾ ਝਾੜ ਅੰਦਾਜਨ 5810 ਟਨ ਹੈ। ਲਸਣ ਦੀ ਖੇਤੀ ਹੋਰ ਵੀ ਵੱਧ ਰਕਬੇ ਵਿੱਚ ਕੀਤੀ ਜਾ ਸਕਦੀ ਹੈ। ਖੇਤੀ ਕਰਨ ਲਈ ਉੱਨਤ ਕਿਸਮਾਂ ਵਿੱਚੋਂ ਪੰਜਾਬ ਗਾਰਲਿਕ ਇੱਕ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ ਚਿੱਟੀਆਂ ਹੁੰਦੀਆਂ ਹਨ। ਗੰਢੀਆਂ ਇੱਕਸਾਰ ਵੱਡੀਆਂ ਅਤੇ ਦਿਲ-ਖਿੱਚਵੇਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦਾ ਝਾਝ 38 ਕੁਇੰਟਲ ਪ੍ਰਤੀ ਏਕੜ ਹੈ। ਦੂਸਰੀ ਕਿਸਮ 56-4 ਦੀਆਂ ਗੰਢੀਆਂ ਲਾਲ ਰੰਗ ਦੀ ਛਿੱਲ ਵਾਲੀਆਂ ਹੁੰਦੀਆਂ ਹਨ। ਇਸ ਕਿਸਮ ਦੀ ਗੰਢੀ ਵਿੱਚ 25 ਤੋਂ 34 ਦਰਮਿਆਨੀਆਂ ਤੇ ਮੋਟੀਆਂ ਤੁਰੀਆਂ ਹੁੰਦੀਆਂ ਹਨ।
Garlic and Dhingri
ਇਸ ਦਾ ਝਾੜ ਪ੍ਰਤੀ ਏਕੜ 30 ਕੁਇੰਟਲ ਹੁੰਦਾ ਹੈ। ਲਸਣ ਦੀ ਫਸਲ ਆਮ ਤੌਰ ‘ਤੇ ਹਰ ਤਰ੍ਹਾਂ ਦੀ ਮਿੱਟੀ ਵਿੱਚ ਲਾਈ ਜਾ ਸਕਦੀ ਹੈ। ਪਰ ਵਧੀਆ ਤੇ ਉਪਜਾਊ, ਪਾਣੀ ਸੋਖਣ ਵਾਲੀ ਚੀਕਣੀ ਮਿੱਟੀ ਵਧੀਆ ਰਹਿੰਦੀ ਹੈ। ਭਾਰੀ ਮਿੱਟੀ ਵਿੱਚ ਲਸਣ ਦੀ ਪੁਟਾਈ ਵਧੀਆ ਨਹੀਂ ਹੁੰਦੀ। ਰੇਤਲੀ ਜਾਂ ਹਲਕੀ ਜਮੀਨ ਵਿੱਚ ਵੀ ਲਸਣ ਦਾ ਝਾੜ ਘਟਦਾ ਹੈ। ਲਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾ ਹਫਤਾ ਹੈ। ਲਸਣ ਆਮ ਤੌਰ ‘ਤੇ ਤੁਰੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੇ ਪੱਧਰ ‘ਤੇ ਚੌਕੇ ਨਾਲ ਬਿਜਾਈ ਕਰੋ ਪਰ ਜੇ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਬਿਜਾਈ ਕਰੋ।
ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ। ਜਿਆਦਾ ਬਿਜਾਈ ਲਈ ਲਸਣ ਬੀਜਣ ਵਾਲੀ ਮਸ਼ੀਨ ਵੀ ਵਰਤੀ ਜਾ ਸਕਦੀ ਹੈ। ਇੱਕ ਏਕੜ ਦੀ ਬਿਜਾਈ ਲਈ 225-250 ਕਿੱਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਵਧੇਰੇ ਝਾੜ ਲੈਣ ਲਈ, ਕਤਾਰ ਤੋਂ ਕਤਾਰ ਦਾ ਫਾਸਲਾ 15 ਸੈਂਟੀਮੀਟਰ ਤੇ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਰੱਖੋ। ਲਸਣ ਦੀ ਬਿਜਾਈ ਕਰਨ ਤੋਂ ਪਹਿਲਾਂ ਵੀਹ ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਏਕੜ ਪਾਉ। ਇਸ ਦੇ ਨਾਲ 50 ਕਿਲੋ ਨਾਈਟ੍ਰੋਜਨ ਤੇ 25 ਕਿੱਲੋ ਫਾਸਫੋਰਸ ਪਾਓ। ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ ਕਰਕੇ ਇੱਕ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਤੇ ਤੀਸਰਾ ਦੋ ਮਹੀਨੇ ਪਿੱਛੋਂ ਪਾਓ।
Garlic and Dhingri
ਪਹਿਲਾ ਪਾਣੀ ਬਿਜਾਈ ਵੇਲੇ ਤੇ ਬਾਅਦ ਵਾਲੇ ਪਾਣੀ ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਦੇਣੇ ਚਾਹੀਦੇ ਹਨ। ਇਸ ਫਸਲ ਨੂੰ ਕੁੱਲ 10-12 ਪਾਣੀਆਂ ਦੀ ਲੋੜ ਪੈਂਦੀ ਹੈ। ਲਸਣ ਨੂੰ ਨਮੀ ਦੀ ਘਾਟ ਨਹੀਂ ਹੋਣੀ ਚਾਹੀਦੀ। ਸੋਕੇ ਕਾਰਨ ਝਾੜ ਘਟ ਜਾਂਦਾ ਹੈ। ਲਸਣ ਨੂੰ ਦੋ-ਤਿੰਨ ਗੋਡੀਆਂ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਜਾਂ ਬਾਸਾਲੀਨ 45 ਤਾਕਤ ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇੱਕ ਗੋਡੀ ਬਿਜਾਈ ਤੋਂ 45 ਦਿਨ ਬਾਅਦ ਕਰਨੀ ਚਾਹੀਦੀ ਹੈ। ਸਟੌਪ ਦਾ ਛਿੜਕਾਅ ਬਿਜਾਈ ਤੋਂ ਇੱਕ ਦਿਨ ਬਾਅਦ ਕਰੋ। ਬਾਸਾਲੀਨ ਨੂੰ ਬਿਜਾਈ ਤੋਂ 3-4 ਦਿਨ ਪਹਿਲਾਂ ਵੱਤਰ ਜਮੀਨ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ।
ਲਸਣ ਦੀ ਪੁਟਾਈ ਤੋਂ ਪੰਦਰਾਂ ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਗੰਢੀਆਂ ਨੂੰ ਜਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜਦੋਂ ਪੱਤਿਆਂ ਦਾ ਉੱਪਰ ਵਾਲਾ ਹਿੱਸਾ ਪੀਲਾ ਜਾਂ ਭੂਰਾ ਹੋ ਜਾਵੇ ਤਾਂ ਗੰਢੀਆਂ ਪੁਟਾਈ ਵਾਸਤੇ ਤਿਆਰ ਹੋ ਜਾਦੀਆਂ ਹਨ। ਕਾਹਲ ਵਾਲੀ ਪੁਟਾਈ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਨਹੀਂ ਤਾਂ ਲਸਣ ਦੀਆਂ ਗੰਢੀਆਂ ਖਰਾਬ ਹੋ ਜਾਦੀਆਂ ਹਨ। ਦੇਰ ਨਾਲ ਪੁਟਾਈ ਕਰਨ ‘ਤੇ ਤੁਰੀਆਂ ਖਿੱਲਰ ਜਾਂਦੀਆਂ ਹਨ।
Garlic and Dhingri
ਗੰਢੀਆਂ ਨੂੰ ਲੰਮੇ ਸਮੇਂ ਤੱਕ ਭੰਡਾਰ ਕਰਨ ਲਈ ਭੂਕਾਂ ਸਮੇਤ ਪੁਟਾਈ ਕਰਨੀ ਚਾਹੀਦੀ ਹੈ। ਪਿਆਜਾਂ ਵਾਂਗ ਲਸਣ ਦੇ ਭੰਡਾਰ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ। ਕੋਲਡ ਸਟੋਰ ਤੋਂ ਬਿਨਾਂ ਲਸਣ ਦਾ ਭੰਡਾਰ ਖੁੱਲ੍ਹੇ ਹਵਾਦਾਰ ਕਮਰਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਿਸਾਨ ਲਸਣ ਦੀ ਖੇਤੀ ਤੋਂ ਵਧੀਆ ਆਮਦਨ ਲੈ ਸਕਦੇ ਹਨ।
ਲਸਣ ਦੀ ਵਰਤੋਂ ਕਈ ਤਰ੍ਹਾਂ ਦੀਆਂ ਹਰਬਲ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਸਿਹਤ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਣ ਦੇ ਨਾਲ ਹੀ ਹਰਬਲ ਦਵਾਈਆਂ ਦੀ ਵਰਤੋਂ ਵੱਲ ਵੀ ਲੋਕਾਂ ਦਾ ਧਿਆਨ ਵਧਦਾ ਜਾ ਰਿਹਾ ਹੈ। ਹਰਬਲ ਦਵਾਈਆਂ ਤਿਆਰ ਕਰਨ ਲਈ ਸੁੱਕੇ ਲਸਣ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਘਰੇਲੂ ਬਜਾਰ ਦੇ ਨਾਲ ਹੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਈ ਕੰਪਨੀਆਂ ਲਸਣ ਦੀ ਖਰੀਦ ਭਾਰਤ ਵਿੱਚੋਂ ਕਰ ਰਹੀਆਂ ਹਨ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਬਜਾਰ ਵਿੱਚ ਸੁੱਕੇ ਲਸਣ ਦੀ ਮੰਗ 40-50 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਪੰਜਾਬ ਦੇ ਕਿਸਾਨਾਂ ਅਤੇ ਆਮ ਪਰਿਵਾਰਾਂ ਨੂੰ ਖਾਲੀ ਪਈਆਂ ਥਾਵਾਂ ਅਤੇ ਖੇਤਾਂ ਵਿੱਚ ਆਪਣੀ ਲੋੜ ਮੁਤਾਬਿਕ ਲਸਣ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਘਰੇਲੂ ਪੱਧਰ ‘ਤੇ ਕਰੋ ਢੀਂਗਰੀ ਖੁੰਬ ਦੀ ਕਾਸ਼ਤ
ਢੀਂਗਰੀ ਦੀ ਬਿਜਾਈ: ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫੀਸਦੀ ਤੱਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫਾਫੇ ਵਰਤੇ ਜਾਂਦੇ ਹਨ। ਇੱਕ ਕਿੱਲੋ ਸੁੱਕੀ ਤੂੜੀ ਵਿੱਚ 100/ਗ੍ਰਾਮ ਬੀਜ ਪੈਂਦਾ ਹੈ।
ਬੀਜਣ ਦਾ ਢੰਗ:
ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫਾਫੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫਾਫਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਝੇ ਕੱਟ ਦਿਉ। 15/20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋ ਬਾਅਦ ਲਿਫਾਫੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫਸਲ 30-35 ਦਿਨ ਚੱਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿੱਲੋ ਤੂੜੀ ਵਿੱਚੋਂ 400-500 ਗ੍ਰਾਮ ਢੀਂਗਰੀ ਨਿੱਕਲਦੀ ਹੈ।
ਖੁੰਬਾਂ ਦੀ ਤੁੜਾਈ ਤੇ ਸਾਂਭ-ਸੰਭਾਲ: ਜਦੋ ਖੁੰਬਾਂ ਤੋੜਨ ਲਈ ਤਿਆਰ ਹੋ ਜਾਦੀਆਂ ਹਨ ਤਾਂ ਇਹਨਾਂ ਦੀ ਡੰਡੀ 4-5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਉ, ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਬਟਨ ਖੁੰਬ ਦੀ ਫਸਲ ਤਕਰੀਬਨ ਤਿੰਨ ਮਹੀਨੇ ਤੱਕ ਚੱਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜਰੂਰੀ ਹਨ।
ਜਾਣਕਾਰੀ ਅਤੇ ਬੀਜ
ਖੁੰਬਾਂ ਦੀ ਕਾਸ਼ਤ ਬਾਰੇ ਹੋਰ ਜਿਆਦਾ ਜਾਣਕਾਰੀ ਲੈਣ ਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫਤਰ ਡਿਪਟੀ ਡਾਈਰੈਕਟਰ ਬਾਗਬਾਨੀ ਵਿਭਾਗ ਬਾਰਾਂਦਰੀ ਬਾਗ ਪਟਿਆਲਾ, ਦਫਤਰ ਡਿਪਟੀ ਡਾਇਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਲਸਣ ਉਦਯੋਗ ਕਮਾਈ ਦਾ ਧੰਦਾ
ਮੱਧ ਪ੍ਰਦੇਸ਼ ਸਮੁੱਚੇ ਦੇਸ਼ ਵਿੱਚੋਂ ਲਸਣ ਦਾ ਸਭ ਤੋਂ ਵੱਡਾ ਉਤਪਾਦਕ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ 35 ਫੀਸਦੀ ਲਸਣ ਇਸ ਰਾਜ ਦੇ ਕਿਸਾਨ ਪੈਦਾ ਕਰਦੇ ਹਨ। ਜਿਸ ਕਰਕੇ ਮੱਧ ਪ੍ਰਦੇਸ਼ ਵਿੱਚ ਇਸ ਕਾਰੋਬਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਲਸਣ ਦੀ ਸਭ ਤੋਂ ਵੱਧ ਪੈਦਾਵਾਰ ਮਾਲਵਾ ਅਤੇ ਨਿਮਾੜ ਇਲਾਕੇ ਵਿੱਚ ਹੁੰਦੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਵੀ ਇਸ ਇਲਾਕੇ ਵਿੱਚ ਹੀ ਲੱਗੀਆਂ ਹੋਈਆਂ ਹਨ। ਜਿਨ੍ਹਾਂ ਨੂੰ ਕੱਚਾ ਮਾਲ ਅਸਾਨੀ ਨਾਲ ਮਿਲ ਜਾਂਦਾ ਹੈ। ਲਸਣ ਦੀ ਪ੍ਰੋਸੈਸਿੰਗ ਇਕਾਈ ਲਾ ਕੇ ਕਈ ਕੰਪਨੀਆਂ ਸੁੱਕੇ ਲਸਣ ਦਾ ਉਤਪਾਦਨ ਕਰ ਰਹੀਆਂ ਹਨ। ਇਹ ਕੰਪਨੀਆਂ ਲਸਣ ਦਾ ਪੇਸਟ, ਚਿਪਸ, ਪਾਊਡਰ ਆਦਿ ਤਿਆਰ ਕਰ ਰਹੀਆਂ ਹਨ। ਪੰਜਾਬ ਵਿੱਚ ਕੁਝ ਵੱਡੀਆਂ ਫੈਕਟਰੀਆਂ ਨੇ ਲਸਣ ਦੇ ਉਤਪਾਦ ਬਣਾਉਣੇ ਸ਼ੁਰੂ ਕੀਤੇ ਹਨ।
ਮੱਧ ਪ੍ਰਦੇਸ਼ ਵਿੱਚ ਲਸਣ ਦੀ ਇਕਾਈ ਲਾਉਣ ਲਈ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਸੁੱਕੇ ਲਸਣ ਦੀ ਇਕਾਈ ਲਾਉਣ ਵਾਸਤੇ ਚਾਰ ਕਰੋੜ ਦੇ ਲਗਭਗ ਖਰਚ ਆਉਂਦਾ ਹੈ। ਪਰ ਦੇਸ਼ ਵਿੱਚ ਵੱਡੇ ਲਸਣ ਉਤਪਾਦਕ ਵਜੋਂ ਸਾਹਮਣੇ ਆਉਣ ਦੇ ਬਾਵਜੂਦ ਵੀ ਲਸਣ ਉਦਯੋਗ ਇਕਾਈਆਂ ਦੀ ਮਾਤਰਾ ਘੱਟ ਹੈ। ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਇਕਾਈਆਂ ਹਨ। ਸੁੱਕੇ ਲਸਣ ਦੇ ਕਾਰੋਬਾਰ ਵਿੱਚ ਲੱਗੀਆਂ ਸਭ ਤੋਂ ਜਿਆਦਾ ਲਗਭਗ ਅੱਸੀ ਇਕਾਈਆਂ ਗੁਜਰਾਤ ਵਿੱਚ ਚੱਲ ਰਹੀਆਂ ਹਨ। ਸੁੱਕੇ ਲਸਣ ਨੂੰ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਇਲਾਵਾ ਏਸ਼ੀਆ ਵਿੱਚ ਵੀ ਭਾਰੀ ਮੰਗ ਹੈ
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.