ਕਾਨਫਰੰਸ ਵਾਲੇ ਹੋਟਲ ਨੇੜੇ ਆਪ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ
ਬਠਿੰਡਾ, (ਸੁਖਜੀਤ ਮਾਨ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਸਬੰਧੀ ਪੈਦਾ ਹੋਏ ਵਿਰੋਧ ਨੂੰ ਠੱਲਣ ਲਈ ਭਾਜਪਾ ਵੱਲੋਂ ਵੀਡੀਓ ਕਾਨਫਰੰਸਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਇਨ੍ਹਾਂ ਕਾਨਫਰੰਸਾਂ ਰਾਹੀਂ ਕੇਂਦਰ ਦੇ ਮੰਤਰੀਆਂ ਤੋਂ ਇਲਾਵਾ ਸਥਾਨਕ ਆਗੂਆਂ ਵੱਲੋਂ ਕਿਸਾਨਾਂ ਤੇ ਆੜਤੀਆਂ ਨੂੰ ਕਾਨੂੰਨ ਦੇ ਫਾਇਦੇ ਅਤੇ ਐਮਐਸਪੀ ਕਾਇਮ ਰਹਿਣ ਦੇ ਦਾਅਵੇ ਕੀਤੇ ਜਾ ਰਹੇ ਹਨ ਬਠਿੰਡਾ ‘ਚ ਵੀ ਅੱਜ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਵੱਲੋਂ ‘ਵੀਡੀਓ ਕਾਨਫਰੰਸ’ ਰਾਹੀਂ ‘ਸਭ ਅੱਛਾ ਹੈ’ ਦਾ ਹੋਕਾ ਦਿੱਤਾ ਗਿਆ ਇਸ ਵੀਡੀਓ ਕਾਨਫਰੰਸ ‘ਚ ਉਨ੍ਹਾਂ ਨਾਲ ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ, ਕੌਮੀ ਬੁਲਾਰੇ ਆਰਪੀ ਸਿੰਘ ਅਤੇ ਸੁਮਿਤ ਪਾਤਰਾ ਵੀ ਸ਼ਾਮਿਲ ਹੋਏ
ਭਾਜਪਾ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਵਿਨੋਦ ਬਿੰਟਾ ਨੇ ਦੱਸਿਆ ਕਿ ਇਸ ਵੀਡੀਓ ਕਾਨਫਰੰਸ ਦੌਰਾਨ ਸਮਰਿਤੀ ਇਰਾਨੀ ਨੇ ਆਖਿਆ ਹੈ ਕਿ ਫਸਲਾਂ ਲਈ ਐਮਐਸਪੀ ਕਾਇਮ ਰਹੇਗੀ, ਮੰਡੀਕਰਨ ਬੋਰਡ ਭੰਗ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਆੜਤੀਆਂ ਦੀ ਐਫਸੀਆਈ ਵੱਲ ਆੜ੍ਹਤ ਬਕਾਇਆ ਹੈ ਉਹ ਬਕਾਇਆ ਵੀ ਦਿਵਾਇਆ ਜਾਵੇਗਾ ਸਮਰਿਤੀ ਇਰਾਨੀ ਨੇ ਨਰਮੇ ਦੇ ਇਸ ਚਾਲੂ ਸੀਜਨ ਦੌਰਾਨ ਸੀਸੀਆਈ ਨੂੰ ਖਾਸ ਹਦਾਇਤ ਕੀਤੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਅਣਗਹਿਲੀ ਵਰਤੀ ਗਈ ਜਾਂ ਕੋਈ ਭ੍ਰਿਸ਼ਟਾਚਾਰ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ
ਇਸ ਵੀਡੀਓ ਕਾਨਫਰੰਸ ਦੌਰਾਨ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਉਪ ਪ੍ਰਧਾਨ ਦਿਆਲ ਸੋਢੀ, ਸੂਬਾ ਸਕੱਤਰ ਸੁਨੀਤਾ ਗਰਗ, ਜ਼ਿਲ੍ਹਾ ਫਰੀਦਕੋਟ ਦੇ ਭਾਜਪਾ ਪ੍ਰਧਾਨ ਵਿਜੇ ਛਾਬੜਾ ਆਦਿ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ ਹੋਟਲ ਵਿੱਚ ਜਦੋਂ ਖੇਤੀ ਕਾਨੂੰਨਾਂ ਬਾਰੇ ਇਹ ਵੀਡੀਓ ਕਾਨਫਰੰਸ ਚੱਲ ਰਹੀ ਸੀ ਤਾਂ ਠੀਕ ਉਸੇ ਵੇਲੇ ਹੋਟਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਦਿਆਂ ਪੂਰੇ ਸੁਰੱਖਿਆ ਪ੍ਰਬੰਧ ਮੁਹੱਈਆ ਕੀਤੇ ਗਏ ਸਨ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸ਼ਹਿਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਵਿੱਚ ਵਰਕਰਾਂ ਨੇ ਕਾਲੀਆਂ ਝੰਡੀਆਂ ਲੈ ਕੇ ਭਾਜਪਾਈ ਵਰਕਰਾਂ ਦਾ ਵਿਰੋਧ ਕੀਤਾ ਤੇ ਕਿਸਾਨ ਸੰਘਰਸ਼ ਜਿੰਦਾਬਾਦ ਦੇ ਨਾਅਰੇ ਲਾਏ ।
ਮੌਕੇ ‘ਤੇ ਮੌਜੂਦ ਆਪ ਲੀਡਰਸ਼ਿਪ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਜਿਸ ਦੀਆਂ ਗਲਤ ਨੀਤੀਆਂ ਨਾਲ ਅੱਜ ਪੂਰੇ ਦੇਸ਼ ਦੀ ਅਰਥ ਵਿਵਸਥਾ ਖਤਮ ਹੋ ਗਈ ਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਸੜਕਾਂ/ਰੇਲਾਂ ਜਾਮ ਇਸ ਪਾਸੇ ਭਾਰਤ ਸਰਕਾਰ ਦਾ ਕੋਈ ਧਿਆਨ ਨਹੀਂ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਮੰਤਰੀਆਂ ਵੱਲੋਂ ਪ੍ਰੈੱਸ ਕਾਨਫਰੰਸਾਂ, ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ
ਕਿਉਂਕਿ ਆਮ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾਂ ‘ਤੇ ਬੈਠਾ ਹੈ ਜਿਸ ਨਾਲ ਸਰਕਾਰ ਗੱਲਬਾਤ ਨਹੀਂ ਕਰ ਰਹੀ ਪ੍ਰੰਤੂ ਹੋਟਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਰਾਹੀਂ ਆਪਣੇ ਚਹੇਤਿਆਂ ਅਤੇ ਭਾਜਪਾਈ ਵਰਕਰਾਂ ਨਾਲ ਮੀਟਿੰਗਾਂ ਕਰਕੇ ਇਸ ਨੂੰ ਕਿਸਾਨ/ਆੜ੍ਹਤੀਆਂ ਨਾਲ ਮੀਟਿੰਗਾਂ ਕਰਨ ਦਾ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਨਵਦੀਪ ਜੀਦਾ, ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਅਮ੍ਰਿਤ ਲਾਲ ਅਗਰਵਾਲ, ਮਹਿਦਰ ਸਿੰਘ ਫੁਲੋਮਿਠੀ, ਗੁਰਲਾਲ ਸਿੰਘ, ਵਿਕਰਮ ਲਵਲੀ ,ਐਮ ਐਲ ਜਿੰਦਲ ਅਤੇ ਪ੍ਰਦੀਪ ਮਿੱਤਲ ਆਦਿ ਮੌਜੂਦ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.