‘ਖੇਤੀ ਕਾਨੂੰਨਾਂ ਦੀ ਗੱਲਬਾਤ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਖੇਡੀ ਗਈ ਦੋਹਰੀ ਚਾਲ’

ਮੀਟਿੰਗ ਬੇਸਿੱਟਾ ਰਹਿਣ ਤੋਂ ਧਰਨੇ ਪ੍ਰਦਰਸ਼ਨਾਂ ‘ਚ ਬੈਠੇ ਕਿਸਾਨਾਂ ਦਾ ਗੁੱਸਾ ਵਧਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਦੋਹਰੀ ਚਾਲ ਖੇਡੀ ਗਈ ਹੈ। ਇੱਕ ਪਾਸੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲ ਕਰਨ ਲਈ ਦਿੱਲੀ ਸੱਦਾ ਪੱਤਰ ਦਿੱਤਾ ਗਿਆ ਸੀ, ਪਰ ਦੂਜੇ ਪਾਸੇ ਕੇਂਦਰ ਦੇ ਮੰਤਰੀਆਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਵਰਚੂਅਲ ਮੀਟਿੰਗਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ‘ਚ ਇਸ ਦੋਹਰੇ ਮਾਪਦੰਡਾਂ ਨੂੰ ਲੈ ਕੇ ਵੱਡਾ ਰੋਸ ਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੀਆਂ ਅਜਿਹੀਆਂ ਵਰਚੁਅਲ ਮੀਟਿੰਗਾਂ ਵਿਰੁੱਧ ਪੰਜਾਬ ਅੰਦਰ ਬਵਾਲ ਉੱਠਣਾ ਸ਼ੁਰੂ ਹੋ ਗਿਆ।

ਦੱਸਣਯੋਗ ਹੈ ਕਿ ਅੱਜ ਕੇਂਦਰ ਵੱਲੋਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਤੇ ਛਿੜੇ ਸੰਘਰਸ ਉੱਪਰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਕੇਂਦਰ ਸਰਕਾਰ ਦਾ ਦੋਹਰਾ ਮਾਪਦੰਡ ਹੀ ਹੋ ਨਿਬੜਿਆ ਹੈ। ਉਂਜ ਭਾਵੇਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਅਗਾਹ ਕੀਤਾ ਗਿਆ ਸੀ ਕਿ ਜੇਕਰ ਸਮਝਾਉਣ ਲਈ ਹੀ ਆਗੂਆਂ ਨੂੰ ਸੱਦ ਰਹੇ ਹਨ ਤਾਂ ਉਹ ਭੁੱਲ ਜਾਣ, ਪਰ ਦਿੱਲੀ ਮੀਟਿੰਗ ਵਿੱਚ ਇਸ ਤੋਂ ਵੱਧ ਹੋਰ ਕੁਝ ਨਹੀਂ ਹੋਇਆ।

ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੰਜਾਬ ਅੰਦਰ ਧਰਨੇ ਪ੍ਰਦਰਸ਼ਨਾਂ ‘ਤੇ ਬੈਠੇ ਕਿਸਾਨਾਂ ਅੰਦਰ ਗੁੱਸਾ ਹੋਰ ਵਧ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਆਗੂਆਂ ਲਈ ਵੱਡੇ ਵਿਰੋਧ ਦਾ ਕਾਰਨ ਬਣੇਗਾ। ਭਾਜਪਾ ਵੱਲੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਸਬੰਧੀ ਸਮਝਾਉਣ ਲਈ ਪੰਜਾਬ ਦੇ ਜ਼ਿਲ੍ਹਿਆਂ ਆਪਣੇ ਕੇਂਦਰੀ ਮੰਤਰੀਆਂ ਦੀ ਲਾਈ ਜ਼ਿੰਮੇਵਾਰੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਸੰਗਰੂਰ ਵਿਖੇ ਕੇਂਦਰੀ ਮੰਤਰੀ ਵੱਲੋਂ ਕੀਤੀ ਜਾ ਰਹੀ ਮੀਟਿੰਗ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਅਗਲੇ ਦਿਨਾਂ ਵਿੱਚ ਕੇਂਦਰੀ ਮੰਤਰੀਆਂ ਦੀਆਂ ਵਰਚੂਅਲ ਮੀਟਿੰਗਾਂ ਬਠਿੰਡਾ, ਫਰੀਦਕੋਟ, ਪਟਿਆਲਾ, ਫਹਿਤਗੜ੍ਹ ਸਾਹਿਬ, ਗੁਰਦਾਸਪੁਰ, ਪਠਾਨਕੋਟ, ਮੁਹਾਲੀ, ਰੋਪੜ ਆਦਿ ਜ਼ਿਲ੍ਹਿਆਂ ‘ਚ ਹਨ ਜਿੱਥੇ ਕਿ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਸਰਕਾਰ ਦੇ ਰਵੱਈਏ ਤੋਂ ਦਿੱਖ ਰਿਹਾ ਹੈ ਕਿ ਉਹ ਇਨ੍ਹਾਂ ਖੇਤੀ ਕਾਨੂੰਨਾਂ ਉੱਪਰ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਗਟਾਏ ਜਾ ਰਹੇ ਰੋਅ ਨੂੰ ਅਜੇ ਸਮਝਣ ਵਿੱਚ ਦੇਰੀ ਕਰ ਰਹੇ ਹਨ।

ਪਤਾ ਲੱਗਾ ਹੈ ਕਿ ਜੱਥੇਬੰਦੀਆਂ ਵੱਲੋਂ ਭਾਜਪਾ ਦੇ ਮੰਤਰੀਆਂ ਵੱਲੋਂ ਹੋਰਨਾਂ ਜ਼ਿਲ੍ਹਿਆਂ ਵਿੱਚ ਕੀਤੀਆਂ ਜਾਣ ਵਾਲੀਆਂ ਵਰਚੂਅਲ ਮੀਟਿੰਗਾਂ ਦਾ ਕਿਸਾਨਾਂ ਵੱਲੋਂ ਤਕੜਾ ਵਿਰੋਧ ਕੀਤਾ ਜਾਵੇਗਾ ਅਤੇ ਇੱਥੋਂ ਤੱਕ ਪੰਜਾਬ ਅੰਦਰ ਭਾਜਪਾ ਦੇ ਵਿਰੋਧ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਕਿਸਾਨਾਂ ਵੱਲੋਂ ਅਗਲੇ ਸੰਘਰਸ਼ ਸਬੰਧੀ 15 ਅਕਤੂਬਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਸਿਖਰਾਂ ਤੇ ਲਿਜਾਣ ਲਈ ਚਰਚਾ ਕੀਤੀ ਜਾਵੇਗੀ।

ਭਾਜਪਾ ਆਗੂਆਂ ਵਿਰੁੱਧ ਵਿਰੋਧ ਹੋਰ ਹੋਵੇਗਾ ਤੇਜ਼ : ਜੋਗਿੰਦਰ ਉਗਰਾਹਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਸਾਨੂੰ ਪਹਿਲਾ ਹੀ ਪਤਾ ਸੀ ਕਿ ਭਾਜਪਾ ਵੱਲੋਂ ਅੱਖਾਂ ਧੋਖਾ ਹੀ ਕੀਤਾ ਜਾਵੇਗਾ, ਪਰ ਜੇਕਰ ਮੀਟਿੰਗ ਲਈ ਨਾ ਜਾਂਦੇ ਤਾਂ ਇਨ੍ਹਾਂ ਵੱਲੋਂ ਕਹਿਣਾ ਸੀ ਕਿ ਜਥੇਬੰਦੀਆਂ ਗੱਲਬਾਤ ਲਈ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਸੰਘਰਸ਼ ਲੰਮਾ ਚੱਲੇਗਾ ਅਤੇ ਇਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਪੰਜਾਬ ਅੰਦਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵੀ ਭਾਜਪਾ ਦੇ ਮੰਤਰੀਆਂ ਵੱਲੋਂ ਮੀਟਿੰਗਾਂ ਜਾਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਉੱਥੇ ਇਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਭਾਜਪਾ ਦਾ ਵਿਰੋਧ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੜਾਈ ਤਿੱਖੀ ਕੀਤੀ ਜਾਵੇਗੀ।

ਗੱਲਬਾਤ ਦੇ ਰਸਤੇ ਬੰਦ ਨਹੀਂ ਹੋਣੇ : ਜਿਆਣੀ

ਇੱਧਰ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਪੁੱÎਛਿਆ ਗਿਆ ਕਿ ਭਾਜਪਾ ਵੱਲੋਂ ਦੋਹਰੀ ਚਾਲ ਖੇਡੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇੱਕ ਮੀਟਿੰਗ ਅਸਫ਼ਲ ਰਹੀ ਹੈ ਤਾ ਹੋਰ ਮੀਟਿੰਗਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਰਸਤੇ ਬੰਦ ਨਹੀਂ ਹੋਏ ਅਤੇ ਕੋਈ ਵੀ ਪਾਰਟੀ ਆਪਣਾ ਨੁਕਸਾਨ ਨਹੀਂ ਚਾਹੁੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.