ਕਿਸਾਨ ਜੱਥਬੰਦੀਆਂ ਕੇਂਦਰ ਨਾਲ ਗੱਲਬਾਤ ਕਰਨ ਲਈ ਦਿੱਲੀ ਰਵਾਨਾ
ਚੰਡੀਗੜ੍ਹ। ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਲਈ ਕਿਸਾਨ ਜੱਥੇਬੰਦੀਆਂ ਦਿੱਲੀ ਲਈ ਰਵਾਨਾ ਹੋ ਚੁੱਕੀਆਂ ਹਨ। ਕਿਸਾਨ ਜਥੇਬੰਦੀਆਂ ਕੇਂਦਰ ਨਾਲ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੀਆਂ ਹਨ ਤੇ ਇਸ ਸਿਲਸਿਲੇ ‘ਚ ਉਹ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਕੇਂਦਰ ਸਰਕਾਰ ਨਾਲ ਅੱਜ ਗੱਲਬਾਤ ਕਰਨਗੀਆਂ।
ਜ਼ਿਕਰਯੋਗ ਹੈ ਕਿ ਕੱਲ੍ਹ ਹੋਈ ਮੀਟਿੰਗ ‘ਚ 29 ਕਿਸਾਨ ਜਥੇਬੰਦੀਆ ਨੇ ਕੇਂਦਰ ਨਾਲ ਮੀਟਿੰਗ ‘ਚ ਹਿੱਸਾ ਲੈਣ ਦਾ ਫੈਸਲਾ ਲਿਆ ਸੀ। ਕੇਂਦਰ ਨਾਲ ਗੱਲਬਾਤ ਲਈ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਸ ਮੀਟਿੰਗ ਵਿੱਚ ਭਾਗ ਲੈਣ ਤੋਂ ਬਾਅਦ 15 ਅਕਤੂਬਰ ਨੂੰ ਮੁੜ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਦਿੱਲੀ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਦੀ ਰਣਨੀਤੀ ਤੈਅ ਕੀਤੀ ਜਾਏਗੀ।
ਕਿਸਾਨ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਦੇ ਸਕੱਤਰ ਵਲੋਂ ਹੁਣ ਤੱਕ 2 ਵਾਰ ਸੱਦਾ ਆ ਚੁੱਕਾ ਹੈ। ਪਿਛਲੀ ਚਿੱਠੀ ਦੀ ਸ਼ਬਦਾਵਲੀ ‘ਤੇ ਇਤਰਾਜ਼ ਹੋਣ ਕਰਕੇ ਉਹ ਮੀਟਿੰਗ ਵਿੱਚ ਭਾਗ ਲੈਣ ਨਹੀਂ ਗਏ ਸਨ, ਜਦੋਂ ਕਿ ਇਸ ਵਾਰ ਚਿੱਠੀ ਵਿੱਚ ਲਿਖਿਆ ਹੋਇਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਜਿਸ ਕਾਰਨ ਉਹ ਗੱਲਬਾਤ ਕਰਨ ਲਈ ਦਿੱਲੀ ਜਾਣ ਲਈ ਤਿਆਰ ਹਨ ਪਰ ਪੰਜਾਬ ਵਿੱਚ ਜਿਸ ਤਰੀਕੇ ਨਾਲ ਅੰਦੋਲਨ ਪਹਿਲਾਂ ਤੋਂ ਚੱਲ ਰਿਹਾ ਹੈ, ਉਹ ਉਸੇ ਤਰੀਕੇ ਨਾਲ ਹੀ ਚੱਲਦਾ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.