ਹਾਲਾਤ ਸੁਧਰਨ ਤੋਂ ਬਾਅਦ ਲਿਆ ਗਿਆ ਫੈਸਲਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਵਿਡ ਮਹਾਂਮਾਰੀ ਦੌਰਾਨ ਬੰਦ ਹੋਈਆਂ ਪੰਜਾਬ ਤੋਂ ਬਾਹਰਲੇ ਰਾਜਾਂ ਨੂੰ ਚੱਲਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਪੀਆਰਟੀਸੀ ਵੱਲੋਂ ਗੁਆਂਢੀ ਸੂਬਿਆਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਆਰਟੀਸੀ ਵੱਲੋਂ ਇਸ ਤੋਂ ਬਾਅਦ ਆਪਣੀਆਂ ਹੋਰਨਾਂ ਬੱਸਾਂ ਨੂੰ ਵੀ ਸੜਕਾਂ ‘ਤੇ ਚਾੜ੍ਹ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੱਤਰ ਜਾਰੀ ਕਰਦਿਆਂ ਹੋਰਨਾਂ ਸੂਬਿਆਂ ਦੇ ਰੂਟਾਂ ‘ਤੇ ਬੱਸਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਪੀਆਰਟੀਸੀ ਵੱਲੋਂ ਹਰਿਆਣਾ ਸੂਬੇ ਨਾਲ ਸੰਪਰਕ ਵੀ ਕੀਤਾ ਜਾ ਚੁੱਕਾ ਹੈ ਅਤੇ ਹਰਿਆਣਾ ਸਰਕਾਰ ਵੱਲੋਂ ਪ੍ਰਵਾਨਗੀ ਵੀ ਦੇ ਦਿੱਤੀ ਹੈ। ਪੀਆਰਟੀਸੀ ਵੱਲੋਂ ਆਪਣੀਆਂ ਬੱਸਾਂ ਨੂੰ ਕੱਲ੍ਹ ਤੋਂ ਹਰਿਆਣਾ ਰਾਜ ਵਿੱਚ ਭੇਜਣ ਦੀ ਤਿਆਰੀ ਵੀ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ ਐਂਡ ਕਸ਼ਮੀਰ, ਦਿੱਲੀ, ਰਾਜਸਥਾਨ ਆਦਿ ਸੂਬਿਆਂ ਨਾਲ ਅਜੇ ਪੀਆਰਟੀਸੀ ਦੇ ਅਧਿਕਾਰੀਆਂ ਦਾ ਰਾਬਤਾ ਕਾਇਮ ਨਹੀਂ ਹੋਇਆ। ਇਸ ਸਬੰਧੀ ਆਉਂਦੇ ਦਿਨਾਂ ਵਿੱਚ ਇਨ੍ਹਾਂ ਰਾਜਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇੱਥੇ ਵੀ ਬੱਸ ਸਰਵਿਸ ਸ਼ੁਰੂ ਹੋ ਜਾਵੇਗੀ। ਪੀਆਰਟੀਸੀ ਵੱਲੋਂ ਇਸ ਸਮੇਂ ਲਗਭਗ 700 ਦੇ ਕਰੀਬ ਆਪਣੀਆਂ ਬੱਸਾਂ ਸੜਕਾਂ ‘ਤੇ ਚਲਾਈਆਂ ਹੋਈਆਂ ਹਨ। ਕੋਵਿਡ ਮਹਾਂਮਾਰੀ ਦੇ ਚੱਲਦਿਆਂ ਗੁਆਂਢੀ ਸੂਬਿਆਂ ਵਿੱਚ ਲਗਭਗ ਛੇ ਮਹੀਨਿਆਂ ਤੋਂ ਬੱਸ ਸਰਵਿਸ ਠੱਪ ਪਈ ਹੈ। ਕੋਰੋਨਾ ਦੇ ਹਲਾਤ ਸੁਧਰਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਗੁਆਂਢੀ ਸੂਬਿਆਂ ਵਿੱਚ ਬੱਸ ਸਰਵਿਸ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੋਰੋਨਾ ਮਹਾਂਮਾਰੀ ਕਾਰਨ ਪੀਆਰਟੀਸੀ ਦੀ ਆਮਦਨ ਨੂੰ ਵੱਡਾ ਧੱਕਾ ਲੱਗਾ ਹੈ ਅਤੇ ਪੀਆਰਟੀਸੀ ਦੀਆਂ ਪੂਰੀਆਂ ਬੱਸਾਂ ਅਜੇ ਰੂਟਾਂ ‘ਤੇ ਨਹੀਂ ਚੱਲੀਆਂ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਪੀਆਰਟੀਸੀ ਦੀਆਂ 1100 ਤੋਂ ਵੱਧ ਬੱਸਾਂ ਰੂਟਾਂ ‘ਤੇ ਬਹਾਲ ਸਨ ਅਤੇ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ 1 ਕਰੋੜ 30 ਲੱਖ ਦੇ ਕਰੀਬ ਹੁੰਦੀ ਸੀ। ਕੋਰੋਨਾ ਮਹਾਂਮਾਰੀ ਦੌਰਾਨ ਪੀਆਰਟੀਸੀ ਦੀ ਆਮਦਨ ਅਜੇ ਅੱਧੀ ਵੀ ਨਹੀਂ ਪੁੱਜੀ ਅਤੇ ਦੋ ਮਹੀਨੇ ਪਹਿਲਾਂ ਤਾਂ ਤੇਲ ਵੀ ਮਸਾਂ ਹੀ ਪੂਰਾ ਹੁੰਦਾ ਰਿਹਾ।
ਇੱਧਰ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਵੀ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਜਦਕਿ ਕਈ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਆਪਣੇ ਰੂਟਾਂ ‘ਤੇ ਬੱਸਾਂ ਚਾਲੂ ਹੀ ਨਹੀਂ ਕੀਤੀਆਂ ਗਈਆਂ। ਇੰਟਰ ਸਟੇਟ ਬੱਸਾਂ ਦੀ ਆਮਦ ਖੁੱਲ੍ਹਣ ਤੋਂ ਬਾਅਦ ਸਵਾਰੀ ਵਧਣ ਦੀ ਸੰਭਾਵਨਾ ਹੈ। ਪ੍ਰਾਈਵੇਟ ਬੱਸ ਦੇ ਮਾਲਕ ਭੁਪਿੰਦਰ ਸਿੰਘ ਅਤੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਇੰਟਰ ਸਟੇਟ ਬੱਸ ਸਰਵਿਸ ਬਹਾਲ ਹੋਣ ਤੋਂ ਬਾਅਦ ਆਉਣ ਜਾਣ ਵਾਲੇ ਲੋਕਾਂ ਦੀ ਆਮਦ ਵਿੱਚ ਵਾਧਾ ਹੋਵੇਗਾ ਅਤੇ ਕੋਰੋਨਾ ਮਹਾਂਮਾਰੀ ਕਾਰਨ ਠੱਪ ਪਿਆ ਕੰਮ ਪਟੜੀ ‘ਤੇ ਆਵੇਗਾ।
ਹਰਿਆਣਾ ਨਾਲ ਰਾਬਤਾ ਹੋਇਆ ਕਾਇਮ
ਪੀਆਰਟੀਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੀਆਰਟੀਸੀ ਕੱਲ੍ਹ ਤੋਂ ਹਰਿਆਣਾ ਰਾਜ ਅੰਦਰ ਆਪਣੀ ਸੇਵਾ ਸ਼ੁਰੂ ਕਰ ਦੇਵੇਗੀ ਕਿਉਂਕਿ ਉੱਥੇਂ ਅਥਾਰਟੀ ਨਾਲ ਰਾਬਤਾ ਕਾਇਮ ਹੋ ਗਿਆ ਹੈ। ਇਸ ਤੋਂ ਇਲਾਵਾ ਬਾਕੀ ਰਾਜਾਂ ਦੇ ਅਧਿਕਾਰੀਆਂ ਨਾਲ ਵੀ ਅਗਲੇ ਦਿਨਾਂ ਵਿੱਚ ਗੱਲਬਾਤ ਕਰਕੇ ਪੀਆਰਟੀਸੀ ਬੱਸ ਸੇਵਾ ਬਹਾਲ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.