ਇਨਸਾਨੀਅਤ ਨੂੰ ਹੈਵਾਨੀਅਤ ਤੋਂ ਬਚਾਉਣ ਲਈ ਹੰਭਲਾ ਮਾਰਨ ਦਾ ਸਮਾਂ

ਇਨਸਾਨੀਅਤ ਨੂੰ ਹੈਵਾਨੀਅਤ ਤੋਂ ਬਚਾਉਣ ਲਈ ਹੰਭਲਾ ਮਾਰਨ ਦਾ ਸਮਾਂ

ਪਿਛਲੇ ਸਮੇਂ ਦੌਰਾਨ ਸਮੂਹਿਕ ਦੁਰਾਚਾਰ ਤੋਂ ਬਾਅਦ ਮਾਰੀਆਂ ਗਈਆਂ ਚਿੜੀਆਂ ਵਰਗੀਆਂ ਕੁੜੀਆਂ ਦੇ ਮਾਮਲੇ ਹਾਲੇ ਠੰਢੇ ਨਹੀਂ ਹੋਏ ਸਨ, ਕਿ ਇੱਕ ਹੋਰ ਹੈਵਾਨੀਅਤ ਦਾ ਇਨਸਾਨੀਅਤ ‘ਤੇ ਹਮਲਾ ਹੋ ਗਿਆ, ਜੋ ਕਿ ਅਸਹਿਣਯੋਗ ਸੀ। ਯੂ. ਪੀ. ਦੇ ਵਿਚ ਪਿਛਲੇ ਦਿਨੀਂ ਜਿਲ੍ਹਾ ਹਾਥਰਸ ‘ਚ ਸਮੂਹਿਕ ਦੁਰਾਚਾਰ ਹੋਇਆ। ਜਿਸ ਵਿਚ ਇਨਸਾਨਾਂ ਦੇ ਰੂਪ ਵਿਚ ਆਏ ਸ਼ੈਤਾਨਾਂ ਨੇ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਇੱਕ ਮਾਸੂਮ ਦਲਿਤ ਲੜਕੀ ਦੀ ਜੀਭ ਕੱਟ ਦਿੱਤੀ ਅਤੇ ਹੋਰ ਵੀ ਉਸ ਨਾਲ ਨਾ-ਸਹਿਣਯੋਗ ਕਰਤੂਤਾਂ ਨੂੰ ਅੰਜਾਮ ਦਿੱਤਾ।

ਜਿਸਨੂੰ ਇਨਸਾਨ ਤਾਂ ਕੀ ਸ਼ੈਤਾਨ ਵੀ ਦੇਖ ਕੇ ਕੰਬ ਗਿਆ, ਕਿ ਜੇਕਰ ਇਹ ਇਨਸਾਨ ਹਨ ਤਾਂ ਫਿਰ ਮੈਂ ਤਾਂ ਇਨ੍ਹਾਂ ਨਾਲੋਂ ਹਜ਼ਾਰ ਗੁਣਾ ਚੰਗਾ ਹਾਂ। ਇੱਥੇ ਇਸ ਘਟਨਾ ਨੇ ਕਾਨੂੰਨ ਦੇ ਰਖਵਾਲਿਆਂ,  ਰਾਜਨੀਤਿਕ ਆਗੂਆਂ ਅਤੇ ਸਰਕਾਰਾਂ ਦੇ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਹੁਣ ਦਾ ਸਮਾਂ ਇਹ ਮੰਗ ਕਰ ਰਿਹਾ ਹੈ ਕਿ ਹੁਣ ਤਾਂ ਇਨਸਾਨੀਅਤ ਨੂੰ ਬਚਾਉਣ ਲਈ ਉੱਠ ਜਾਣਾ ਚਾਹੀਦਾ ਹੈ ਨਹੀਂ ਤਾਂ ਇਸ ਧਰਤੀ ‘ਤੇ ਇਨਸਾਨਾਂ ਦੇ ਭੇਸ ਵਿਚ ਸ਼ੈਤਾਨਾਂ ਦਾ ਰਾਜ ਕਾਇਮ ਹੋ ਜਾਵੇਗਾ। ਸੰਨ 2012 ਵਿਚ ਦਿਲ ਦਹਿਲਾ ਦੇਣ ਵਾਲਾ ਨਿਰਭੈਅ ਕਾਂਡ ਹੋਇਆ ਸੀ।

ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਰੋਸ਼ ਪ੍ਰਦਰਸ਼ਨ ਕੀਤੇ ਗਏ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਵੀ ਉਠਾਈ ਗਈ। ਇਸ ਤੋਂ ਬਾਅਦ ਪਿਛਲੇ ਸਾਲ ਹੀ ਹੈਦਰਾਬਾਦ ਵਿਖੇ ਇੱਕ ਹੋਰ ਦਰਦਨਾਕ ਘਟਨਾ ਘਟੀ ਜਿਸ ਵਿਚ ਕੁੜੀ ਨਾਲ ਜਬਰ ਜਿਨਾਹ ਕਰਨ ਤੋਂ ਬਾਅਦ ਦੋਸ਼ੀਆਂ ਵੱਲੋਂ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ,

ਹਾਲਾਂਕਿ ਬਾਅਦ ਵਿਚ ਦੋਸ਼ੀਆਂ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਵੀ ਦਿੱਤਾ ਸੀ। ਇਸ ਐਨਕਾਊਂਟਰ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ, ਪਰ ਜ਼ਿਆਦਾਤਰ ਲੋਕਾਂ ਵੱਲੋਂ ਇਸਨੂੰ ਜਾਇਜ ਹੀ ਠਹਿਰਾਇਆ ਗਿਆ। ਜਿਸ ਤੋਂ ਮਾਮਲਾ ਖ਼ਤਮ ਹੋ ਗਿਆ। ਇਸ ਘਟਨਾ ਤੋਂ ਬਾਅਦ ਪਿਛਲੇ ਦਿਨੀਂ ਹਾਥਰਸ ਯੂ. ਪੀ. ਦੇ ਵਿਚ ਘਟੀ ਇਸ ਘਟਨਾ ਨੇ ਤਾਂ ਸਾਰੇ ਹੀ ਲੋਕਾਂ ਨੂੰ ਸੋਚੀਂ ਪਾ ਦਿੱਤਾ ਕਿ ਦੁਰਾਚਾਰ ਕਰਨ ਤੋਂ ਬਾਅਦ ਦਰਿੰਦਗੀ ਭਰੀਆਂ ਕਰਤੂਤਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸਾਡੀ ਹੀ ਧਰਤੀ ‘ਤੇ ਰਹਿਣ ਵਾਲੇ ਲੋਕ ਹਨ?

ਹੁਣ ਗੱਲ ਸਾਰੀ ਹੀ ਕਾਨੂੰਨ ਦੇ ਰਖਵਾਲਿਆਂ, ਜਿਨ੍ਹਾਂ ਵਿਚ ਸਰਕਾਰਾਂ, ਅਦਾਲਤਾਂ, ਪੁਲਿਸ ਪ੍ਰਸ਼ਾਸਨ ਆਉਂਦਾ ਹੈ, ‘ਤੇ ਆ ਗਈ ਹੈ। ਇਹ ਵਿਚਾਰਨ ਵਾਲੀ ਗੱਲ ਹੈ ਕਿ ਉਹ ਕਿਹੋ-ਜਿਹੇ ਕਦਮ ਚੁੱਕਦੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਹੋ-ਜਿਹੇ ਕੰਮ ਕਰਨ ਤੋਂ ਪਹਿਲਾਂ, ਇਹੋ-ਜਿਹੀਆਂ ਕਰਤੂਤਾਂ ਕਰਨ ਵਾਲੇ ਤੇ ਕਰਨ ਬਾਰੇ ਸੋਚਣ ਵਾਲੇ ਸੌ ਵਾਰ ਸੋਚਣ। ਇਸ ਮੁੱਦੇ ‘ਤੇ ਸੋਚ ਵਿਚਾਰ ਕਰਨ ‘ਤੇ ਇੱਕ ਗੱਲ ਸਾਹਮਣੇ ਆਈ ਹੈ ਕਿ ਕੀ ਸਾਨੂੰ ਵੀ ਵਿਦੇਸ਼ਾਂ ਦੀ ਤਰ੍ਹਾਂ ਆਪਣੇ ਦੇਸ਼ ਦੇ ਵਿਚ ਸਖ਼ਤਾਈ ਕਰਨੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਕਾਨੂੰਨ ਨੂੰ ਵੱਡੇ-ਛੋਟੇ, ਅਮੀਰ-ਗਰੀਬ, ਖਾਸ ਅਤੇ ਆਮ ਸਭ ਲਈ ਇੱਕ ਸਮਾਨ ਲਾਗੂ?ਕੀਤਾ ਜਾਵੇ ਸਾਡੇ ਇੱਥੇ ਅਪਰਾਧ ਕਰਨ ਵਾਲੇ ਦੇ ਅਪਰਾਧ ਦੇ ਹਿਸਾਬ ਨਾਲ ਕਾਰਵਾਈ ਕਰਨ ਦੀ ਬਜ਼ਾਏ ਉਸ ਦੀ ਸਿਆਸੀ ਜਾਂ ਸਮਾਜਿਕ ਪਹੁੰਚ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਂਦੀ ਹੈ

ਜਦੋਂ ਅਸੀਂ ਆਪਣੇ ਦੇਸ਼ ਵਿਚ ਵਿਦੇਸ਼ੀ ਮਾਡਲ ਆਪਣਾਉਣ ਦੀ ਗੱਲ ਕਰਦੇ ਹਾਂ ਤਾਂ?ਸਾਨੂੰ ਸਮਝਣਾ ਚਾਹੀਦਾ ਹੈ?ਕਿ ਉੱਥੇ ਕਾਨੂੰਨ ਵੀ ਬੜੇ ਸਖਤ ਹਨ। ਜੇਕਰ ਕੋਈ ਸ਼ਿਕਾਇਤ ਕਰਦਾ ਹੈ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ, ਚਾਹੇ ਉਹ ਬਜ਼ੁਰਗ ਹਨ, ਉਨ੍ਹਾਂ ਦੀ ਸ਼ਿਕਾਇਤ ‘ਤੇ ਸਖਤ ਤੌਰ ‘ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਇਹੋ-ਜਿਹਾ ਘਿਨੌਣਾ ਕੰਮ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚੇ। ਸਾਡੇ ਕਾਨੂੰਨ ਵਿਚ ਢਿੱਲ ਦਾ ਇੱਕ ਸਭ ਤੋਂ ਵੱਡਾ ਕਾਰਨ ਰਿਸ਼ਵਤ ਵੀ ਹੈ,

ਜਿਸ ਲਈ ਕਿ ਵਿਕਸਿਤ ਦੇਸ਼ਾਂ ਦੇ ਢਾਂਚੇ ਵਿਚ ਕੋਈ ਥਾਂ ਨਹੀਂ ਹੈ ਸਾਡੇ ਇੱਥੇ ਤਾਂ ਕਈ ਲੋਕਾਂ ਨੂੰ ਆਪਣੀ ਸ਼ਿਕਾਇਤ ਲਿਖਵਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ ਜਾਂ ਫ਼ਿਰ ਪੀੜਤ ਖੱਜਲ-ਖੁਆਰੀ ਦੇ ਡਰੋਂ ਪ੍ਰਸ਼ਾਸਨ ਕੋਲ ਜਾਣ ਤੋਂ ਬਚਣਾ ਹੀ ਪਸੰਦ ਕਰਦਾ ਹੈ ਜਿੰਨਾ ਲੋਕ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋ ਜਾਂਦੇ ਅਤੇ ਪ੍ਰਸ਼ਾਸਨ ਨੂੰ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨ ਦੀ ਅਜ਼ਾਦੀ ਨਹੀਂ ਦਿੱਤੀ ਜਾਂਦੀ ਓਨਾ ਚਿਰ ਅਜਿਹੀਆਂ ਘਟਨਾਵਾਂ ਦੇਸ਼ ਵਿਚ ਵਾਪਰਦੀਆਂ ਰਹਿਣਗੀਆਂ, ਇਸ ਵਿਚ ਕੋਈ ਸ਼ੱਕ ਨਹੀਂ ਹੈ

ਜੋ ਵੀ ਹੈ ਹੁਣ ਉਹ ਸਮਾਂ ਆ ਗਿਆ ਕਿ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਇਸ ਵੱਸੋਂ ਬਾਹਰ ਹੁੰਦੇ ਜਾ ਰਹੇ ਸਮਾਜ ਨੂੰ ਆਪੇ ਤੋਂ ਬਾਹਰ ਹੋਣ ਤੋਂ ਰੋਕਣਾ ਹੋਵੇਗਾ ਨਹੀਂ ਤਾਂ ਫਿਰ ਜਦੋਂ ਇਸ ਬਾਰੇ ਕੋਈ ਸੋਚ-ਵਿਚਾਰ ਸ਼ੁਰੂ ਹੋਵੇਗਾ, ਕਾਰਵਾਈਆਂ ਸ਼ੁਰੂ ਹੋਣਗੀਆਂ ਤਾਂ ਹਾਲਾਤਾਂ ‘ਤੇ ਕਾਬੂ ਕਰਨਾ ਬਹੁਤ ਹੀ ਮੁਸ਼ਿਕਲ ਹੋਵੇਗਾ। ਜਿਸਦੇ ਨਤੀਜੇ ਕੁਝ ਹੱਦ ਤੱਕ ਸਾਹਮਣੇ ਵੀ ਆਉਣੇ ਸ਼ੁਰੂ ਹੋ ਗਏ ਹਨ। ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਕਿਰਪਾ ਕਰੋ ਕਿ ਇਨਸਾਨੀਅਤ ਫਿਰ ਤੋਂ ਜਿੰਦਾ ਹੋ ਸਕੇ ਅਤੇ ਹੈਵਾਨੀਅਤ ਮਰ ਜਾਵੇ।
ਗੜਦੀਵਾਲਾ,
ਤਹਿਸੀਲ ਦਸੂਹਾ,  ਜਿਲ੍ਹਾ ਹੁਸ਼ਿਆਰਪੁਰ।
ਮਨਪ੍ਰੀਤ ਸਿੰਘ ਮੰਨਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.