ਹਰਦੀਪ ਪੁਰੀ ਅਤੇ ਬਾਦਲ ਜੋੜੀ ਗੰਦੀ ਸਿਆਸਤ ਕਰਕੇ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਨੂੰ ਗੁਮਰਾਹ- ਭਗਵੰਤ ਮਾਨ
ਆਪਣੀ ਆਦਤ ਤੋਂ ਮਜਬੂਰ ਕੈਪਟਨ ਨੇ ਫਿਰ ਕੀਤੀ ਵਾਅਦਾ-ਖ਼ਿਲਾਫ਼ੀ, ਸਪੈਸ਼ਲ ਸੈਸ਼ਨ ਬੁਲਾਉਣ ਤੋਂ ਮੁੱਕਰੇ
ਚੰਡੀਗੜ, (ਅਸ਼ਵਨੀ ਚਾਵਲਾ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੀਤੇ ਕੁੱਝ ਸਮੇਂ ਪਹਿਲਾਂ ਪਾਸ ਹੋਈ ਖੇਤੀ ਬਿੱਲਾਂ ਨੂੰ ਲੈ ਕੇ ਕਾਂਗਰਸ-ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵੱਲੋਂ ਗੰਦੀ ਸਿਆਸਤ ਕਰਕੇ ਪੰਜਾਬ ਦੇ ਸਮੂਹ ਕਿਸਾਨ ਹੱਕਾਂ ਦਾ ਕਾਤਲ ਕਰਾਰ ਦਿੰਦਿਆਂ ਕਿਹਾ ਕਿ, ”ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਪਾਸ ਕਰਵਾਉਣ ਵਿਚ ਹਰਸਿਮਰਤ ਬਾਦਲ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਦੱਸਣਾ ਅਤੇ ਨਾਲ ਹੀ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ ਇਹ ਸਭ ਕੋਰਾ ਝੂਠ ਹੈ” ਦਾ ਮਕਸਦ ਸਿਰਫ਼ ਕਿਸਾਨਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਹਰਦੀਪ ਪੁਰੀ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਤੁਸੀਂ ਹੁਣ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਕੇ ਸਿਆਸੀ ਲਾਹਾ ਨਹੀਂ ਲੈ ਸਕਦੇ। ਮਾਨ ਨੇ ਕਿਹਾ ਕਿ ‘ਆਪ’ ਅਤੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਕੈਬਿਨੇਟ ਮੀਟਿੰਗ ਦੌਰਾਨ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰਨ ਸਮੇਂ ਜੋ ਵੀ ਕਾਰਵਾਈ ਹੋਈ ਹੈ ਉਸ ਦੇ ‘ਮਿਨਟਸ’ ਪੰਜਾਬ ਦੇ ਜਨਤਾ ਸਾਹਮਣੇ ਰੱਖੇ ਜਾਣ, ਤਾਂ ਕਿ ਪਤਾ ਲੱਗੇ ਸਕੇ ਕਿ ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਵਿਚ ਕਿਸ ਪਾਰਟੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਮਾਨ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਦੀ ‘ਬੀ’ ਟੀਮ ਅਤੇ ਕਾਂਗਰਸ ਭਾਜਪਾ ਦੀ ਸਮਰਥਕ ਟੀਮ ਕਹਿੰਦੇ ਕਿਹਾ ਕਿ ਕੈਪਟਨ-ਬਾਦਲ-ਮੋਦੀ ਤਿੰਨੋਂ ਹੀ ਆਪਸ ਵਿਚ ਇਕਜੁੱਟ ਹੋ ਕੇ ਇੱਕ ਯੋਜਨਾ ਦੇ ਤਹਿਤ ਬਿਆਨਬਾਜ਼ੀ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ‘ਤਾਰਪੀਡੋ’ ਕਰਨਾ ਚਾਹੁੰਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਸੀ ਤਾਂ ਜਦੋਂ ਤੋਂ ਇਹ ਬਿੱਲ ਕੈਬਿਨਟ ਵਿਚ ਟੇਬਲ ਹੋਇਆ ਉਦੋਂ ਤੋਂ ਲੈ ਕੇ ਹੁਣ ਤਕ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅਪਣਾ ਇੱਕ ਵੀ ਬਿਆਨ ਜਾਂ ਇੰਟਰਵਿਊ ਜਨਤਕ ਕਰ ਦੇਣ, ਜਿਸ ਵਿਚ ਉਨਾਂ ਨੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਖੇਤੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਸਪੈਸ਼ਲ ਸੈਸ਼ਨ ਬੁਲਾਉਣਗੇ ਪਰ ਕੈਪਟਨ ਅਮਰਿੰਦਰ ਸਿੰਘ ਆਪਣੀ ਆਦਤ ਤੋਂ ਮਜਬੂਰ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਆਪਣੇ ਵਾਅਦੇ ਤੋਂ ਪਲਟਦੇ ਹੋਏ ਇਹ ਕਹਿ ਰਹੇ ਹਨ ਕਿ ਹੁਣ ਸਪੈਸ਼ਲ ਸੈਸ਼ਨ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਹੁਣ ਤਾਂ ਖੇਤੀ ਬਿੱਲ ਪਾਸ ਹੋ ਗਿਆ ਹੈ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਿਸਾਨ ਹਿਤੈਸ਼ੀ ਹਨ ਤਾਂ ਉਹ ਤੁਰੰਤ ਸਪੈਸ਼ਲ ਸੈਸ਼ਨ ਬੁਲਾਉਣ ਅਤੇ ਪੂਰੇ ਪੰਜਾਬ ਨੂੰ ਖੁੱਲੀ ਮੰਡੀ ਬਣਾਉਣ ਦਾ ਕਾਨੂੰਨ ਪਾਸ ਕਰਨ ਤਾਂ ਕਿ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ਨੂੰ ਉਨਾਂ ਦੇ ਹੱਕ ਮਿਲ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.