ਕਬੱਡੀ ਦਾ ਸਿੱਕੇਬੰਦ ਧਾਵੀ, ਸੁਲਤਾਨ ਸ਼ਮਸਪੁਰ
ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਨਾਲ ਸਬੰਧਤ ਪਿੰਡ ਸ਼ਮਸਪੁਰ ਵਿਖੇ ਸ੍ਰ. ਇੰਦਰ ਸਿੰਘ ਧਨੋਆ ਤੇ ਸ੍ਰੀਮਤੀ ਤੇਜ਼ ਕੌਰ ਦੇ ਘਰ ਪੈਦਾ ਹੋਏ ਪ੍ਰੀਤਮ ਸਿੰਘ ਨੇ ਤਕਰੀਬਨ ਚਾਰ ਦਹਾਕੇ ਕੁਸ਼ਤੀ ਅਖਾੜਿਆਂ ਤੇ ਕਬੱਡੀ ਮੈਦਾਨਾਂ ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਅਠਾਰਾਂ ਸਾਲ ਦੀ ਉਮਰ ਦੇ ਭਲਵਾਨ ਪ੍ਰੀਤਮ ਸਿੰਘ ਦੀ ਘਰ ‘ਚ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਫਸ ਕੇ ਸੱਜੀ ਬਾਂਹ ਕੱਟੀ ਗਈ, ਪਰ ਫਿਰ ਵੀ ਉਨ੍ਹਾਂ ਨੇ ਸਿਦਕ, ਮਿਹਨਤ ਤੇ ਹੌਂਸਲੇ ਨਾਲ ਕੁਸ਼ਤੀ ਅਤੇ ਕਬੱਡੀ ਦੇ ਖੇਤਰ ‘ਚ ਵੱਖਰਾ ਮੀਲ ਪੱਥਰ ਸਥਾਪਤ ਕੀਤਾ ਹੈ। ਭਾਰਤ ਤੋਂ ਇਲਾਵਾ ਇੰਗਲੈਂਡ ਦੇ ਘਾਹਦਾਰ ਮੈਦਾਨ ਵੀ ਉਨ੍ਹਾਂ ਦੀਆਂ ਸ਼ਾਨਦਾਰ ਜਿੱਤਾਂ ਦੀ ਗਵਾਹੀ ਭਰਦੇ ਹਨ।
ਸੰਨ 1991 ਦੇ ਅਗਸਤ ਮਹੀਨੇ ‘ਚ ਜਦੋਂ ਭਲਵਾਨ ਪ੍ਰੀਤਮ ਸਿੰਘ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ‘ਤੇ ਖੇਡਣ ਗਏ ਹੋਏ ਸੀ ਤਾਂ ਉੱਥੇ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਤੁਹਾਡੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਪ੍ਰੀਤਮ ਸਿੰਘ ਨੇ ਦੋ ਧੀਆਂ ਮਨਜੀਤ ਕੌਰ ਤੇ ਚਰਨਜੀਤ ਕੌਰ ਤੋਂ ਬਾਅਦ ਪੁੱਤਰ ਦੀ ਦਾਤ ਬਖਸ਼ਣ ਲਈ ਪਰਮਾਤਮਾ ਦਾ ਕੋਟਿ-ਕੋਟਿ ਸ਼ੁਕਰਾਨਾ ਕੀਤਾ। ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਤੋਂ ਘਰ ਵਾਪਿਸ ਆ ਕੇ ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂਅ ਸੁਲਤਾਨ ਸਿੰਘ ਰੱਖ ਦਿੱਤਾ।
ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਸੁਲਤਾਨ ਤੋਂ ਬਾਅਦ ਇੱਕ ਹੋਰ ਪੁੱਤਰ ਦੀ ਦਾਤ ਨਸੀਬ ਹੋਈ, ਜਿਸ ਦਾ ਨਾਂਅ ਦਲਜੀਤ ਸਿੰਘ ਦਲੀ ਰੱਖਿਆ ਗਿਆ, ਜੋ ਕਿ ਅੱਜ ਕੱਲ੍ਹ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਕਬੱਡੀ ਖੇਡਣ ਦੇ ਨਾਲੋ-ਨਾਲ ਆਪਣਾ ਪ੍ਰਾਈਵੇਟ ਬਿਜ਼ਨਸ ਵੀ ਕਰ ਰਿਹਾ ਹੈ।
ਕਬੱਡੀ ਦਾ ਸਿੱਕੇਬੰਦ ਧਾਵੀ, ਸੁਲਤਾਨ ਸ਼ਮਸਪੁਰ
ਭਲਵਾਨ ਪ੍ਰੀਤਮ ਸਿੰਘ ਨੇ ਦੋਨੋਂ ਲਾਡਲੇ ਪੁੱਤਰਾਂ ਨੂੰ ਮਾਂ ਖੇਡ ਕਬੱਡੀ ਦੇ ਚੰਗੇ ਖਿਡਾਰੀ ਬਣਾਉਣ ਲਈ ਆਪਣੇ ਚਿੱਤ ਵਿੱਚ ਧਾਰ ਲਈ। ਇਸ ਲਈ ਉਹ ਸੁਲਤਾਨ ਅਤੇ ਦਲਜੀਤ ਦਲੀ ਨੂੰ ਛੋਟੇ ਹੁੰਦਿਆਂ ਤੀਜੀ-ਚੌਥੀ ਦੀ ਪੜ੍ਹਾਈ ਦੌਰਾਨ ਹੀ ਆਪਣੇ ਨਾਲ ਖੇਡ ਮੈਦਾਨ ਵਿੱਚ ਲੈ ਕੇ ਜਾਣ ਲੱਗ ਪਏ।
ਪਿੰਡ ਦੇ ਗਰਾਊਂਡ ‘ਚ ਸਰਕਲ ਕਬੱਡੀ ‘ਚ ਥੋੜਾ-ਬਹੁਤ ਧਿਆਨ ਦੇਣ ਵਾਲੇ ਸੁਲਤਾਨ ਨੇ ਨੇੜਲੇ ਪਿੰਡ ਖਿਜਰਪੁਰ ਦੇ ਸਰਕਾਰੀ ਮਿਡਲ ਸਕੂਲ ‘ਚ ਪੜ੍ਹਦਿਆਂ ਪੀ.ਟੀ.ਆਈ ਸ੍ਰੀ ਅਮਰਨਾਥ ਕੋਲੋਂ ਨੈਸ਼ਨਲ ਸਟਾਈਲ ਕਬੱਡੀ ਦੇ ਦਾਅ-ਪੇਚ ਸਿੱਖਣੇ ਆਰੰਭ ਕਰ ਦਿੱਤੇ । ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਖਾਸ ਲਗਾਅ ਰੱਖਣ ਵਾਲੇ ਸੁਲਤਾਨ ਨੇ ਛੇਵੀਂ ਜਮਾਤ ‘ਚ ਹੀ ਨੈਸ਼ਨਲ ਸਟਾਈਲ ਕਬੱਡੀ ਦੇ (ਅੰਡਰ-14) ਜੋਨ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਉਪਰੰਤ ਸਟੇਟ ਪੱਧਰ ‘ਤੇ ਖੇਡਣ ਦਾ ਮੌਕਾ ਪ੍ਰਾਪਤ ਕਰ ਲਿਆ ।
ਅੰਡਰ-17 ਅਤੇ ਅੰਡਰ-19 ਮੁਕਾਬਲਿਆਂ ‘ਚ ਵੀ ਰਾਜ ਪੱਧਰ ਤੱਕ ਮੱਲਾਂ ਮਾਰੀਆਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਵਿਖੇ ਨੌਵੀਂ ਤੋਂ ਬਾਰ੍ਹਵੀਂ ਤੱਕ ਪੜ੍ਹੇ ਸੁਲਤਾਨ ਨੇ ਸ੍ਰ. ਜਸਵੰਤ ਸਿੰਘ ਪੀ.ਟੀ.ਆਈ ਦੀ ਪ੍ਰੇਰਨਾ ਸਦਕਾ ਕਬੱਡੀ (ਨੈਸ਼ਨਲ ਸਟਾਈਲ) ਦੇ ਅੰਡਰ-17 ਅਤੇ ਅੰਡਰ-19 ਮੁਕਾਬਲਿਆਂ ‘ਚ ਵੀ ਰਾਜ ਪੱਧਰ ਤੱਕ ਮੱਲਾਂ ਮਾਰੀਆਂ।
ਬਾਰ੍ਹਵੀਂ ਦੀ ਪੜ੍ਹਾਈ ਦੌਰਾਨ ਉਸਨੇ ਨੈਸ਼ਨਲ ਦੇ ਸਮਾਨਾਂਤਰ ਘੇਰੇ ਵਾਲੀ ਕਬੱਡੀ ਵਿੱਚ ਵੀ ਬਤੌਰ ਰੇਡਰ ਜੋਰ ਅਜ਼ਮਾਈ ਕਰਨੀ ਆਰੰਭ ਦਿੱਤੀ । ਸੁਲਤਾਨ ਨੇ ਆਪਣੇ ਸਾਥੀਆਂ ਲਾਡੀ, ਵਰਿੰਦਰ ਟੌਹੜਾ ਅਤੇ ਲਾਲੀ ਨਾਲ ਮਿਲ ਕੇ ਨੇੜਲੇ ਪਿੰਡਾਂ ਦੇ ਕਬੱਡੀ ਮੇਲਿਆਂ ‘ਤੇ ਮਟੋਰੜਾ ਦੇ ਨਾਂਅ ‘ਤੇ ਟੀਮ (ਓਪਨ) ਬਣਾਉਣੀ ਸ਼ੁਰੂ ਕਰ ਲਈ।
Kabaddi Coin Raider, Sultan Shamspur
ਸਕੂਲੀ ਵਿੱਦਿਆ ਹਾਸਲ ਕਰਨ ਉਪਰੰਤ ਸੁਲਤਾਨ ਨੇ ਅਗਲੇਰੀ ਪੜ੍ਹਾਈ ਅਤੇ ਕਬੱਡੀ ਦੀਆਂ ਹੋਰ ਬਾਰੀਕੀਆਂ ਸਿੱਖਣ ਲਈ ਡੀ.ਏ.ਵੀ. ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ। ਡੀ.ਏ.ਵੀ. ਕਾਲਜ ਵਿਖੇ ਪ੍ਰੋ. ਗੋਪਾਲ ਸਿੰਘ ਅਤੇ ਸਾਈ ਕੋਚ ਪਰਮਜੀਤ ਸਿੰਘ ਕੋਲੋਂ ਦੋਨੋਂ ਤਰ੍ਹਾਂ ਦੀ ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ) ਦੀ ਸਿਖਲਾਈ ਲੈਣ ਵਾਲੇ ਸੁਲਤਾਨ ਨੇ ਅੰਤਰ ਕਾਲਜ ਟੂਰਨਾਮੈਂਟਾਂ ਵਿੱਚ ਵੀ ਬੱਲੇ-ਬੱਲੇ ਕਰਵਾਈ। ਨੈਸ਼ਨਲ ਸਟਾਈਲ ਕਬੱਡੀ ਦੇ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਵਿੱਚ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਦਿਆਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ।
ਪੰਜਾਬ ਦੇ ਹਰ ਵੱਡੇ-ਛੋਟੇ ਖੇਡ ਮੇਲੇ ‘ਤੇ ਫਤਿਹ ਹਾਸਲ ਕੀਤੀ
ਸੰਨ 2011 ਦੌਰਾਨ ਸੁਲਤਾਨ ਨੂੰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਡੀ.ਏ.ਵੀ. ਕਾਲਜ ਜਲੰਧਰ ਦੀ ਸੀਨੀਅਰ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ। ਇਸੇ ਸਾਲ ਉਸਨੂੰ ਬਾਬਾ ਕਾਹਨਦਾਸ ਸਪੋਰਟਸ ਕਲੱਬ ਲਈ ਪਹਿਲੀ ਵਾਰ ਵਿਦੇਸ਼ੀ ਧਰਤੀ ਕੈਨੇਡਾ ਦੇ ਘਾਹਦਾਰ ਖੇਡ ਮੈਦਾਨਾਂ ‘ਤੇ ਕਬੱਡੀਆਂ ਪਾਉਣ ਦਾ ਸੁਭਾਗ ਨਸੀਬ ਹੋ ਗਿਆ। ਜ਼ਿਕਰਯੋਗ ਹੈ ਕਿ ਸਾਲ 2012 ਦੌਰਾਨ ਸੁਲਤਾਨ ਅਤੇ ਮਸ਼ਹੂਰ ਖਿਡਾਰੀ ਪਾਲੀ ਫਤਿਹਗੜ੍ਹ ਛੰਨਾ ਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਾ, ਜਦੋਂ ਉਹ ਆਪਣੇ ਪਾਸਪੋਰਟ ਲੈਣ ਲਈ ਚੰਡੀਗੜ੍ਹ ਗਏ ਤਾਂ ਦੋਵਾਂ ਨੇ ਮਿਲ ਕੇ ਇਹ ਵਿਉਂਤਬੰਦੀ ਬਣਾਈ ਕਿ ਇਸ ਵਾਰ ਆਪਾਂ ਪੰਜਾਬ ਦੇ ਕਬੱਡੀ ਮੇਲਿਆਂ ‘ਤੇ ਇੱਕੋ ਟੀਮ ਲਈ ਇਕੱਠਿਆਂ ਖੇਡਣਾ ਹੈ। ਪੰਜਾਬ ‘ਚ ਹੋਏ 2012-13 ਦੇ ਕਬੱਡੀ ਸੀਜ਼ਨ ਦੌਰਾਨ ਦੋਨਾਂ ਨੌਜਵਾਨਾਂ (ਸੁਲਤਾਨ ਅਤੇ ਪਾਲੀ) ਦੀ ਜੋੜੀ ਨੇ ਧੁੰਮਾਂ ਪਾ ਦਿੱਤੀਆਂ, ਉਨ੍ਹਾਂ ਨੇ ਪੰਜਾਬ ਦੇ ਹਰ ਵੱਡੇ-ਛੋਟੇ ਖੇਡ ਮੇਲੇ ‘ਤੇ ਫਤਿਹ ਹਾਸਲ ਕੀਤੀ, ਜਿਸ ਦੀਆਂ ਸਿਫਤਾਂ ਅੱਜ ਵੀ ਲੋਕਾਂ ਦੇ ਬੁੱਲ੍ਹਾਂ ‘ਤੇ ਹਨ ।
Kabaddi Coin Raider, Sultan Shamspur
2012 ਤੱਕ ਡੀਏਵੀ ਕਾਲਜ ਜਲੰਧਰ ਦੀ ਟੀਮ ਦਾ ਮੈਂਬਰ ਰਹਿਣ ਤੋਂ ਬਾਅਦ ਉਸਨੇ ਸਰੀਰਕ ਸਿੱਖਿਆ ਦਾ ਕਿੱਤਾਮੁਖੀ ਕੋਰਸ ਬੀ.ਪੀ.ਐਡ ਕਰਨ ਲਈ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਸ੍ਰੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਦਾਖਲਾ ਲੈ ਲਿਆ । ਦਾਇਰੇ ਵਾਲੀ ਕਬੱਡੀ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਸ੍ਰੀ ਮਸਤੂਆਣਾ ਸਾਹਿਬ ਕਾਲਜ ਵੱਲੋਂ ਖੇਡਦਿਆਂ ਗੋਲਡ ਮੈਡਲ ਜਿੱਤਣ ਵਾਲੇ ਸੁਲਤਾਨ ਨੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਦੌਰਾਨ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ । ਉਸਦੇ ਅਚਾਨਕ ਅੱਖ ‘ਤੇ ਸੱਟ ਲੱਗ ਗਈ ਅਤੇ ਅਪ੍ਰੇਸ਼ਨ ਕਰਵਾ ਕੇ ਉਹ ਤਕਰੀਬਨ ਇੱਕ ਸਾਲ ਬਾਅਦ ਮੈਦਾਨ ‘ਚ ਵਾਪਿਸ ਪਰਤਿਆ। ਇਸ ਕਾਰਨ ਉਸਨੂੰ ਆਪਣੀ ਐਮ.ਪੀ.ਐਡ ਦੀ ਪੜ੍ਹਾਈ ਵੀ ਅੱਧ-ਵਿਚਕਾਰ ਹੀ ਛੱਡਣੀ ਪਈ। ਇਸ ਸੱਟ ਤੋਂ ਉੱਭਰਕੇ ਉਹ ਸੰਨ 2013 ਦੌਰਾਨ ਦਸ਼ਮੇਸ਼ ਕਲੱਬ ਨਾਰਵੇ ਨਾਲ ਜੁੜ ਗਿਆ ।
ਯੂਰਪ ਮਹਾਂਦੀਪ ਦੇ ਪੂਰੇ ਕਬੱਡੀ ਸੀਜ਼ਨ ਦਾ ਸਰਵੋਤਮ ਧਾਵੀ ਚੁਣਿਆ
ਇਸੇ ਵਰ੍ਹੇ ਸੁਲਤਾਨ ਨੂੰ ਖੇਡ ਪ੍ਰਮੋਟਰ ਬੱਗਾ ਨਾਰਵੇ ਦੇ ਸੱਦੇ ‘ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਵੱਲੋਂ ਯੂਰਪ ਮਹਾਂਦੀਪ ਦੇ ਜਰਮਨ, ਬੈਲਜ਼ੀਅਮ, ਆਸਟਰੀਆ, ਹਾਲੈਂਡ, ਫਰਾਂਸ, ਸਪੇਨ, ਨਾਰਵੇ ਅਤੇ ਹੋਰ ਵੀ ਵੱਖ-ਵੱਖ ਦੇਸ਼ਾਂ ਵਿੱਚ ਖੇਡਣ ਦਾ ਮੌਕਾ ਮਿਲਿਆ। ਉਸਨੂੰ ਯੂਰਪ ਮਹਾਂਦੀਪ ਦੇ ਪੂਰੇ ਕਬੱਡੀ ਸੀਜ਼ਨ ਦਾ ਸਰਵੋਤਮ ਧਾਵੀ ਚੁਣਿਆ ਗਿਆ। ਇਸੇ ਵਰ੍ਹੇ ਉਹ ਦੁਬਈ ਦੇ ਸ਼ਾਰਜਾਹ ਕਬੱਡੀ ਕੱਪ ‘ਤੇ ਵੀ ਆਪਣੀ ਦਮਦਾਰ ਖੇਡ ਵਿਖਾਉਣ ਲਈ ਗਿਆ। ਸੁਲਤਾਨ ਨੂੰ ਪੰਜਾਬ ਦੀ ਧਰਤੀ ‘ਤੇ ਕਰਵਾਏ ਗਏ ਵਿਸ਼ਵ ਕੱਪ-2013 ਦੌਰਾਨ ਫਾਈਨਲ ‘ਚ ਪਾਕਿਸਤਾਨ ਤੋਂ ਜਿੱਤ ਕੇ ਚੈਂਪੀਅਨ ਬਣੀ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੋਇਆ।
Kabaddi Coin Raider, Sultan Shamspur
ਅਗਲੇ ਸਾਲ 2014 ਦੌਰਾਨ ਕਬੱਡੀ ਦਾ ਇਹ ਧੁਰੰਦਰ ਧਾਵੀ ਦੂਸਰੀ ਵਾਰ ਯੂਰਪ ਮਹਾਂਦੀਪ ਦੇ ਭਿੰਨ-ਭਿੰਨ ਮੁਲਕਾਂ ਵਿੱਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੀ ਟੀਮ ਲਈ ਆਪਣੀ ਖੂਬਸੂਰਤ ਖੇਡ ਦਾ ਲੋਹਾ ਮਨਵਾਉਣ ਲਈ ਗਿਆ। ਵੇਵ ਵਰਲਡ ਕਬੱਡੀ ਲੀਗ-2014 ਦੌਰਾਨ ਸੁਲਤਾਨ ਨੂੰ ਪੰਜਾਬ ਥੰਡਰ ਦੀ ਟੀਮ ਲਈ ਜ਼ਬਰਦਸਤ ਖੇਡ ਦਿਖਾਉਂਦਿਆਂ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਸਮੁੱਚੇ ਕਬੱਡੀ ਜਗਤ ਨੇ ਵੇਖਿਆ। 2015 ਦੇ ਵਰ੍ਹੇ ਦੌਰਾਨ ਸੁਲਤਾਨ ਉਂਟਾਰੀਓ ਖਾਲਸਾ ਦਰਬਾਰ ਕਲੱਬ ਵੱਲੋਂ ਕੈਨੇਡਾ ਖੇਡਣ ਗਿਆ, ਉੱਥੇ ਦਿਖਾਈ ਬਾ-ਕਮਾਲ ਖੇਡ ਦੀ ਬਦੌਲਤ ਉਸ ਨੂੰ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਬੈਸਟ ਰੇਡਰ ਐਲਾਨਿਆ ਗਿਆ ਤੇ ਟੋਰਾਂਟੋ ਵਰਲਡ ਕੱਪ ਵਿੱਚ ਵੀ ਉਹ ਕੈਨੇਡਾ ਈਸਟ ਟੀਮ ਦਾ ਅਹਿਮ ਹਿੱਸਾ ਰਿਹਾ। 2015 ਵਿੱਚ ਹੀ ਸੁਲਤਾਨ ਨੇ ਪੰਜਾਬ ਦੇ ਕਬੱਡੀ ਕੱਪਾਂ ‘ਤੇ ਉੱਚ ਕੋਟੀ ਦੀ ਟੀਮ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਵੱਲੋਂ ਖੇਡਣਾ ਆਰੰਭ ਕੀਤਾ। ਸੁਲਤਾਨ ਇਸੇ ਵਰ੍ਹੇ ਦੇ ਨਵੰਬਰ ਮਹੀਨੇ ਦੀ 19 ਤਰੀਕ ਨੂੰ ਬੀਬੀ ਹਰਮਨਦੀਪ ਕੌਰ ਨਾਲ ਵਿਆਹ ਬੰਧਨ ‘ਚ ਬੱਝ ਗਿਆ।
ਸੁਲਤਾਨ ਇੰਗਲੈਂਡ ਦੀ ਟੀਮ ਵਿਰੁੱਧ 10 ਜੇਤੂ ਰੇਡਾਂ ਪਾ ਕੇ ਸਰਵੋਤਮ ਧਾਵੀ ਬਣਿਆ
2016 ਦੇ ਵਰਲਡ ਕੱਪ ਦੇ ਫਾਈਨਲ ਮੈਚ ‘ਚ ਸੁਲਤਾਨ ਇੰਗਲੈਂਡ ਦੀ ਟੀਮ ਵਿਰੁੱਧ 10 ਜੇਤੂ ਰੇਡਾਂ ਪਾ ਕੇ ਸਰਵੋਤਮ ਧਾਵੀ ਬਣਿਆ। 2017 ਵਿੱਚ ਹੀ ਸੁਲਤਾਨ ਨੂੰ ਪ੍ਰਸਿੱਧ ਕੋਚ ਇੰਦਰਪਾਲ ਸਿੰਘ ਬਾਜਵਾ ਅਤੇ ਜੱਗ ਜੇਤੂ ਖਿਡਾਰੀ ਸੰਦੀਪ ਸੰਧੂ ਨੰਗਲ ਅੰਬੀਆਂ ਵੱਲੋਂ ਦੁਨੀਆਂ ਦੀ ਨਾਮਵਰ ਟੀਮ ਬਾਬਾ ਸੁਖਚੈਨ ਦਾਸ ਕਬੱਡੀ ਅਕੈਡਮੀ ਸ਼ਾਹਕੋਟ ਦਾ ਕਪਤਾਨ ਘੋਸ਼ਿਤ ਕਰ ਦਿੱਤਾ ਗਿਆ । ਇਸੇ ਸਾਲ ਦੀ 25 ਅਕਤੂਬਰ ਨੂੰ ਸੁਲਤਾਨ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ, ਜਿਸ ਦਾ ਨਾਂਅ ਸਵਰੀਨ ਕੌਰ ਰੱਖਿਆ ਗਿਆ।
2018 ਤੇ 2019 ਦੌਰਾਨ ਉਸਨੇ ਅਮਰੀਕਾ ਦੇ ਕਬੱਡੀ ਮੇਲਿਆਂ ‘ਤੇ ਬੇ-ਏਰੀਆ ਕਲੱਬ ਵੱਲੋਂ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਖੇਡ ਪ੍ਰੇਮੀਆਂ ਤੋਂ ਵਾਹ-ਵਾਹ ਖੱਟੀ ।
Kabaddi Coin Raider, Sultan Shamspur
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ-2019 ‘ਚ ਸੁਲਤਾਨ, ਕੈਨੇਡਾ ਟੀਮ ਤੋਂ ਫਾਈਨਲ ਮੁਕਾਬਲਾ ਜਿੱਤਣ ਵਾਲੀ ਭਾਰਤੀ ਟੀਮ ਦਾ ਸਿਰਕੱਢ ਰੇਡਰ ਰਿਹਾ । ਵਰਣਨਯੋਗ ਹੈ ਕਿ ਸੁਲਤਾਨ ਨੇ ਇਸੇ ਸਾਲ ਆਪਣੀ ਸੱਜੀ ਲੱਤ ਤੇ ਇੱਕ ਅਜਿਹਾ ਪ੍ਰੇਰਨਾਸਰੋਤ ਟੈਟੂ ਬਣਵਾਇਆ, ਜਿਸ ਵਿੱਚ ਵਕਤ ਵਾਲੀ ਘੜੀ ਆਪਣੀ ਰਫਤਾਰ ਨਾਲ ਘੁੰਮ ਰਹੀ ਹੈ ਅਤੇ ਇੱਕ ਅੱਖ ਪੌੜੀ-ਦਰ-ਪੌੜੀ ਅੱਗੇ ਵਧਣ ਲਈ ਮੰਜ਼ਲ ਵੱਲ ਵੇਖ ਰਹੀ ਹੈ, ਜੋ ਕਿ ਕਬੱਡੀ ਚਹੇਤਿਆਂ ਨੂੰ ਖੂਬ ਪਸੰਦ ਆਇਆ ਹੈ।
ਖੇਡ ਜੀਵਨ ‘ਚ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਨੌਜਵਾਨ ਚੱਲ ਰਹੇ ਵਰ੍ਹੇ ਦੇ ਫਰਵਰੀ ਮਹੀਨੇ ਦੌਰਾਨ ਨੰਗਲ ਅੰਬੀਆਂ ਦੇ ਕਬੱਡੀ ਕੱਪ ‘ਤੇ ਸ਼ਾਹਕੋਟ ਟੀਮ ਵੱਲੋਂ ਫਾਰਚੂਨਰ ਗੱਡੀ ਨਾਲ ਸਨਮਾਨਿਆਂ ਗਿਆ ਹੈ।
ਇੱਕ ਕੁਇੰਟਲ ਤੋਂ ਵੱਧ ਭਾਰ ਅਤੇ ਛੇ ਫੁੱਟ ਦੇ ਕਰੀਬ ਕੱਦ ਵਾਲਾ ਸੁਲਤਾਨ
ਇੱਕ ਕੁਇੰਟਲ ਤੋਂ ਵੱਧ ਭਾਰ ਅਤੇ ਛੇ ਫੁੱਟ ਦੇ ਕਰੀਬ ਕੱਦ ਵਾਲੇ ਸੁਲਤਾਨ ਨੇ ਧਮਾਕੇਦਾਰ ਖੇਡ ਵਿਖਾਉਂਦਿਆਂ ਹੁਣ ਤੱਕ ਨੈਨੋ ਕਾਰ ਬੱਦੋਵਾਲ ਤੋਂ, ਅਲਟੋ ਕਾਰ ਲੁਹਾਰਾ ਤੋਂ, ਇੱਕ-ਇੱਕ ਫੋਰਡ ਟਰੈਕਟਰ ਕੁਠਾਲਾ ਤੇ ਲੁਹਾਰਾ ਤੋਂ, ਪ੍ਰੀਤ ਟਰੈਕਟਰ ਵਿਸ਼ਵ ਕੱਪ-2016 ਤੋਂ, ਇੱਕ ਮੱਝ ਜੰਡੀਆ ਤੋਂ, 35 ਬੁਲਟ, 61 ਮੋਟਰਸਾਈਕਲ ਅਤੇ ਅਨੇਕਾਂ ਵਾਰੀ ਸੋਨੇ ਦੀਆਂ ਚੈਨੀਆਂ, ਮੁੰਦੀਆਂ, ਫਰਿੱਜ, ਕੂਲਰ, ਵਾਸ਼ਿੰਗ ਮਸ਼ੀਨਾਂ, ਟੈਲੀਵਿਜ਼ਨ ਤੇ ਨਕਦ ਰਾਸ਼ੀਆਂ ਆਪਣੇ ਨਾਂਅ ਕੀਤੇ ਹਨ।
ਸਾਡੀ ਰੱਬ ਅੱਗੇ ਦੁਆ ਹੈ ਕਿ ਕਬੱਡੀ ਦਾ ਸੁਲਤਾਨ ਲੰਮਾ ਸਮਾਂ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਦੀ ਬਾਦਸ਼ਾਹਤ ਕਾਇਮ ਰੱਖੇ ਅਤੇ ਜੁਗ-ਜੁਗ ਜੀਵੇ!
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.