ਪਿੰਡਾਂ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ
ਪਿੰਡਾਂ ਵਿੱਚੋਂ ਪਾਣੀ ਨਿਕਾਸੀ ਦੀ ਸਮੱਸਿਆ ਲਈ ਅਜੇ ਤੱਕ ਯੋਗ ਪ੍ਰਬੰਧ ਨਾ ਹੋਣ ਕਾਰਨ ਇਹ ਸਮੱਸਿਆ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਜੇਕਰ ਪੰਜਾਬ ਦੇ ਕਰੀਬ ਸਾਢੇ ਬਾਰਾਂ ਹਜ਼ਾਰ ਪਿੰਡਾਂ ਦੀ ਗੱਲ ਕਰੀਏ ਤਾਂ ਬਹੁ-ਗਿਣਤੀ ਪਿੰਡ ਅਜੇ ਵੀ ਅਜਿਹੇ ਹਨ ਜਿੱਥੇ ਗਰਾਮ ਪੰਚਾਇਤਾਂ ਵਲੋਂ ਪਾਣੀ ਦੀ ਨਿਕਾਸੀ ਦੇ ਉੱਚਿਤ ਪ੍ਰਬੰਧ ਨਹੀ ਕੀਤੇ ਗਏ। ਪਿੰਡਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਸ਼ੁੱਧ ਵਾਤਾਵਰਨ ਅਤੇ ਸਫ਼ਾਈ ਪੱਖੋਂ ਬਿਹਤਰ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਨਿਰੰਤਰ ਆਬਾਦੀ ਦੇ ਵਧਣ ਨਾਲ ਜ਼ਿਆਦਾਤਰ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਹੀ ਗੰਦਗੀ ਦੀ ਭਰਮਾਰ ਦਿਖਾਈ ਦੇਣ ਲੱਗੀ ਹੈ।
ਜਿਸ ਦੇ ਸਿੱਟੇ ਵਜੋ ਹੁਣ ਪੇਂਡੂ ਵੀ ਨਿਰੰਤਰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਦੇ ਬਹੁਤੇ ਪਿੰਡ ਹੁਣ ਕਸਬਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ ਪਰ ਇਸ ਵਧਦੀ ਅਬਾਦੀ ਅਤੇ ਵਧਦੀਆ ਲੋੜਾਂ ਦੇ ਅਨੁਸਾਰ ਗਰਾਮ ਪੰਚਾਇਤਾਂ ਵਲੋਂ ਅਜਿਹੇ ਕਸਬਾਨੁਮਾ ਪਿੰਡਾਂ ਦੀ ਦਿੱਖ ਨੂੰ ਸੰਵਾਰਨ ਲਈ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਨ ਅਨੇਕ ਅਜਿਹੀਆ ਸਮੱਸਿਆਵਾਂ ਹਨ ਜੋ ਨਿਰੰਤਰ ਗੰਭੀਰ ਹੁੰਦੀਆ ਜਾ ਰਹੀਆ ਹਨ।
ਇਨਾਂ ਸਮੱਸਿਆਵਾਂ ਵਿੱਚੋਂ ਹੀ ਇੱਕ ਮੁੱਖ ਸਮੱਸਿਆ ਪਾਣੀ ਨਿਕਾਸੀ ਦੀ ਹੈ। ਪੰਜਾਬ ਦੀ ਕਰੀਬ ਤਿੰਨ ਕੋਰੜ ਆਬਾਦੀ ਵਿੱਚੋਂ ਦੋ ਤਿਹਾਈ ਲੋਕਾਂ ਦਾ ਵਸੇਬਾ ਪਿੰਡਾਂ ਜਾਂ ਕਸਬਿਆਂ ਵਿੱਚ ਹੈ ਜਿੱਥੇ ਲੋਕ ਇੱਕਵੀ ਸਦੀ ਵਿੱਚ ਵੀ ਅਜਿਹੀਆਂ ਸਮੱਸਿਆ ਵਿੱਚ ਘਿਰੇ ਪਏ ਹਨ। ਇਸੇ ਤਰਾਂ ਹਰਿਆਣਾ ਦੀ ਪੌਣੇ ਤਿੰਨ ਕਰੋੜ ਦੀ ਆਬਾਦੀ ਵਿੱਚੋਂ ਕਰੀਬ 1 ਕੋਰੜ 80 ਲੱਖ ਲੋਕ ਹਰਿਆਣਾ ਦੇ ਕਰੀਬ 7 ਹਜ਼ਾਰ ਪਿੰਡਾਂ ਜਾਂ ਕਸਬਿਆਂ ਵਿੱਚ ਨਿਵਾਸ ਕਰਦੇ ਹਨ ਪਰ ਸੂਬੇ ਦੇ ਪਿੰਡਾਂ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਗੰਭੀਰ ਹੈ।
ਬਹੁਤੇ ਪਿੰਡਾਂ ਵਿੱਚ ਨਾਲੀਆਂ ਆਦਿ ਪੱਕੀਆ ਨਾ ਬਣੀਆ ਹੋਣ ਕਾਰਨ ਜਾਂ ਨਾਲੀਆਂ ਦੀ ਸਮੇ ਸਿਰ ਸਫ਼ਾਈ ਨਾ ਹੋਣ ਕਾਰਨ ਨਾਲੀਆਂ ਦਾ ਪਾਣੀ ਅਕਸਰ ਪਿੰਡਾਂ ਦੀਆ ਗਲੀਆਂ ਵਿੱਚ ਹੀ ਇੱਕਠਾ ਹੁੰਦਾ ਰਹਿੰਦਾ ਹੈ ਜਿਸ ਕਾਰਨ ਗਲੀਆਂ ਵੀ ਜਗਾਂ-ਜਗਾਂ ਤੋਂ ਚਿੱਕੜ ਦਾ ਰੂਪ ਧਾਰਨ ਕਰ ਜਾਂਦੀਆ ਹਨ। ਕਈ ਪਿੰਡਾਂ ਦਾ ਵਾਧੂ ਪਾਣੀ ਅਕਸਰ ਹੀ ਪਿੰਡਾਂ ਵਿੱਚ ਬਣੇ ਛੱਪੜਾਂ ਵਿੱਚ ਪੈਂਦਾ ਹੈ। ਛੱਪੜਾਂ ਵਿੱਚ ਲਗਾਤਾਰ ਪਾਣੀ ਇੱਕਠਾ ਹੋਣ ਕਾਰਨ ਇੱਥੇ ਬਦਬੂ ਫੈਲਣੀ ਸ਼ੁਰੂ ਹੋ ਜਾਂਦੀ ਹੈ ਜੋ ਆਸਪਾਸ ਦੇ ਘਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਦੀ ਹੈ।
ਛੱਪੜਾਂ ਤੋਂ ਅੱਗੇ ਪਾਣੀ ਦੀ ਨਿਕਾਸੀ ਲਈ ਜ਼ਿਆਦਾਤਰ ਪਿੰਡਾਂ ਵਿੱਚ ਕੋਈ ਪ੍ਰਬੰਧ ਨਹੀ ਹੈ ਜਿਸ ਕਾਰਨ ਬਰਸਾਤਾਂ ਦੇ ਮੌਸਮ ਵਿੱਚ ਇਹੀ ਪਾਣੀ ਇੱਥੇ ਰਹਿ ਰਹੇ ਲੋਕਾਂ ਲਈ ਨਵੀ ਆਫ਼ਤ ਲੈ ਕੇ ਆਉਦਾ ਹੈ। ਬਰਸਾਤ ਦੌਰਾਨ ਛੱਪੜਾਂ ਦਾ ਪਾਣੀ ਓਵਰਫਲੋ ਹੋ ਕੇ ਛੱਪੜ ਕਿਨਾਰੇ ਵਸੇ ਘਰਾਂ ਵਿੱਚ ਆ ਪਹੁੰਚਦਾ ਹੈ ਜਿਸ ਨਾਲ ਜਿੱਥੇ ਇਹ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈ ਉੱਥੇ ਹੀ ਇਸ ਪਾਣੀ ਦੀ ਮਾਰ ਹੇਠ ਆਏ ਲੋਕ ਵੀ ਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜਬੂਰ ਹੁੰਦੇ ਹਨ। ਉਨਾਂ ਨੂੰ ਡਰਦੇ ਮਾਰੇ ਕਈ ਵਾਰ ਆਪਣੇ ਘਰ ਦਾ ਸਮਾਨ ਵੀ ਸੁਰੱਖਿਅਤ ਸਥਾਨ ਵੱਲ ਲਿਜਾਣਾ ਪੈਂਦਾ ਹੈ। ਜਿਸ ਕਾਰਨ ਇਹ ਲੋਕ ਦੂਹਰੀ ਮਾਰ ਦਾ ਸ਼ਿਕਾਰ ਹੁੰਦੇ ਹਨ।
ਵਿਕਾਸ ਲਈ ਸੂਬਾ ਸਰਕਾਰ ਨੇ ਗਰਾਂਟ ਜਾਰੀ ਕਰਨੀ ਹੁੰਦੀ ਹੈ ( ਚਾਹੇ ਉਹ ਕੇਦਰ ਸਰਕਾਰ ਤੋਂ ਮੱਦਦ ਲਵੇ ਜਾਂ ਖੁਦ ਕਰੇ ) ਜਿਸਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਰਾਹੀ ਪਿੰਡ ਦੇ ਵਿਕਾਸ ਤੇ ਖਰਚ ਕੀਤਾ ਜਾਂਦਾ ਹੈ ਪਰ ਆਰਥਿਕ ਪੱਖ ਤੋਂ ਹਾਸ਼ੀਏ ਤੇ ਪਹੁੰਚੀ ਮੌਜੂਦਾ ਪੰਜਾਬ ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਮੁਨਕਰ ਨਜ਼ਰ ਆ ਰਹੀ ਹੈ। ਅੱਜ ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ, ਸਿੱਖਿਆ ਦੀ ਹੋਵੇ ਜਾਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆ ਸਮੱਸਿਆਵਾਂ ਦੀ ਗੱਲ ਹੋਵੇ ਹਰ ਪਾਸੇ ਹੀ ਮੁਸ਼ਕਲਾਂ ਨਜ਼ਰ ਆ ਰਹੀਆ ਹਨ ਪਰ ਫਿਰ ਵੀ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਮੇ ਦੀ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ।
ਸਮੇ-ਸਮੇ ਤੇ ਸੂਬਿਆਂ ਵਿੱਚ ਸਰਕਾਰਾਂ ਬਦਲਦੀਆ ਰਹਿੰਦੀਆ ਹਨ ਪਰ ਅਜੇ ਤੱਕ ਪਿੰਡਾਂ ਵਿੱਚੋਂ ਪਾਣੀ ਨਿਕਾਸੀ ਦੀ ਇਸ ਗੰਭੀਰ ਸਮੱਸਿਆ ਵੱਲ ਕਿਸੇ ਵੀ ਸਰਕਾਰ ਨੇ ਉਚੇਚੇ ਤੌਰ ਤੇ ਢੁੱਕਵੇ ਪ੍ਰਬੰਧ ਨਹੀ ਕੀਤੇ ਜਿਸ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਸਰਕਾਰਾਂ ਪਿੰਡਾਂ ਦੀ ਦਿੱਖ ਨੂੰ ਸੰਵਾਰਨ ਲਈ ਅਨੇਕ ਯੋਜਨਾਵਾਂ ਉਲੀਕੇ ਜਾਣ ਅਤੇ ਸਮੇ-ਸਮੇ ਤੇ ਪਿੰਡਾਂ ਦੇ ਵਿਕਾਸ ਲਈ ਪੈਸੇ ਦਾ ਪ੍ਰਬੰਧ ਕਰਨ ਦੇ ਦਾਅਵੇ ਵੀ ਕਰਦੀਆ ਹਨ ਪਰ ਅਜੇ ਤੱਕ ਇਹ ਯੋਜਨਾਵਾਂ ਜ਼ਮੀਨੀ ਪੱਧਰ ਤੇ ਕਿਧਰੇ ਵੀ ਲਾਗੂ ਹੋਈਆ ਨਜ਼ਰ ਨਹੀ ਆ ਰਹੀਆ। ਜ਼ਿਆਦਾਤਰ ਪਿੰਡਾਂ ਦੀਆ ਗਰਾਮ ਪੰਚਾਇਤਾਂ ਵਲੋਂ ਵੀ ਬਹੁਤੀ ਵਾਰ ਧੜੇਬੰਦੀ ਅਧੀਨ ਹੀ ਅਜਿਹੇ ਸਾਂਝੇ ਕੰਮਾਂ ਵਿੱਚ ਰੁਕਾਵਟਾਂ ਖੜੀਆ ਕਰ ਦਿੱਤੀਆ ਜਾਂਦੀਆ ਹਨ ਜੋ ਆਮ ਲੋਕਾਂ ਲਈ ਮੁਸੀਬਤਾਂ ਦਾ ਘਰ ਬਣ ਜਾਂਦੀਆ ਹਨ।
ਅਜੇ ਤੱਕ ਸੂਬਾਈ ਸਰਕਾਰਾਂ ਜਾਂ ਕੇਦਰ ਸਰਕਾਰ ਵਲੋਂ ਪਿੰਡਾਂ ਵਿੱਚੋਂ ਪਾਣੀ ਨਿਕਾਸੀ ਦੇ ਵਧੀਆ ਪ੍ਰਬੰਧ ਲਈ ਕੋਈ ਵੀ ਵੱਡੀ ਯੋਜਨਾ ਉਲੀਕੀ ਹੀ ਨਹੀ ਗਈ ਜਿਸ ਕਾਰਨ ਇਹ ਸਮੱਸਿਆ ਨਿਰੰਤਰ ਵਧਦੀ ਦਿਖਾਈ ਦਿੰਦੀ ਹੈ। ਇਸ ਲਈ ਸਰਕਾਰਾਂ ਨੂੰ ਚਾਹਿਦਾ ਹੈ ਕਿ ਪਿੰਡਾਂ ਵਿੱਚ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਪਾਣੀ ਨਿਕਾਸੀ ਦੀ ਸਮੱਸਿਆ ਵੱਲ ਉਚੇਚੇ ਤੌਰ ਤੇ ਧਿਆਨ ਦੇ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਦੁਰਗੰਧ ਭਰੇ ਵਾਤਾਵਰਨ ਵਿੱਚ ਰਹਿਣ ਤੋਂ ਛੁਟਕਾਰਾ ਮਿਲ ਸਕੇ ਅਤੇ ਇੱਥੇ ਗੰਭੀਰ ਬਿਮਾਰੀਆਂ ਦੇ ਪੈਦਾ ਹੋਣ ਦਾ ਖ਼ਦਸਾ ਵੀ ਨਾ ਰਹੇ।
ਏਲਨਾਬਾਦ, ਸਿਰਸਾ ( ਹਰਿਆਣਾ )
ਸੰਪਰਕ–94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.