ਭਾਜਪਾ ਦੇ ਸੰਸਦ ਮੈਂਬਰਾਂ ਦਾ ਕੀਤਾ ਜਾਵੇਗਾ ਘਿਰਾਓ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਪੰਜਾਬ ਦੀ ਕਿਸਾਨ ਜਥੇਬੰਦੀਆਂ ਵਲੋਂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਹੁਣ ਤੋਂ ਬਾਅਦ ਕੋਈ ਵੀ ਭਾਜਪਾ ਲੀਡਰ ਜਾਂ ਫਿਰ ਵਰਕਰ ਨਾਲ ਕਿਸਾਨ ਜਥੇਬੰਦੀਆਂ ਕੋਈ ਵੀ ਰਾਬਤਾ ਨਾ ਰੱਖਣ ਦੇ ਨਾਲ ਹੀ ਉਨਾਂ ਦਾ ਪਿੰਡਾਂ ‘ਚ ਦਾਖਲਾ ਰੋਕਿਆ ਜਾਵੇਗਾ । ਭਾਜਪਾ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਵਿਧਾਇਕਾਂ ਅਤੇ ਜਿਲਾ ਪ੍ਰਧਾਨਾਂ ਤੋਂ ਲੈ ਕੇ ਬਲਾਕ ਪ੍ਰਧਾਨਾ ਦੇ ਘਰਾਂ ਨੂੰ ਘੇਰਦੇ ਹੋਏ ਉਨਾਂ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਐਲਾਨ ਪੰਜਾਬ ਦੀ ਸਾਰੀਆ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਹੈ। ਇਸ ਐਲਾਨ ਬਾਰੇ 21 ਤੋਂ ਜਿਆਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਨੇ ਕਿਸਾਨੀ ਦੇ ਖ਼ਿਲਾਫ਼ ਕਾਲੇ ਕਾਨੂੰਨਾਂ ਨੂੰ ਪਾਸ ਕਰਦੇ ਹੋਏ ਬਹੁਤ ਹੀ ਮਾੜਾ ਕੰਮ ਕੀਤਾ ਹੈ।
ਇਸ ਮਾਮਲੇ ਵਿੱਚ ਪੰਜਾਬ ਦੇ ਭਾਜਪਾ ਆਗੂ ਕੇਂਦਰ ਸਰਕਾਰ ਨੂੰ ਸਮਝਾਉਣ ਦੀ ਥਾਂ ‘ਤੇ ਉਹ ਕਿਸਾਨਾਂ ਨੂੰ ਹੀ ਸਮਝਾਉਣ ਵਿੱਚ ਲਗੇ ਹੋਏ ਹਨ ਕਿ ਇਹ ਐਕਟ ਕਿਸਾਨ ਹਿਤੈਸ਼ੀ ਹਨ। ਉਨਾਂ ਕਿਹਾ ਕਿ ਇਹੋ ਜਿਹੇ ਆਗੂਆਂ ਦੀ ਕਿਸਾਨ ਅਤੇ ਪਿੰਡਾਂ ਦੇ ਲੋਕਾਂ ਨੂੰ ਜਰੂਰਤ ਨਹੀਂ ਹੈ। ਜਿਸ ਕਾਰਨ ਹੀ ਇਨਾਂ ਭਾਜਪਾ ਆਗੂਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ‘ਚ ਭਾਜਪਾ ਸੰਸਦ ਮੈਂਬਰਾਂ ਸਣੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਿਸਾਨਾਂ ਵਲੋਂ ਕੀਤਾ ਜਾਏਗਾ। ਇਸ ਦੇ ਨਾਲ ਹੀ ਜਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਸਣੇ ਅਹਿਮ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.