3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਵਿਸ਼ੇਸ਼ ਜਮਾਤਾਂ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਉਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ ਆਰੰਭ ਕੀਤੀ ਜਾ ਰਹੀ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ, ਜ਼ਿੰਦਗੀ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਸ ਵਿਸ਼ੇ ਲਈ ‘ਸਵਾਗਤ ਜ਼ਿੰਦਗੀ’ ਸਿਰਲੇਖ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਜਮਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਸਿੱਖਿਆ ਵਿਭਾਗ ‘ਚ ਸੇਵਾਵਾਂ ਨਿਭਾ ਰਹੇ ਨਾਮਵਰ ਲਿਖਾਰੀਆਂ ਦੇ ਲੇਖਾਂ ‘ਤੇ ਅਧਾਰਤ ਚਾਰ ਪੁਸਤਕਾਂ ਲਾਇਬਰੇਰੀਆਂ ਲਈ ‘ਜਿਉਣ ਦਾ ਹੁਨਰ’ ਸਿਰਲੇਖ ਹੇਠ ਤਿਆਰ ਕੀਤੀਆਂ ਗਈਆਂ ਹਨ। ਜੋ ਰਾਜ ਦੇ ਹਰੇਕ ਸਰਕਾਰੀ ਸਕੂਲ ਦੀ ਲਾਇਬਰੇਰੀ ‘ਚ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਵੀ ਬਹੁਤ ਜਰੂਰੀ ਹਨ। ਅਜੋਕੇ ਸਮੇਂ ‘ਚ ਬੱਚਿਆਂ ਨੂੰ ਜੀਵਨ ਜਾਂਚ ਸਿਖਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉੱਦਮ ਕੀਤਾ ਗਿਆ ਹੈ, ਜਿਸ ਤਹਿਤ ‘ਸਵਾਗਤ ਜ਼ਿੰਦਗੀ’ ਨਾਮ ਦਾ ਵਿਸ਼ਾ ਆਰੰਭ ਕੀਤਾ ਗਿਆ ਹੈ।
ਇਸ ਸਬੰਧੀ ਵਿਭਾਗ ਵੱਲੋਂ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਬਹੁਤ ਹੀ ਮਿਆਰੀ ਪੁਸਤਕਾਂ ਤਿਆਰ ਕਰਵਾਈਆਂ ਗਈਆਂ ਹਨ। ਜੋ ਬਹੁਤ ਹੀ ਰੋਚਕ ਤਰੀਕੇ ਨਾਲ ਹਰ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੱਧਰ ਅਨੁਸਾਰ ਜੀਵਨ ਜਾਂਚ ਸਿਖਾਉਣ ‘ਚ ਸਹਾਈ ਹੋਣਗੀਆਂ। ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿੰਗ ਲਈ ਡਾ. ਦਵਿੰਦਰ ਬੋਹਾ, ਛੇਵੀਂ ਤੋਂ 10ਵੀਂ ਜਮਾਤ ਲਈ ਅਦਿੱਤੀ ਬਾਂਸਲ ਕੋਆਰਡੀਨੇਟਰ, 11ਵੀਂ ਤੇ 12ਵੀਂ ਜਮਾਤ ਲਈ ਡਾ. ਪਰਮਜੀਤ ਕਲਸੀ ਕੋਆਰਡੀਨੇਟਰ ਦੀ ਜਿੰਮੇਵਾਰੀ ਨਿਭਾ ਰਹੇ ਹਨ।
‘ਸਵਾਗਤ ਜ਼ਿੰਦਗੀ’ ਪ੍ਰੋਜੈਕਟ ਕੋਆਰਡੀਨੇਟਰ ਸ੍ਰੀਮਤੀ ਨਿਰਮਲ ਸਹਾਇਕ ਨਿਰਦੇਸ਼ਕਾ ਅਨੁਸਾਰ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ ‘ਤੇ ਹਫਤੇ ‘ਚ ਇੱਕ ਘੰਟੇ ਦਾ ਵਿਸ਼ੇਸ਼ ਲੈਕਚਰ ਚਲਾਇਆ ਜਾਵੇਗਾ। ਜੋ ਵੱਖ-ਵੱਖ ਜਮਾਤਾਂ ਨਾਲ ਸਬੰਧਤ ਹੋਵੇਗਾ। ਦੂਰਦਰਸ਼ਨ ਲਈ ਵਿਸ਼ੇਸ਼ ਲੈਕਚਰ ਤਿਆਰ ਕਰਨ ਲਈ 6ਵੀਂ ਤੋਂ 12ਵੀ ਤੱਕ ਮਾ. ਬਲਵਿੰਦਰ ਸਿੰਘ ਬੁਢਲਾਡਾ, ਡਾ. ਕਰਣਬੀਰ ਕੌਰ ਮੋਹਾਲੀ, ਡਾ. ਪਰਮਜੀਤ ਕਲਸੀ ਗੀਗੇ ਮਾਜਰਾ ਤੇ ਲੈਕਚਰਾਰ ਡਾ. ਰਵਨੀਤ ਕੌਰ ਮੁੱਲਾਂਪੁਰ ਦੂਰਦਰਸ਼ਨ ‘ਤੇ ਅਧਾਰਤ ਟੀਮ ਕੰਮ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.