ਸੈਂਕੜੇ ਵਰਕਰਾਂ ਵੱਲੋਂ ਮੰਗਾਂ ਸਬੰਧੀ ਰੋਸ਼ ਪ੍ਰਦਰਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਪਣੀਆਂ ਮੰਗਾਂ ਸਬੰਧੀ ਮੋਤੀ ਮਹਿਲ ਵੱਲ ਕੂਚ ਕਰਨ ਜਾ ਰਹੀਆਂ ਆਸ਼ਾ ਵਰਕਰਾਂ ਦੀ ਪੁਲਿਸ ਨਾਲ ਹੋਈ ਧੱਕਾ-ਮੁੱਕੀ ਹੋਈ ਦੌਰਾਨ ਆਸ਼ਾ ਵਰਕਰਾਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਵੱਧਣ ਦਾ ਯਤਨ ਕੀਤਾ ਗਿਆ, ਪਰ ਮਹਿਲਾ ਪੁਲਿਸ ਵੱਲੋਂ ਉਨ੍ਹਾਂ ਨੂੰ ਧੱਕ ਕੇ ਪਿੱਛੇ ਸੁੱਟ ਦਿੱਤਾ ਗਿਆ ਜਿਸ ਕਾਰਨ ਕਈ ਆਸ਼ਾ ਵਰਕਰਾਂ ਹੇਠਾਂ ਡਿੱਗ ਗਈਆਂ। ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਹੋਇਆ ਸੀ।
ਜਾਣਕਾਰੀ ਅਨੁਸਾਰ ਆਪਣੀਆਂ ਮੰਗਾਂ ਸਬੰਧੀ ਪੰਜਾਬ ਭਰ ‘ਚੋਂ ਆਸ਼ਾ ਵਰਕਰਾਂ ਪਹਿਲਾਂ ਬੱਸ ਸਟੈਂਡ ਨੇੜੇ ਪੁਲ ਹੇਠਾਂ ਇਕੱਠੀਆਂ ਹੋਈਆਂ। ਇਸ ਮੌਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ, ਕਸ਼ਮੀਰ ਕੌਰ, ਸੰਤੋਸ਼ ਕੁਮਾਰੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਕੋਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ ਆਪਣੀ ਡਿਊਟੀ ‘ਤੇ ਡਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਸਾਨੂੰ ਕੋਰੋਨਾ ਭੱਤਾ ਹੀ ਦਿੱਤਾ ਗਿਆ ਹੈ ਜਦਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਆਸ਼ਾ ਵਰਕਰਾਂ ਨੂੰ ਚਾਰ ਹਜਾਰ ਰੁਪਏ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰੇ ਅਤੇ ਉਨ੍ਹਾਂ ਦੀ ਬੱਝਵੀ ਤਨਖਾਹ ਪੰਦਰਾਂ ਹਜਾਰ ਰੁਪਏ ਦੇਵੇ। ਜੇਕਰ ਅਜੇ ਸਰਕਾਰ ਦੀ ਸਥਿਤੀ ਠੀਕ ਨਹੀਂ ਤਾ ਘੱਟੋ ਘੱਟ ਉਨ੍ਹਾਂ ਨੂੰ ਚਾਰ ਹਜਾਰ ਰੁਪਏ ਤਨਖਾਹ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਮਾਰਟ ਫੋਨ, ਟੇਬਲੈਟ ਸਮੇਤ ਟੂਰ ਮਨੀ ਦੇਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਦਰਜ਼ਾ ਚਾਰ ਵਜੋਂ ਨਿਯੁਕਤ ਕੀਤਾ ਜਾਵੇ। ਤਕਰੀਰਾਂ ਤੋਂ ਬਾਅਦ ਸੈਂਕੜੇ ਆਸ਼ਾ ਵਰਕਰਾਂ ਵੱਲੋਂ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਜਦੋਂ ਇਹ ਆਸ਼ਾ ਵਰਕਰਾਂ ਪੋਲੋ ਗਰਾਊਂਡ ਨੇੜੇ ਪੁੱਜੀਆਂ ਤਾਂ ਉੱਥੇ ਪੁਲਿਸ ਬੇਰੀਗੇਟ ਲਾਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਵੱਡੀ ਗਿਣਤੀ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ। ਗੁੱਸੇ ਵਿੱਚ ਆਈਆਂ ਆਸ਼ਾ ਵਰਕਰਾਂ ਵੱਲੋਂ ਬੇਰੀਕੇਡ ਤੋੜ ਕੇ ਅੱਗੇ ਵੱਧਣ ਦਾ ਯਤਨ ਕੀਤਾ ਗਿਆ ਤਾਂ ਪੁਲਿਸ ਨਾਲ ਧੱਕਾ ਮੁੱਕੀ ਹੋਈ। ਮਹਿਲਾ ਪੁਲਿਸ ਵੱਲੋਂ ਡੰਡੇ ਜੋੜ ਕੇ ਪਿੱਛੇ ਧੱਕਣ ਦਾ ਯਤਨ ਕੀਤਾ ਗਿਆ,
ਜਿਸ ਵਿੱਚ ਕਈ ਆਸ਼ਾ ਵਰਕਰਾਂ ਹੇਠਾਂ ਡਿੱਗ ਗਈਆਂ। ਉਂਜ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਧਾਰਾ 144 ਲੱਗੀ ਹੋਣ ਸਮੇਤ ਕੋਵਿਡ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਆਸ਼ਾ ਵਰਕਰਾਂ ਨੂੰ ਅੱਗੇ ਨਾ ਵੱਧਣ ਲਈ ਕਿਹਾ ਗਿਆ, ਪਰ ਇਨ੍ਹਾਂ ਵੱਲੋਂ ਗੱਲ ਨੂੰ ਅਣਸੁਣਿਆ ਕੀਤਾ ਗਿਆ। ਮਹੌਲ ਜਿਆਦਾ ਤਨਾਅਪੂਰਨ ਹੁੰਦਾ ਦੇਖ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਆਸ਼ਾ ਵਰਕਰਾਂ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਪੁੱਜੀਆਂ ਹੋਈਆਂ ਸਨ।
5 ਅਕਤੂਬਰ ਦੀ ਸਿਹਤ ਮੰਤਰੀ ਨਾਲ ਮੀਟਿੰਗ ਤੈਅ
ਆਸ਼ਾ ਵਰਕਰਾਂ ਦੇ ਰੋਹ ਨੂੰ ਦੇਖਿਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਿਖਤੀ ਤੌਰ ‘ਤੇ 5 ਅਕਤੂਬਰ ਨੂੰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਦਿੱਤਾ ਗਿਆ। ਇਸ ਤੋਂ ਬਾਅਦ ਆਗੂਆਂ ਵੱਲੋਂ ਸਮੂਹ ਆਸ਼ਾ ਵਰਕਰਾਂ ਨੂੰ ਇਹ ਸੁਣਾਇਆ ਗਿਆ। ਉਨ੍ਹਾਂ ਮੌਕੇ ‘ਤੇ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 5 ਅਕਤੂਬਰ ਨੂੰ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਸ ਤੋਂ ਬਾਅਦ ਇੱਥੇ ਹੀ ਮੁੜ ਗੱਜਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.