ਅਰਵਿੰਦ ਕੇਜਰੀਵਾਲ ਨੇ ਪੱਤਰ ਲਿਖਦੇ ਹੋਏ ਕੀਤੀ ਸਖ਼ਤੀ ਕਰਨ ਦੀ ਮੰਗ
ਕੇਂਦਰੀ ਮੰਤਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਤੋਂ ਵੀ ਕੀਤੀ ਕਾਰਵਾਈ ਦੀ ਮੰਗ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖਦੇ ਹੋਏ ਮੰਗ ਕਰ ਦਿੱਤੀ ਹੈ ਕਿ ਉਹ ਕਿਸਾਨਾਂ ‘ਤੇ ਇਸ ਸਬੰਧ ਵਿੱਚ ਸਖ਼ਤੀ ਕਰਨਗੇ ਤਾਂ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ ਦਿੱਲੀ ਨੂੰ ਪਰੇਸ਼ਾਨੀ ਨਾ ਹੋਵੇ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਹੀ ਮੁੱਖ ਮੰਤਰੀ ਤੋਂ ਇਸ ਤਰਾਂ ਦੀ ਮੰਗ ਨਹੀਂ ਕੀਤੀ ਹੈ, ਸਗੋਂ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਤੋਂ ਵੀ ਇਸ ਸਬੰਧੀ ਮੰਗ ਕਰ ਦਿੱਤੀ ਹੈ ਤਾਂ ਕਿ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।
ਅਰਵਿੰਦ ਕੇਜਰੀਵਾਲ ਵਲੋਂ ਇਹ ਮੰਗ ਉਸ ਸਮੇਂ ਕੀਤੀ ਗਈ ਹੈ, ਜਦੋਂ ਦੇਸ਼ ਭਰ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਕਿਸਾਨ ਸੜਕਾਂ ‘ਤੇ ਉੱਤਰਦੇ ਹੋਏ ਪ੍ਰਦੂਸ਼ਣ ਕਰਨ ਵਿੱਚ ਲੱਗਿਆ ਹੋਇਆ ਹੈ। ਇਹੋ ਜਿਹੇ ਮੌਕੇ ਅਰਵਿੰਦ ਕੇਜਰੀਵਾਲ ਦੀ ਇਹ ਮੰਗ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ।
ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸਖ਼ਤੀ ਕਰਦੀ ਵੀ ਨਜ਼ਰ ਨਹੀਂ ਆਏਗੀ, ਕਿਉਂਕਿ ਕੇਂਦਰ ਸਰਕਾਰ ਵਲੋਂ ਪਾਸ ਕਰਵਾਏ ਗਏ ਕਿਸਾਨੀ ਬਿਲਾ ਦੇ ਖ਼ਿਲਾਫ਼ ਪੰਜਾਬ ਸਰਕਾ ਵੀ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ, ਇਹੋ ਜਿਹੇ ਸਮੇਂ ਪਰਾਲੀ ਸਾੜਨ ਨੂੰ ਲੈ ਕੇ ਕੋਈ ਵੀ ਸਖ਼ਤੀ ਪੰਜਾਬ ਸਰਕਾਰ ਨਹੀਂ ਕਰਦੀ ਨਜ਼ਰ ਆਏਗੀ, ਜਿਸ ਨਾਲ ਸਰਕਾਰ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਫਸਲ ਦੀ ਰਹਿੰਦ ਖ਼ੁਰਦ ਨੂੰ ਇਸਤੇਮਾਲ ਵਿੱਚ ਕਰਨ ਦੀ ਥਾਂ ‘ਤੇ ਸਾੜ ਦਿੱਤਾ ਜਾਂਦਾ ਹੈ,
ਜਦੋਂ ਕਿ ਇਸ ਰਹਿੰਦ ਖ਼ੁਰਦ ਨੂੰ ਆਈਸੀਏਆਰ ਭਾਰਤੀ ਐਗਰੀਕਲਚਰ ਰਿਸਰਚ ਇੰਸਟੀਚਿਊਟ ਵਲੋਂ ਵਿਕਸਿਤ ਕੀਤੀ ਗਈ ਤਕਨੀਕ ਅਤੇ ਮਸ਼ੀਨਰੀ ਨੂੰ ਵਰਤੋਂ ਵਿੱਚ ਲਿਆਇਆ ਜਾਵੇ ਤਾਂ ਕਿ ਕਿਸਾਨਾਂ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਖ਼ੁਰਦ ਨੂੰ ਸਾੜਨ ਦੀ ਥਾਂ ਉਸ ਦਾ ਵੀ ਇਸਤੇਮਾਲ ਕਰ ਸਕਣ ਅਤੇ ਦਿੱਲੀ ਤੋਂ ਵੀ ਇਸ ਅੱਗ ਲੱਗਣ ਨਾਲ ਹੋਣ ਵਾਲੇ ਪ੍ਰਦੂਸ਼ਨ ਤੋਂ ਬਚਾਇਆ ਜਾ ਸਕੇ। ਅਰਵਿੰਦ ਕੇਜਰੀਵਾਲ ਦੇ ਇਸ ਪੱਤਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ ਪਰ ਸੂਬੇ ਵਿੱਚ ਚਲ ਰਹੇ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਇਸ ਮਾਮਲੇ ਵਿੱਚ ਹਾਲ ਫਿਲਹਾਲ ਕੋਈ ਵੀ ਸਖ਼ਤੀ ਕਰਦੀ ਸੂਬਾ ਸਰਕਾਰ ਨਜ਼ਰ ਨਹੀਂ ਆਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.