ਖੇਤੀ ਆਰਡੀਨੈੱਸਾਂ ਦੇ ਖਿਲਾਫ਼ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀ ਕੀਤੀਆਂ ਮੁਕੰਮਲ
ਫਿਰੋਜ਼ਪੁਰ, (ਸਤਪਾਲ ਥਿੰਦ)। ਖੇਤੀ ਆਰਡੀਨੈੱਸਾਂ ਦੇ ਵਿਰੋਧ ‘ਚ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ, ਜਿਸ ਦੇ ਖਿਲਾਫ਼ ਪੰਜਾਬ ‘ਚ ਵਿੱਢਿਆ ਗਿਆ ਸੰਘਰਸ਼ ਤਿੱਖੇ ਅੰਦੋਲਨ ‘ਚ ਬਦਲਦਾ ਜਾ ਰਿਹਾ ਹੈ। ਇਨ੍ਹਾਂ ਆਰਡੀਨੈੱਸਾਂ ਦੇ ਵਿਰੋਧ ‘ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ 25 ਸਤੰਬਰ ਨੂੰ ਜਿੱਥੇ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਉਸ ਤੋਂ ਪਹਿਲਾ ਕੁਝ ਕਿਸਾਨ ਜੱਥੇਬੰਦੀਆਂ ਵੱਲੋਂ 24 ਸਤੰਬਰ ਨੂੰ ਰੇਲਾਂ ਵੀ ਰੋਕਣ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਸਬੰਧੀ ਭਾਵੇਂ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਪਰ ਇਸ ਅੰਦੋਲਨ ਕਾਰਨ ਯਾਤਰੀਆਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਪਹਿਲਾਂ ਹੀ ਰੇਲਵੇ ਮੰਡਲ ਫਿਰੋਜ਼ਪੁਰ ਵੱਲੋਂ ਵੱਖ-ਵੱਖ ਰੂਟਾਂ ‘ਤੇ ਜਾਣ ਵਾਲੀਆਂ ਰੇਲਾਂ ਨੂੰ 24, 25 ਅਤੇ 26 ਸਤੰਬਰ ਲਈ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਹੋਈ ਮੀਟਿੰਗ ਦੌਰਾਨ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ 24 ਸਤੰਬਰ ਤੋਂ 26 ਸਤੰਬਰ ਦੇ ਵਿਚਕਾਰ ਰੇਲ ਰੋਕਣ ਦਾ ਐਲਾਨ ਕੀਤਾ ਹੈ, ਜਿਸ ਨੂੰ ਲੈ ਕੇ ਮੰਡਲ ਦਫਤਰ ਫਿਰੋਜਪੁਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਫਿਰੋਜਪੁਰ ਗੁਰਪਾਲ ਸਿੰਘ ਚਾਹਲ, ਐੱਸਐੱਸਪੀ ਫਿਰੋਜਪੁਰ ਭੁਪਿੰਦਰ ਸਿੰਘ, ਵਧੀਕ ਮੰਡਲ ਰੇਲਵੇ ਮੈਨੇਜਰ ਸੁਖਵਿੰਦਰ ਸਿੰਘ, ਸੀਨੀਅਰ ਡਵੀਜਨਲ ਸੁਰੱਖਿਆ ਕਮਿਸ਼ਨਰ ਅਸ਼ੀਸ ਕੁਮਾਰ ਅਤੇ ਹੋਰ ਅਧਿਕਾਰੀ ਮੌਜ਼ੂਦ ਸਨ।
ਇਸ ਬੈਠਕ ‘ਚ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਕਿ ਫਿਰੋਜ਼ਪੁਰ ਡਵੀਜਨ ਤੋਂ ਚੱਲਣ ਵਾਲੀਆਂ ਸਾਰੀਆਂ ਵਿਸ਼ੇਸ਼ ਯਾਤਰੀ ਰੇਲ ਗੱਡੀਆਂ 24 ਸਤੰਬਰ ਨੂੰ ਸਵੇਰੇ 6 ਵਜੇ ਤੋਂ ਰੱਦ ਕਰ ਦਿੱਤੀਆਂ ਹਨ। Àੁੱਧਰ ਕਿਸਾਨ ਆਗੂਆਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਅੰਦੋਲਨ ਤਹਿਤ 24 ਸਤੰਬਰ ਤੋਂ ਰੇਲ ਰੋਕਣ ਲਈ ਤਿਆਰੀਆਂ ਵੱਡੇ ਪੱਧਰ ਤੇ ਮੁਕੰਮਲ ਕਰ ਲਈ ਗਈਆਂ ਹਨ, ਜਿਸ ਵਿੱਚ ਪਿੰਡਾਂ ਵਿੱਚੋਂ ਵੱਡੀ ਗਿਣਤੀ ‘ਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਦੀ ਸ਼ਮੂਲੀਅਤ ਹੋਵੇਗੀ ।
ਇਹਨਾਂ 14 ਰੇਲਾਂ ਨੂੰ ਕੀਤਾ ਗਿਆ ਰੱਦ
- 1. 02903/02904 ਅੰਮ੍ਰਿਤਸਰ-ਮੁੰਬਈ ਸੈਂਟਰਲ
- 2. 02357/02358 ਅੰਮ੍ਰਿਤਸਰ-ਕੋਲਕਾਤਾ
- 3. 02407/02408 ਅੰਮ੍ਰਿਤਸਰ-ਨਿਊ ਜਲਪਾਈਗੁਡੀ
- 4. 02925/02926 ਅੰਮ੍ਰਿਤਸਰ-ਬਾਂਦਰਾ ਟਰਮਿਨਸ
- 5. 02715/02716 ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ
- 6. 02053/02054 ਅੰਮ੍ਰਿਤਸਰ-ਹਰਿਦੁਆਰ
- 7. 04673/04674 ਅੰਮ੍ਰਿਤਸਰ-ਜੈਨਗਰ
- 8. 04649/04650 ਅੰਮ੍ਰਿਤਸਰ-ਜੈਨਗਰ
- 9. 02425/02426 ਜੰਮੂ ਤਵੀ-ਨਵੀਂ ਦਿੱਲੀ
- 10. 05933/05934 ਅਮ੍ਰਿਤਸਰ – ਡਿਬੂਗੜ੍ਹ
- 11. 03307/03308 ਫਿਰੋਜਪੁਰ ਕੈਂਟ-ਧਨਬਾਦ
- 12. 04653/04654 ਅਮ੍ਰਿਤਸਰ- ਨਿਊ ਜਲਪਾਈਗੁਡੀ
- 13. 04651/04652 ਅੰਮ੍ਰਿਤਸਰ- ਜੈਨਗਰ
- 14. 09025/09026 ਅੰਮ੍ਰਿਤਸਰ – ਬਾਂਦਰਾ ਟਰਮਿਨਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.