ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਪੰਚਾਇਤਾਂ ਨੂੰ ਜ਼ੋਰਦਾਰ ਥਾਪੜਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਦੀ ਬੇਚੈਨੀ ਦਾ ਸਬੱਬ ਬਣੇ ਖੇਤੀ ਦੇ ਇੰਨ੍ਹਾਂ ਤਿੰਨੇ ਕੇਂਦਰੀ ਬਿੱਲਾਂ ਦਾ ਰਾਹ ਰੋਕਣ ਲਈ ਹੁਣ ਪੰਚਾਇਤਾਂ ਨੇ ਇੱਕ ਨਵੀਂ ਯੋਜਨਾ ਬਣਾਈ ਹੈ ਖੇਤੀ ਬਿੱਲਾਂ ਖਿਲਾਫ਼ ਕਾਨੂੰਨੀ ਸ਼ਿਕੰਜ਼ਾ ਕਸਣ ਲਈ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਸੱਦਣ ਦਾ ਫੈਸਲਾ ਕੀਤਾ ਹੈ, ਪੰਜਾਬ ਵਿੱਚ ਇੰਨ੍ਹਾਂ ਗ੍ਰਾਮ ਸਭਾਵਾਂ ਨੂੰ ਸੱਦਣ ਦੀ ਪਹਿਲ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀਆਂ ਕਈ ਪੰਚਾਇਤਾਂ ਵੱਲੋਂ ਕੀਤੀ ਗਈ ਹੈ ਇਨ੍ਹਾਂ ਪੰਚਾਇਤਾਂ ਵਿੱਚ ਸੰਗਰੂਰ ਦੇ ਪਿੰਡ ਘਰਾਚੋਂ, ਛਾਹੜ, ਛਾਜਲੀ, ਮਹਿਲਾਂ ਚੌਕ ਬਰਨਾਲਾ ਜ਼ਿਲ੍ਹੇ ਦੇ ਕਾਹਨੇਕੇ, ਉੱਗੋਕੇ ਸਮੇਤ ਹੋਰ ਕਈ ਪਿੰਡ ਹਨ ਜਿਨ੍ਹਾਂ ਵਿੱਚ ਪੰਚਾਇਤਾਂ ਨੇ ਗ੍ਰਾਮ ਸਭਾਵਾਂ ਸੱਦ ਲਈਆਂ ਹਨ ਅਤੇ ਇਨ੍ਹਾਂ ਸਭਾਵਾਂ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਖਿਲਾਫ਼ ਵੋਟਿੰਗ ਕਰਵਾਈ ਜਾਵੇਗੀ ਇਨ੍ਹਾਂ ਸਾਰੀਆਂ ਪੰਚਾਇਤਾਂ ਨੂੰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਥਾਪੜਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਹਰ ਪੱਧਰ ‘ਤੇ ਮੱਦਦ ਕੀਤੀ ਜਾਵੇਗੀ
ਅੱਜ ਸਥਾਨਕ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਛਾਹੜ ਦੇ ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਪਾਣੀ ਸਿਰ ਉਪਰੋਂ ਲੰਘ ਗਿਆ ਹੈ ਤਾਂ ਉਨ੍ਹਾਂ ਨੇ ਆਪਣੇ ਪਿੰਡ ਛਾਹੜ ਦੀ ਗ੍ਰਾਮ ਸਭਾ ਸੱਦ ਲਈ ਹੈ ਉਨ੍ਹਾਂ ਗ੍ਰਾਮ ਸਭਾ ਦੀ ਸਾਰੀ ਮੁਢਲੀ ਪ੍ਰਕ੍ਰਿਆ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਕੋਈ ਵੀ ਪੰਚਾਇਤ ਕਿਸੇ ਮੁੱਦੇ ‘ਤੇ ਗ੍ਰਾਮ ਸਭਾ ਸੱਦ ਸਕਦੀ ਹੈ
ਇਸ ਗ੍ਰਾਮ ਸਭਾ ਵਿੱਚ ਪਿੰਡ ਦਾ ਹਰ ਵੋਟਰ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੁੰਦੀ ਹੈ ਆਪਣੇ ਆਪ ਹੀ ਇਸ ਦਾ ਮੈਂਬਰ ਨਾਮਜ਼ਦ ਹੋ ਜਾਂਦਾ ਹੈ ਇਸ ਪਿੱਛੋਂ ਕਿਸੇ ਵੀ ਮੁੱਦੇ ‘ਤੇ ਵੋਟਿੰਗ ਕਰਵਾਈ ਜਾਂਦੀ ਹੈ ਅਤੇ ਨਤੀਜਾ ਕੱਢਿਆ ਜਾਂਦਾ ਹੈ ਅਤੇ ਇਸ ਸਾਰੀ ਪ੍ਰਕ੍ਰਿਆ ਨੂੰ ਪੰਚਾਇਤ ਦੇ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਂਦਾ ਹੈ ਇਹ ਕਾਨੂੰਨੀ ਦਸਤਾਵੇਜ਼ ਬਣ ਸਕਦਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਇਹ ਦਸਤਾਵੇਜ਼ ਪ੍ਰਵਾਨ ਹੁੰਦਾ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਲੋਕਾਂ ਦੀ ਰਾਇ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਸਮੁੱਚੇ ਪਿੰਡ ਛਾਹੜ ਦੇ ਵੋਟਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦੇ ਖਿਲਾਫ਼ ਵੋਟਾਂ ਪਾਉਣਗੇ
ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਪਿੰਡ ਦੀ ਗ੍ਰਾਮ ਸਭਾ ਸੱਦ ਲਈ ਹੈ ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਬੁਲਾਉਣ ਲਈ 7 ਦਿਨ ਪਹਿਲਾਂ ਪਿੰਡ ਵਿੱਚ ਮੁਨਿਆਦੀ ਕਰਵਾਉਣੀ ਪੈਂਦੀ ਹੈ ਜਾਂ ਢੋਲ ਵਗੈਰਾ ਵਜਾ ਕੇ ਲੋਕ ਨੂੰ ਗ੍ਰਾਮ ਸਭਾ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਪਿੱਛੋਂ ਸਾਰੀ ਪ੍ਰਕ੍ਰਿਆ ਹੁੰਦੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਸਬੰਧੀ ਸਮੁੱਚਾ ਪਿੰਡ ਇਕਜੁਟ ਹੈ ਅਤੇ ਗ੍ਰਾਮ ਸਭਾ ਵਿੱਚ ਇਸ ਖਿਲਾਫ਼ ਮਤੇ ਪਾਏ ਜਾਣਗੇ
ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ : ਭਗਵੰਤ ਮਾਨ
ਪੰਚਾਇਤਾਂ ਵੱਲੋਂ ਗਾ੍ਰਮ ਸਭਾ ਬੁਲਾਉਣ ਦੇ ਤੇਜ਼ ਹੋ ਰਹੇ ਰੁਝਾਨ ਸਬੰਧੀ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਪੰਚਾਇਤਾਂ ਜਾਗ੍ਰਿਤ ਹੋ ਰਹੀਆਂ ਹਨ ਕੇਂਦਰ ਸਰਕਾਰ ਵੱਲੋਂ ਜਦੋਂ ਖੇਤੀ ਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਸੰਸਦ ਦੇ ਦੋਵੇਂ ਸਦਨਾਂ ਵਿੱਚ ਪਾਸ ਕਰ ਦਿੱਤਾ ਤਾਂ ਲੋਕਾਂ ਨੂੰ ਆਪਣਾ ਪੱਖ ਕਾਨੂੰਨੀ ਤੌਰ ‘ਤੇ ਮਜ਼ਬੂਤ ਕਰਨ ਲਈ ਗਾ੍ਰਮ ਸਭਾ ਬੁਲਾਉਣ ਵਰਗੇ ਕਦਮ ਚੁੱਕਣੇ ਪੈਣਗੇ ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਵੱਲੋਂ ਬਹੁਮਤ ਨਾਲ ਪਾਏ ਮਤਿਆਂ ਨੂੰ ਅਸੀਂ ਮਾਣਯੋਗ ਅਦਾਲਤਾਂ ਵਿੱਚ ਪੇਸ਼ ਕਰਾਂਗੇ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਨਿਆਂਪਾਲਿਕਾ ਨੂੰ ਅਪੀਲ ਕਰਾਂਗੇ
ਉਨ੍ਹਾਂ ਕਿਹਾ ਕਿ ਗਾ੍ਰਮ ਸਭਾ ਇੱਕ ਬਹੁਤ ਵੱਡਾ ਸਬੂਤ ਹੁੰਦਾ ਹੈ ਜਿਸ ਨੂੰ ਕੋਈ ਵੀ ਅਣਦੇਖਿਆ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪੋ ਆਪਣੇ ਪਿੰਡਾਂ ਵਿੱਚ ਗਾ੍ਰਮ ਸਭਾਵਾਂ ਦੇ ਇਜਲਾਸ ਫੌਰੀ ਸੱਦਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.