ਹੁਣ ਪੰਜਾਬ ਅੰਦਰ ਪੂੰਜੀਪਤੀ ਘਰਾਣਿਆਂ ਦੇ ਕਾਰੋਬਾਰਾਂ ਖਿਲਾਫ਼ ਉੱਠਣ ਲੱਗੀ ਅਵਾਜ਼

ਸ਼ੋਸਲ ਮੀਡੀਆ ‘ਤੇ ਅੰਬਾਨੀਆਂ ਦੇ ਰਿਲਾਇਸ ਪੰਪਾਂ ਅਤੇ ਜੀਓ ਸਿਮਾਂ ਦੇ ਬਾਈਕਾਟ ਦੀ ਮੁਹਿੰਮ ਨੇ ਜੋਰ ਫੜਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੇ ਵਿਰੋਧ ਦੇ ਚੱਲਦਿਆਂ ਹੁਣ ਪੰਜਾਬ ਅੰਦਰੋਂ ਪੂੰਜੀਪਤੀ ਘਰਾਣਿਆ ਦੇ ਕਾਰੋਬਾਰਾਂ ਖਿਲਾਫ਼ ਅਵਾਜ਼ ਉੱਠਣ ਲੱਗੀ ਹੈ। ਪੰਜਾਬ ਅੰਦਰੋਂ ਅੰਬਾਨੀਆਂ ਦੇ ਚੱਲ ਰਹੇ ਰਿਲਾਇਸ ਪੰਪਾਂ ਅਤੇ ਜੀਓ ਦੇ ਮੁਬਾਇਲ ਸਿਮਾਂ ਦੇ ਬਾਈਕਾਟ ਦੀ ਮੁਹਿੰਮ ਸ਼ੋਸਲ ਮੀਡੀਆ ‘ਤੇ ਸਰਗਰਮ ਹੋ ਗਈ ਹੈ। ਕਿਸਾਨ ਧਿਰਾਂ ਨਾਲ ਜੁੜੇ ਨੌਜਵਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਮੋਦੀ ਦੇ ਚਹੇਤੇ ਇਨ੍ਹਾਂ ਪੂੰਜੀਪਤੀਆਂ ਦੇ ਕਾਰੋਬਾਰ ਠੱਪ ਹੋਣਗੇ ਤਦ ਹੀ ਇਨ੍ਹਾਂ ਦੀ ਅਕਲ ਟਿਕਾਣੇ ਆਵੇਗੀ। ਇਹ ਵੀ ਗੱਲ ਉੱਠਣ ਲੱਗੀ ਹੈ ਕਿ ਅੰਬਾਨੀਆਂ, ਅੰਡਾਨੀਆਂ ਦੇ ਬ੍ਰਾਂਡਡ ਸਾਮਾਨ ਦਾ ਬਾਈਕਾਟ ਕਰਕੇ ਆਮ ਚੀਜ਼ਾਂ ਨੂੰ ਅਪਣਾਉਣ ਵੱਲ ਆਉਣਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਅੰਦਰ ਖੇਤੀ ਬਿੱਲਾਂ ਦੇ ਮੁੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਵੱਡਾ ਰੋਹ ਜਾਗਿਆ ਹੋਇਆ ਹੈ। ਸੂਬੇ ਦੀਆਂ ਸਾਰੀਆਂ ਕਿਸਾਨ ਧਿਰਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਸਮੇਤ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਦੇ ਸਾਰੇ ਪਿੰਡਾਂ ਅੰਦਰ ਘਰ-ਘਰ ਇਸ ਬਿੱਲ ਦੇ ਵਿਰੋਧ ਦੇ ਹੀ ਚਰਚੇ ਹਨ। ਇੱਧਰ ਹੁਣ ਮੋਦੀ ਸਰਕਾਰ ਦੇ ਨਾਲ ਹੀ ਇਨ੍ਹਾਂ ਦੇ ਸੰਗੀ ਕਾਰਪੋਰੇਟ ਘਰਾਣਿਆਂ ਖਿਲਾਫ਼ ਵੀ ਪੰਜਾਬ ਅੰਦਰ ਰੋਹ ਉੱਠਣ ਲੱਗਾ ਹੈ। ਸ਼ੋਸਲ ਮੀਡੀਆ ‘ਤੇ ਅੰਬਾਨੀਆਂ, ਅੰਡਾਨੀਆਂ ਖਿਲਾਫ਼ ਮੈਸੇਜ਼ ਵਾਇਰਲ ਹੋ ਰਹੇ ਹਨ। ਇਨ੍ਹਾਂ ਮੈਸੇਜ਼ਾਂ ਵਿੱਚ ਸੱਦਾ ਦਿੱਤਾ ਗਿਆ ਹੈ ਕਿ ‘ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਸਾਥੀਓਂ, ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟ ਦੀਆਂ ਅੱਖਾਂ ਖੋਲ੍ਹਣ ਲਈ ਜੀਓ ਤੋਂ ਆਪਣੇ ਮੁਬਾਇਲ ਨੰਬਰ ਹੋਰ ਨੈੱਟਵਰਕ ‘ਚ ਤਬਦੀਲ ਕਰੋ ਅਤੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਪਵਾਉਣਾ ਬੰਦ ਕਰੋ।

ਜੇਕਰ ਇਨ੍ਹਾਂ ਦੀ ਆਰਥਿਕਤਾ ਨੂੰ ਸੱਟ ਵੱਜੇਗੀ, ਫੇਰ ਹੀ ਇਨ੍ਹਾਂ ਦੀ ਭੁੱਖ ਠੰਢੀ ਹੋਵੇਗੀ।’ ਇਸ ਤੋਂ ਇਲਾਵਾ ਇਹ ਗੱਲ ਵੀ ਉੱਠਣ ਲੱਗੀ ਹੈ ਕਿ ਬ੍ਰਾਂਡਡ ਸਮੇਤ ਮਲਟੀਨੈਸ਼ਨਲ ਕੰਪਨੀਆਂ ਦੇ ਸਾਮਾਨ ਦੀ ਥਾਂ ਆਮ ਪ੍ਰੋਡਕਟਾਂ ਦੀ ਵਰਤੋਂ ਕਰਨ ਵੱਲ ਆਉਣਾ ਸਮੇਂ ਦੀ ਮੰਗ ਹੈ। ਕਿਸਾਨ ਆਗੂ ਗੁਰਦੇਵ ਸਿੰਘ ਅਤੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਅਜ਼ਾਦੀ ਦੇ ਸੰਘਰਸ਼ ਮੌਕੇ ਵੀ ਅੰਗਰੇਜੀ ਹਕੂਮਤ ਦਾ ਬਾਈਕਾਟ ਕੀਤਾ ਗਿਆ ਸੀ, ਜਿਸ ਕਾਰਨ ਰਾਜ ਕਰਨ ਵਾਲੇ ਅੰਗਰੇਜ਼ਾਂ ਤੋਂ ਅਜ਼ਾਦੀ ਪਾਈ ਗਈ ਸੀ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਕਿ ਸਿਰਫ਼ ਪੂੰਜੀਪਤੀਆਂ ਦੇ ਹਿੱਤਾਂ ਬਾਰੇ ਹੀ ਸੋਚ ਰਹੀ ਹੈ ਅਤੇ ਕਿਸਾਨ ਅਤੇ ਹੋਰ ਵਰਗਾਂ ਨੂੰ ਇਨ੍ਹਾਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਬਹਾਦਰ ਲੋਕਾਂ ਨੂੰ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਇਨ੍ਹਾਂ ਦੇ ਸਮਾਨ ਦਾ ਬਾਈਕਾਟ ਕਰਕੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਨ੍ਹਾਂ ਘਰਾਣਿਆਂ ਦੇ ਮਹਿੰਗੇ ਪੈਸਟੀਸਾਈਡ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਕਿਸਾਨਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਜਵਾਨੀ ਜਾਗ ਗਈ ਹੈ ਅਤੇ ਕੇਂਦਰ ਸਰਕਾਰ ਸਮੇਤ ਇਨ੍ਹਾਂ ਦੇ ਚਹੇਤਿਆਂ ਨੂੰ ਸਬਕ ਸਿਖਾਉਣ ਦੇ ਰੋਹ ਵਿੱਚ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਬਿੱਲ ਦੇਸ਼ ਦੇ ਕਿਸਾਨਾਂ ਨੂੰ ਖਤਮ ਕਰਕੇ ਅੰਬਾਨੀਆਂ-ਅੰਡਾਨੀਆਂ ਦੀ ਮਰਜ਼ੀ ‘ਤੇ ਨਿਰਭਰ ਕਰਨਾ ਲੋਚਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਇਨ੍ਹਾਂ ਪੂੰਜੀਪਤੀਆਂ ਖਿਲਾਫ਼ ਵੱਡਾ ਅਸਰ ਕਰੇਗੀ।

ਪੂੰਜੀਪਤੀਆਂ ਖਿਲਾਫ਼ ਆਪ ਮੁਹਾਰੇ ਸ਼ੁਰੂ ਹੋ ਰਹੀ ਐ ਮੁਹਿੰਮ

ਪੰਜਾਬ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇੰਨ੍ਹਾਂ ਪੂੰਜੀਪਤੀਆਂ ਖਿਲਾਫ਼ ਇਹ ਮੁਹਿੰਮ ਆਪ ਮੁਹਾਰੇ ਹੀ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਯੂਥ ਜਾਣ ਗਿਆ ਹੈ ਕਿ ਇਹ ਖੇਤੀ ਬਿੱਲ ਮੋਦੀ ਸਰਕਾਰ ਨਹੀਂ ਸਗੋਂ ਅੰਬਾਨੀ-ਅੰਡਾਨੀ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਇੰਨ੍ਹਾਂ ਪੂੰਜੀਪਤੀਆਂ ਦੇ ਸਟੋਰ ਅਤੇ ਮਾਲ ਖੁੱਲ੍ਹ ਰਹੇ ਹਨ ਜੋ ਕਿ ਛੋਟੇ ਦੁਕਾਨਦਾਰ ਨੂੰ ਖਤਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਵਰਗ ਨਾਲ ਸਾਰੀਆਂ ਧਿਰਾਂ ਹੀ ਜੁੜੀਆਂ ਹੋਈਆਂ ਹਨ, ਜੇਕਰ ਕਿਸਾਨ ਹੀ ਨਾ ਰਿਹਾ ਤਾਂ ਫਿਰ ਇਹ ਵਰਗ ਵੀ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਰ ਵਰਗ ਨਾਲ ਜੁੜੇ ਨੌਜਵਾਨਾਂ ਨੂੰ ਇਹ ਸਮਝ ਆ ਗਈ ਹੈ ਕਿ ਅਜਿਹੇ ਘਰਾਣਿਆਂ ਨੂੰ ਇਨ੍ਹਾਂ ਦੀ ਬੋਲੀ ‘ਚ ਹੀ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਹੋ ਗਈ ਹੈ, ਇਸੇ ਤਰ੍ਹਾਂ ਇਨ੍ਹਾਂ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੀ ਮੁਹਿੰਮ ਆਪ ਮੁਹਾਰੇ ਜੋਰ ਫੜੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.